ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਦਗੀ ਅਤੇ ਸਾਂਝ

09:02 AM Sep 11, 2023 IST

ਸੁਪਿੰਦਰ ਸਿੰਘ ਰਾਣਾ

Advertisement

ਚਾਰ ਕੁ ਦਹਾਕੇ ਪਹਿਲਾਂ ਪਿੰਡ ਛੱਡ ਕੇ ਸ਼ਹਿਰ ਆ ਵਸੇ ਪਰ ਸ਼ਹਿਰ ਵਿਚ ਜੀਅ ਨਾ ਲੱਗਣਾ। ਜੀਅ ਕਰਦਾ, ਪਿੰਡ ਦੌੜ ਚੱਲੀਏ। ਹੁਣ ਪਿੰਡ ਵਾਪਸ ਜਾਣਾ ਮੁਸ਼ਕਿਲ ਸੀ। ਸਾਰਾ ਕੁਝ ਵੇਚ ਕੇ ਤਾਂ ਇੱਥੇ ਪਹੁੰਚੇ ਸਾਂ। ਮਾਪਿਆਂ ਦੀ ਮਿਹਨਤ ਸਦਕਾ ਸ਼ਹਿਰ ਵਿਚ ਰਹਿਣਾ ਨਸੀਬ ਹੋਇਆ। ਹੌਲੀ ਹੌਲੀ ਗੁਆਂਢੀ ਵਧੀਆ ਮਿਲ ਗਏ ਅਤੇ ਜੀਅ ਵੀ ਲੱਗਣ ਲੱਗ ਪਿਆ। ਪਹਿਲਾਂ ਇੱਕ ਪਾਸੇ ਵਾਲਾ ਪਲਾਟ ਕਾਫ਼ੀ ਦੇਰ ਖਾਲੀ ਰਿਹਾ, ਫਿਰ ਬਿਜਲੀ ਬੋਰਡ ਵਿਚ ਲੱਗੇ ਅਧਿਕਾਰੀ ਨੇ ਲੈ ਲਿਆ। ਰੀਝ ਨਾਲ ਘਰ ਬਣਾਇਆ। ਅਸੀਂ ਵੀ ਖੁਸ਼ ਹੋਏ; ਚਲੋ ਦੂਜੇ ਪਾਸੇ ਵਾਲੇ ਵੀ ਗੁਆਂਢੀ ਆ ਗਏ। ਕਈ ਸਾਲ ਵਧੀਆ ਬੀਤ ਗਏ। ਮਗਰੋਂ ਬਿਜਲੀ ਬੋਰਡ ਵਾਲੇ ਅਧਿਕਾਰੀ ਨੇ ਮਕਾਨ ਵੇਚ ਦਿੱਤਾ। ਫਿਰ ਸੋਚਾਂ ਖੜ੍ਹੀਆਂ ਹੋ ਗਈਆਂ- ਨਵਾਂ ਗੁਆਂਢੀ ਕਿਵੇਂ ਦਾ ਹੋਵੇਗਾ? ਇਕ ਦਿਨ ਨਵੇਂ ਗੁਆਂਢੀ ਨੇ ਆਪਣੇ ਘਰ ਵਿਚ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ। ਮੀਆਂ ਬੀਵੀ, ਦੋ ਉਨ੍ਹਾਂ ਦੇ ਬੱਚੇ। ਟੱਬਰ ਦਾ ਮੁਖੀ ਜਗੀਰ ਸਿੰਘ ਜੰਡੂ ਪੰਜਾਬ ਸਿਵਲ ਸਕੱਤਰੇਤ ਵਿਚ ਉੱਚ ਅਹੁਦੇ ’ਤੇ ਸੀ। ਉਨ੍ਹਾਂ ਦੇ ਪਰਿਵਾਰ ਦੇ ਜੀਅ ਘਰੋਂ ਬਾਹਰ ਘੱਟ ਹੀ ਨਿਕਲਦੇ। ਖ਼ੈਰ! ਕੁਝ ਚਿਰ ਮਗਰੋਂ ਨਵੇਂ ਗੁਆਂਢੀਆਂ ਨਾਲ ਵੀ ਸਾਂਝ ਪੈ ਗਈ। ਸਾਰਾ ਮੁਹੱਲਾ ਹੁਣ ਪਿੰਡ ਹੀ ਜਾਪਦਾ ਸੀ। ਕੁਝ ਸਮੇਂ ਮਗਰੋਂ ਖ਼ਬਰ ਮਿਲੀ ਕਿ ਗੁਆਂਢੀ ਪੰਜਾਬ ਸਿਵਲ ਸਕੱਤਰੇਤ ਵਿਚੋਂ ਸੇਵਾ ਮੁਕਤ ਹੋ ਗਿਆ ਹੈ। ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਉਸ ਨੂੰ ਦਫ਼ਤਰ ਲਿਜਾਣ ਵਾਲੀ ਕਾਰ ਜਦੋਂ ਆਉਣਾ ਬੰਦ ਹੋ ਗਈ ਤਾਂ ਮੁਹੱਲਾ ਵਾਸੀਆਂ ਨੇ ਅੰਦਾਜ਼ਾ ਲਾਇਆ ਕਿ ਉਹ ਸੇਵਾ ਮੁਕਤ ਹੋ ਗਿਆ ਹੈ।
ਅਸਲ ਵਿਚ, ਉਹ ਬਹੁਤਾ ਕਿਸੇ ਨਾਲ ਬੋਲਦਾ ਨਹੀਂ ਸੀ। ਕੰਧ ਸਾਂਝੀ ਹੋਣ ਕਾਰਨ ਕਈ ਵਾਰ ਘਰੋਂ ਬਾਹਰ ਨਿਕਲਦਿਆਂ ਉਨ੍ਹਾਂ ਨਾਲ ਗੱਲਬਾਤ ਦਾ ਸਬਬ ਬਣਿਆ। ਗੱਲਾਂ ਤੋਂ ਜਾਪਿਆ ਕਿ ਉਹ ਇਕੱਲਾ ਰਹਿ ਕੇ ਖੁਸ਼ ਸੀ। ਪੜ੍ਹਨ ਦਾ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ। ਇੱਕ ਦਿਨ ਦੱਸਣ ਲੱਗਿਆ ਕਿ ਉਸ ਦਾ ਪਿੰਡ ਸਿੱਖਵਾਲਾ ਹੈ। ਇਹ ਪਿੰਡ ਪਹਿਲਾਂ ਫਿਰੋਜ਼ਪੁਰ ਜਿ਼ਲ੍ਹੇ ਵਿਚ ਸੀ ਅਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਚ ਹੈ। ਉਹਨੇ ਪਿੰਡ ਦੇ ਸਕੂਲ ਤੋਂ ਮਿਡਲ ਪਾਸ ਕੀਤੀ ਤਾਂ ਪੈਸਿਆਂ ਦੀ ਤੰਗੀ ਕਾਰਨ ਪੜ੍ਹਾਈ ਛੱਡਣੀ ਪਈ ਪਰ ਮੱਝਾਂ ਚਾਰਨ ਜਾਣ ਵੇਲੇ ਉਹ ਦੂਜੇ ਮੁੰਡਿਆਂ ਦੀਆਂ ਕਿਤਾਬਾਂ ਨਾਲ ਲੈ ਜਾਂਦਾ। ਉਥੇ ਕਿਤਾਬਾਂ ਪੜ੍ਹਦਿਆਂ ਉਸ ’ਤੇ ਅਜਿਹੇ ਸ਼ਖ਼ਸ ਦੀ ਸਵੱਲੀ ਨਜ਼ਰ ਪਈ ਕਿ ਉਸ ਦੀ ਜਿ਼ੰਦਗੀ ਹੀ ਬਦਲ ਗਈ। ਜੌਹਰੀ ਨੇ ਹੀਰਾ ਪਛਾਣ ਲਿਆ ਸੀ। ਇਸ ਸ਼ਖ਼ਸ ਨੇ ਉਸ ਨੂੰ ਮੁੜ ਪੜ੍ਹਨ ਲਈ ਪ੍ਰੇਰਿਆ ਅਤੇ ਉਹਦੇ ਪਰਿਵਾਰ ਦੇ ਜੀਆਂ ਨੂੰ ਰਾਜ਼ੀ ਕੀਤਾ। ਕਿਤਾਬਾਂ ਆਪਣੇ ਕੋਲੋਂ ਦਿੱਤੀਆਂ। ਇਸੇ ਸ਼ਖ਼ਸ ਜਿਸ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਚ ਨੌਕਰੀ ਮਿਲ ਗਈ ਸੀ, ਨੇ ਉਸ ਦੀ ਦਸਵੀਂ ਤੋਂ ਬਾਅਦ ਉਸ ਨੂੰ ਕਲਰਕ ਦੇ ਅਹੁਦੇ ਲਈ ਇਮਤਿਹਾਨ ਦੇਣ ਲਈ ਕਿਹਾ। ਉਸ ਵਕਤ ਉਸ ਦੇ ਮਨ ਵਿਚ ਇਹ ਸੀ ਕਿ ਜੇ ਨੌਕਰੀ ਮਿਲ ਗਈ ਤਾਂ ਫਿਰੋਜ਼ਪੁਰ ਤੇ ਬਠਿੰਡਾ ਵਿਚ ਹੀ ਕਰਨੀ ਹੈ, ਪਿੰਡ ਤੋਂ ਦੂਰ ਨਹੀਂ ਜਾਣਾ ਪਰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਉਸ ਨੂੰ ਉਡੀਕ ਰਿਹਾ ਸੀ। ਚਿੱਠੀ ਵਿਚ ਪਿਤਾ ਦਾ ਨਾਮ ਗ਼ਲਤ ਲਿਖਿਆ ਹੋਣ ਕਾਰਨ ਨੌਕਰੀ ਵਾਲੀ ਚਿੱਠੀ ਵਾਪਸ ਮੁੜ ਗਈ। ਜਦੋਂ ਪਿੰਡ ਦੇ ਉਸ ਦਿਆਨਤਦਾਰ ਸੱਜਣ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਪਿੰਡ ਸੁਨੇਹਾ ਭੇਜਿਆ ਅਤੇ ਤੁਰੰਤ ਚੰਡੀਗੜ੍ਹ ਆਉਣ ਲਈ ਕਿਹਾ। ਪਤਾ ਲੱਗਣ ’ਤੇ ਉਹ ਚੰਡੀਗੜ੍ਹ ਪਹੁੰਚ ਗਿਆ।
ਉਂਝ, ਆਪਣੇ ਪਿੰਡ ਵਾਲੇ ਸੱਜਣ ਦਾ ਘਰ ਲੱਭਣ ਲਈ ਉਸ ਨੂੰ ਕਾਫ਼ੀ ਖੱਜਲ ਹੋਣਾ ਪਿਆ। ਉਹ ਦੱਸਦਾ ਹੁੰਦਾ ਸੀ ਕਿ ਜਦੋਂ ਉਹ ਚੰਡੀਗੜ੍ਹ ਸੈਕਟਰ 23 ਪਹੁੰਚਿਆ ਤਾਂ ਮਾਲਕ ਮਕਾਨ ਤੋਂ ਵਾਕਫਕਾਰ ਬਾਰੇ ਪੁੱਛਿਆ। ਉਨ੍ਹਾਂ ਉਸ ਨੂੰ ਪਹਿਲੀ ਮੰਜਿ਼ਲ ’ਤੇ ਜਾਣ ਲਈ ਕਿਹਾ। ਘੰਟੀ ਮਾਰੀ। ਅੰਦਰੋਂ ਕੋਈ ਨਾ ਆਇਆ। ਭੁੱਖਣ-ਭਾਣਾ ਹੋਣ ਕਾਰਨ ਉਹ ਪੌੜੀਆਂ ਵਿਚ ਹੀ ਡਿੱਗ ਗਿਆ। ਮਗਰੋਂ ਉਸ ਦਾ ਮੁਲਾਹਜ਼ੇਦਾਰ ਉਸ ਨੂੰ ਅੰਦਰ ਲੈ ਗਿਆ। ਕਾਫ਼ੀ ਚਿਰ ਮਗਰੋਂ ਉਸ ਨੂੰ ਹੋਸ਼ ਆਈ। ਰੋਟੀ ਖਾਣ ਮਗਰੋਂ ਕੁਝ ਚਿਰ ਆਰਾਮ ਕੀਤਾ। ਜੋੜੀਦਾਰ ਨੇ ਕਿਹਾ, “ਕੱਲ੍ਹ ਆਪਾਂ ਤੇਰੇ ਦਫ਼ਤਰ ਜਾਣਾ ਹੈ। ਤੂੰ ਝੋਲੇ ਵਿਚ ਪੈਂਟ ਕਮੀਜ਼ ਲਿਆਂਦੀ ਹੋਣੀ ਹੈ, ਉਹ ਪਾ ਕੇ ਸਵੇਰੇ ਚੱਲਾਂਗੇ।”
“ਭਾਈ, ਇੱਕ ਕੁੜਤਾ ਪਜ਼ਾਮਾ ਮੈਂ ਪਾ ਕੇ ਆਇਆਂ, ਦੂਜਾ ਝੋਲੇ ਵਿਚ ਹੈ। ਪੈਂਟ ਕਮੀਜ਼ ਤਾਂ ਮੈਂ ਕਦੇ ਪਾਈ ਨਹੀਂ।”
“ਕੱਲ੍ਹ ਤੂੰ ਮੇਰੀ ਪੈਂਟ ਕਮੀਜ਼ ਪਾ ਲਈਂ। ਦਫ਼ਤਰ ਵਿਚ ਕੱਪੜੇ ਵਧੀਆ ਪਾ ਕੇ ਜਾਈਦਾ।”
“ਮੈਂ ਤਾਂ ਕੁੜਤਾ ਪਜ਼ਾਮਾ ਹੀ ਪਾ ਕੇ ਜਾਵਾਂਗਾ। ਇਸ ਪਹਿਰਾਵੇ ਵਿਚ ਆਪਣੇ ਆਪ ਨੂੰ ਸੌਖਾ ਸਮਝਦਾਂ।”
... ਤੇ ਦਫ਼ਤਰ ਵਿਚ ਉਹ ਪਹਿਲੇ ਦਿਨ ਕੁੜਤਾ ਪਜ਼ਾਮਾ ਪਾ ਕੇ ਹੀ ਗਿਆ। ਮਗਰੋਂ ਪਿੰਡ ਜਾ ਕੇ ਦੋ ਪੈਂਟ-ਕਮੀਜ਼ਾਂ ਸਵਾ ਲਿਆਇਆ। ਕੁਝ ਸਾਮਾਨ ਵੀ ਲਿਆਂਦਾ। ਕਮਰਾ ਕਿਰਾਏ ’ਤੇ ਲੈ ਲਿਆ। ਕੱਦ ਦੇ ਹਿਸਾਬ ਨਾਲ ਉਸ ਦਾ ਵਜ਼ਨ ਕਾਫ਼ੀ ਘੱਟ ਸੀ। ਜਦੋਂ ਕੋਈ ਉਸ ਨੂੰ ਆਖਦਾ, “ਸਿਹਤ ਵੀ ਠੀਕ ਐ।” ਉਹ ਅੱਗਿਉਂ ਜਵਾਬ ਦਿੰਦਾ, “ਮੇਰੀ ਸਿਹਤ ਨੂੰ ਕੀ ਹੋਇਆ? ਤੇਰੇ ਨਾਲੋਂ ਜਿ਼ਆਦਾ ਸਾਈਕਲ ਚਲਾਉਨਾ। ਤੇਰੇ ਨਾਲੋਂ ਵੱਧ ਕੰਮ ਕਰਨਾ। ਪਤਲਾ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਮਰੀਜ਼ ਹਾਂ।”
ਦਫ਼ਤਰ ਵਿਚ ਕੋਰਾ-ਕਰਾਰਾ ਹੋਣ, ਕੰਮ ਬਦਲੇ ਪੈਸਿਆਂ ਦੀ ਇੱਛਾ ਨਾ ਰੱਖਣ ਕਾਰਨ ਉਸ ਨੂੰ ਸਾਰੇ ਕਾਮਰੇਡ ਸੱਦਦੇ ਸਨ। ਇੱਕ ਵਾਰ ਉਸ ਦੇ ਦਫ਼ਤਰ ਦਾ ਚੌਥਾ ਦਰਜਾ ਮੁਲਾਜ਼ਮ ਮਿਲਿਆ। ਉਸ ਨੇ ਆਖਿਆ, “ਇਸ ਬੰਦੇ ਵਰਗਾ ਅਫਸਰ ਬਣਨਾ ਮੁਸ਼ਕਿਲ ਐ। ਪੌਣੇ ਕੁ ਪੰਜ ਵਜੇ ਉਨ੍ਹਾਂ ਚਾਹ ਦਾ ਕੱਪ ਮੰਗਵਾਉਣਾ ਤੇ ਫਿਰ ਫਾਈਲਾਂ ਦਾ ਕੰਮ ਕਰਨ ਮਗਰੋਂ ਕਿਤਾਬਾਂ ਪੜ੍ਹੀ ਜਾਣਾ। ਕੌਣ ਕਰੂ ਉਨ੍ਹਾਂ ਦੀਆਂ ਰੀਸਾਂ।” ਖੋਰਾ-ਕਰਾਰਾ ਹੋਣ ਕਾਰਨ ਉਸ ਦਾ ਮਿਲਵਰਤਣ ਵੀ ਅਜਿਹੇ ਬੰਦਿਆਂ ਨਾਲ ਹੀ ਸੀ। ਕਈ ਵਾਰ ਮੈਂ ਅੱਧੀ ਰਾਤੀਂ ਦਫ਼ਤਰੋਂ ਘਰ ਆਉਣਾ ਤਾਂ ਮੁਹੱਲੇ ਦੀ ਸੜਕ ’ਤੇ ਉਹ ਇਕੱਲਾ ਘੁੰਮਦਾ ਦਿਖਾਈ ਦਿੰਦਾ। ਇੰਝ ਜਾਪਦਾ, ਜਿਵੇਂ ਮੁਹੱਲੇ ਦਾ ਪਹਿਰੇਦਾਰ ਹੋਵੇ। ਸਵੇਰੇ ਦੇਰ ਨਾਲ ਉਠਦਾ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੇ ਫੇਫੜੇ ਸੁੰਗੜਨ ਅਤੇ ਸੋਡੀਅਮ ਘਟਣ ਕਾਰਨ ਸ਼ਾਇਦ ਉਸ ਨੂੰ ਅਨੀਂਦਰਾ ਰਹਿੰਦਾ ਸੀ। ਮਗਰੋਂ ਡਾਕਟਰਾਂ ਨੂੰ ਸੋਡੀਅਮ ਦੀ ਘਾਟ ਬਾਰੇ ਤਾਂ ਪਤਾ ਲੱਗ ਗਿਆ ਪਰ ਫੇਫਡਿ਼ਆਂ ਦੀ ਮਰਜ਼ ਉਨ੍ਹਾਂ ਨੂੰ ਸਮਝ ਨਾ ਪਈ।
ਉਸ ਨੂੰ ਕਿਤਾਬਾਂ ਤੇ ਅਖਬਾਰ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ। ਸਾਡੇ ਮੁਹੱਲੇ ਵਿਚ ਉਸ ਦੇ ਘਰ ਸਭ ਤੋਂ ਜਿ਼ਆਦਾ ਅਖ਼ਬਾਰ ਆਉਂਦੇ ਸਨ। ਉਹ ਆਖਦਾ ਹੁੰਦਾ ਸੀ ਜਦੋਂ ਤੱਕ ਅਖ਼ਬਾਰ ਨਾ ਪੜ੍ਹਾਂ, ਕੁਝ ਚੰਗਾ ਨਹੀਂ ਲਗਦਾ। ਚੰਡੀਗੜ੍ਹ ਆ ਕੇ ਪਹਿਲਾਂ ਉਸ ਨੇ ਪ੍ਰੈੱਪ ਕੀਤੀ। ਮਗਰੋਂ ਬੀਏ ਐੱਲਐੱਲਬੀ ਪੰਜਾਬ ਯੂਨੀਵਰਸਿਟੀ ਤੋਂ ਈਵਨਿੰਗ ਜਮਾਤਾਂ ਜ਼ਰੀਏ ਕੀਤੀ। ਫੇਰ ਉਰਦੂ ਸਿੱਖਣ ਦਾ ਸ਼ੌਕ ਜਾਗਿਆ। ਚੰਡੀਗੜ੍ਹ ਦੇ ਐੱਸਡੀ ਕਾਲਜ ਵਿਚ ਸ਼ਾਮ ਵੇਲੇ ਉਰਦੂ ਦੀਆਂ ਜਮਾਤਾਂ ਲਾਈਆਂ। ਉਸ ਦਾ ਪੁੱਤਰ ਅਤੇ ਨੂੰਹ ਹੁਣ ਪੰਜਾਬ ਸਿਵਲ ਸਕੱਤਰੇਤ ਵਿਚ ਨੌਕਰੀ ਕਰ ਰਹੇ ਹਨ। ਇਤਫਾਕ ਦੇਖੋ, ਛੇ ਸਾਲ ਪਹਿਲਾਂ ਜਿਸ ਤਾਰੀਖ਼ ਨੂੰ ਪਿਤਾ ਜੀ ਦੀ ਮੌਤ ਹੋਈ, ਉਸੇ ਦਿਨ ਉਨ੍ਹਾਂ ਦੀ ਮੌਤ ਹੋਈ, ਫਿਰ ਭੋਗ ਵੀ ਉਸੇ ਦਿਨ। ਉਸ ਦਾ ਸਾਦਾ ਜੀਵਨ, ਪੜ੍ਹਨ ਦਾ ਸ਼ੌਕ ਅਤੇ ਮੂੰਹ ’ਤੇ ਗੱਲ ਕਹਿਣ ਵਰਗੇ ਗੁਣ ਚਿਰਾਂ ਤੱਕ ਯਾਦ ਰਹਿਣਗੇ।
ਸੰਪਰਕ: 98152-33232

Advertisement
Advertisement