For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ ਏਅਰਲਾਈਨ ਵੱਲੋਂ ਟਰਬੂਲੈਂਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼

06:54 AM Jun 12, 2024 IST
ਸਿੰਗਾਪੁਰ ਏਅਰਲਾਈਨ ਵੱਲੋਂ ਟਰਬੂਲੈਂਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼
Advertisement

ਸਿੰਗਾਪੁਰ, 11 ਜੂਨ
ਸਿੰਗਾਪੁਰ ਏਅਰਲਾਈਨਜ਼ ਨੇ ਪਿਛਲੇ ਮਹੀਨੇ ਟਰਬੂਲੈਂਸ ਹਾਦਸੇ ਦਾ ਸ਼ਿਕਾਰ ਹੋਏ ਇੱਕ ਜਹਾਜ਼ ’ਚ ਸਵਾਰ 211 ਮੁਸਾਫ਼ਰਾਂ ਨੂੰ ਅੱਜ ਪੂਰਾ ਹਵਾਈ ਕਿਰਾਇਆ ਵਾਪਸ ਕਰਨ ਤੇ ਵਿੱਤੀ ਮੁਆਵਜ਼ੇ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਡਨ ਤੋਂ ਸਿੰਗਾਪੁਰ ਦੀ ਉਡਾਣ ’ਚ ਵਾਪਰੇ ਇਸ ਹਾਦਸੇ ’ਚ ਇਕ ਮੁਸਾਫ਼ਰ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਏਅਰਲਾਈਨਜ਼ ਨੇ ਇੱਕ ਬਿਆਨ ’ਚ ਕਿਹਾ ਕਿ ਬੀਤੇ ਦਿਨ ਮੁਸਾਫ਼ਰਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼ ਭੇਜ ਦਿੱਤੀ ਗਈ ਹੈ।
ਬਿਆਨ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ, ਉਨ੍ਹਾਂ ਨੂੰ ਮੁਆਵਜ਼ੇ ਵਜੋਂ 10 ਹਜ਼ਾਰ ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਇਸ ਹਾਦਸੇ ’ਚ ਗੰਭੀਰ ਸੱਟਾਂ ਵੱਜੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਹਾਲਤ ਦੇ ਹਿਸਾਬ ਨਾਲ ਮੁਆਵਜ਼ੇ ਬਾਰੇ ਚਰਚਾ ਲਈ ਸੱਦਾ ਦਿੱਤਾ ਗਿਆ ਹੈ। ਏਅਰਲਾਈਨਜ਼ ਨੇ ਕਿਹਾ, ‘ਜਿਨ੍ਹਾਂ ਮੁਸਾਫਰਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ, ਜਿਨ੍ਹਾਂ ਨੂੰ ਲੰਮਾ ਸਮਾਂ ਮੈਡੀਕਲ ਨਿਗਰਾਨੀ ਦੀ ਲੋੜ ਹੈ ਤੇ ਜੋ ਵਿੱਤੀ ਸਹਾਇਤਾ ਚਾਹੁੰਦੇ ਹਨ, ਉਨ੍ਹਾਂ ਦੀਆਂ ਤੁਰੰਤ ਲੋੜਾਂ ਦੀ ਪੂਰਤੀ ਲਈ 25 ਹਜ਼ਾਰ ਅਮਰੀਕੀ ਡਾਲਰ ਦੇ ਅਗਾਊਂ ਭੁਗਤਾਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਹ ਮੁਸਾਫ਼ਰਾਂ ਨੂੰ ਮਿਲਣ ਵਾਲੇ ਆਖਰੀ ਮੁਆਵਜ਼ੇ ਦਾ ਹੀ ਹਿੱਸਾ ਹੋਵੇਗਾ।’ ਉਡਾਣ ਨੰਬਰ ਐੱਸਕਿਊ321 ਦੇ ਸਾਰੇ ਮੁਸਾਫ਼ਰਾਂ ਨੂੰ ਹਵਾਈ ਕਿਰਾਏ ਦੀ ਪੂਰੀ ਰਾਸ਼ੀ ਵਾਪਸ ਕੀਤੀ ਜਾਵੇਗੀ, ਇਨ੍ਹਾਂ ’ਚ ਉਹ ਮੁਸਾਫ਼ਰ ਵੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਕੋਈ ਸੱਟ ਨਹੀਂ ਵੱਜੀ। ਮੀਡੀਆ ਰਿਪੋਰਟ ਅਨੁਸਾਰ ਇਸ ਜਹਾਜ਼ ’ਚ ਸਵਾਰ ਚਾਲਕ ਟੀਮ ਦੇ 18 ਮੈਂਬਰਾਂ ਲਈ ਮੁਆਵਜ਼ੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ ਤੋਂ ਸਿੰਗਾਪੁਰ ਜਾ ਰਹੀ ਉਡਾਣ ਨੰਬਰ ਐੱਸਕਿਊ321 ਨੂੰ 21 ਮਈ ਨੂੰ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਹਾਜ਼ ਨੂੰ ਹੰਗਾਮੀ ਹਾਲਤ ’ਚ ਬੈਂਕਾਕ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ ਸੀ। ਇਸ ਘਟਨਾ ’ਚ ਜਹਾਜ਼ ਇੰਨੀ ਬੁਰੀ ਤਰ੍ਹਾਂ ਲੜਖੜਾਇਆ ਸੀ ਕਿ ਮੁਸਾਫ਼ਰ ਤੇ ਚਾਲਕ ਦਲ ਦੇ ਮੈਂਬਰ ਜਹਾਜ਼ ਦੀ ਛੱਤ ਤੱਕ ਉਛਲ ਕੇ ਹੇਠਾਂ ਡਿੱਗੇ ਸਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×