For the best experience, open
https://m.punjabitribuneonline.com
on your mobile browser.
Advertisement

ਸਾਦਗੀ ਅਤੇ ਚੋਣਾਂ

06:05 AM May 29, 2024 IST
ਸਾਦਗੀ ਅਤੇ ਚੋਣਾਂ
Advertisement

ਹਰਭਜਨ ਸਿੰਘ ਭੋਤਨਾ

Advertisement

ਉਦੋਂ ਮੈਂ 10 ਕੁ ਸਾਲ ਦਾ ਸੀ। ਸਾਡੇ ਹਲਕੇ ਭਦੌੜ (ਬਰਨਾਲਾ) ਦੀ ਜਿ਼ਮਨੀ ਚੋਣ ਹੋਣੀ ਸੀ। ਇਸ ਤੋਂ ਪਹਿਲਾਂ ਇੱਥੋਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਆਗੂ ਹਰਨਾਮ ਸਿੰਘ ਚਮਕ ਜਿੱਤ ਚੁੱਕੇ ਸਨ। ਉਸ ਤੋਂ ਬਾਅਦ ਕੋਈ ਐਸਾ ਗੇੜ ਚੱਲਿਆ ਕਿ ਹਰਨਾਮ ਸਿੰਘ ਚਮਕ ਦੀ ਚੋਣ ਰੱਦ ਹੋ ਗਈ।
1964 ਵਿੱਚ ਅਸੀਂ ਅਪਰੈਲ ਦੇ ਮਹੀਨੇ ਅਗਲੀਆਂ ਕਲਾਸਾਂ ਵਿੱਚ ਹੋ ਗਏ ਪਰ ਪੜ੍ਹਾਈ ਅਜੇ ਸ਼ੁਰੂ ਨਹੀਂ ਹੋਈ ਸੀ। ਇੱਕ ਦਿਨ ਸਾਡੇ ਸਕੂਲ ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਸਮਾਗਮ ਰੱਖਿਆ ਗਿਆ। ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਦੇਸ਼ਭਗਤੀ ਦੇ ਗੀਤ ਗਾਏ। ਫਿਰ ਮੁੱਖ ਮੰਤਰੀ ਸਕੂਲ ਦੇ ਕਮਰੇ ਵਿੱਚ ਸੂਤ ਦੇ ਬਣਾਏ ਮੰਜੇ ’ਤੇ ਆਰਾਮ ਕਰਨ ਲਈ ਸੌਂ ਗਏ। ਸਕੂਲ ਨਾਲ ਚੜ੍ਹਦੇ ਵੱਲ ਜੋ ਬੀਹੀ ਸੀ, ਉੱਧਰੋਂ ਕਮਰੇ ਵਿੱਚ ਮੋਰੀਆਂ ਸਨ। ਉੱਥੇ ਖੜ੍ਹ ਕੇ ਅਸੀਂ ਨਿਆਣਿਆਂ ਨੇ ਰਾਜਾ (ਮੁੱਖ ਮੰਤਰੀ) ਦੇਖਿਆ, ਮਸਾਂ 4 ਫੁੱਟ ਦੀ ਦੂਰੀ ਤੋਂ। ਉਦੋਂ ਬੱਚੇ ਮੁੱਖ ਮੰਤਰੀ ਨੂੰ ਰਾਜਾ ਕਹਿੰਦੇ ਹੁੰਦੇ ਸੀ। ਕੋਈ ਸਕਿਓਰਿਟੀ ਨਹੀਂ ਸੀ। ਕਿਸੇ ਨੇ ਸਾਨੂੰ ਰੋਕਿਆ ਨਹੀਂ। ਫਿਰ ਕਿਸੇ ਹੋਰ ਦਿਨ ਵਜ਼ੀਰ ਪੰਡਤ ਮੋਹਨ ਲਾਲ ਆਏ, ਫਿਰ ਗੁਰਬੰਤਾ ਸਿੰਘ ਘਰ-ਘਰ ਫਿਰ ਕੇ ਵੋਟਾਂ ਮੰਗਦੇ ਦੇਖੇ। ਕਿਸੇ ਹੋਰ ਰਾਤ ਮਿੱਟੀ ਦੇ ਤੇਲ ਦੇ ਲੈਪਾਂ ਦੇ ਚਾਨਣੇ ਸੁਰਿੰਦਰ ਸਿੰਘ ਕੈਰੋਂ ਜਲਸਾ ਕਰ ਗਏ।
ਕਮਿਊਨਿਸਟ ਪਾਰਟੀ ਦੇ ਲੀਡਰਾਂ ਨੂੰ ਅਸੀਂ ਨਹੀਂ ਜਾਣਦੇ ਸੀ ਪਰ ਦਲੀਪ ਸਿੰਘ ਮਸਤ ਜਲਾਲਦੀਵਾਲ ਦੇ ਡਰਾਮੇ ਸਾਨੂੰ ਚੰਗੇ ਲਗਦੇ ਸੀ। ਕਦੇ-ਕਦੇ ਟਰਾਲੀ ਵਿੱਚ ਭਰੇ ਆਮ ਲੋਕ ‘ਇਨਕਲਾਬ ਜਿ਼ੰਦਾਬਾਦ’ ਦੇ ਨਾਅਰੇ ਮਾਰਦੇ ਸਾਡੇ ਘਰਾਂ ਮੂਹਰੇ ਦੀ ਲੰਘਦੇ, ਕਾਰਾਂ ਤਾਂ ਵਜ਼ੀਰ ਆਉਣ ’ਤੇ ਹੀ ਦੇਖਣ ਨੂੰ ਮਿਲਦੀਆਂ ਹੁੰਦੀਆਂ ਸਨ।
ਇੱਕ ਦਿਨ ਪਿੰਡ ਦੇ ਸਿਆਣੇ ਅਤੇ ਅਸੀਂ ਨਿਆਣੇ ਪਿੰਡ ਦੇ ਬੱਸ ਅੱਡੇ ’ਤੇ ਬੈਠੇ ਕਿਸੇ ਮੰਤਰੀ ਦੀ ਉਡੀਕ ਕਰ ਰਹੇ ਸੀ ਕਿ ਚੂੰਘਾ ਦੇ ਕੱਚੇ ਰਾਹ ਤੋਂ ਜੀਪ ਸੜਕ ਚੜ੍ਹੀ। ਇਸ ਦੇ ਦੋਵੇਂ ਪਾਸੇ ਪੀਲੇ ਰੰਗ ਦੇ ਝੰਡੇ ਲੱਗੇ ਹੋਏ ਸਨ। ਇਸ ਰੰਗ ਦੇ ਝੰਡੇ ਅਸੀਂ ਪਹਿਲੀ ਵਾਰ ਦੇਖ ਕੇ ਹੈਰਾਨ ਹੋਏ। ਸਾਡੇ ਤਾਂ ਤਿਰੰਗੇ ਅਤੇ ਲਾਲ ਝੰਡੇ ਹੀ ਪ੍ਰਚੱਲਤ ਸਨ। ਨੇੜੇ ਆਏ ਤਾਂ ਪਤਵੰਤਿਆਂ ਨੇ ਸਿਆਣ ਕੱਢੀ: ਉਹ ਤਾਂ ਸੰਤ ਫਤਿਹ ਸਿੰਘ ਸਨ, ਅਕਾਲੀ ਦਲ ਦੇ ਪ੍ਰਧਾਨ। ਉਨ੍ਹਾਂ ਨਾਲ ਡਰਾਇਵਰ ਕਿੱਕਰ ਸਿੰਘ ਜੋ ਬਾਅਦ ਵਿੱਚ ਬਠਿੰਡੇ ਤੋਂ ਬਣਿਆ। ਸ਼੍ਰੋਮਣੀ ਕਮੇਟੀ ਦੇ ਦੋ ਪ੍ਰਚਾਰਕ ਨਿੱਕਾ ਸਿੰਘ ਪੱਖੋਕੇ ਅਤੇ ਕੁੰਦਨ ਸਿੰਘ ਪਤੰਗ ਸਨ ਜੋ ਬਾਅਦ ਵਿੱਚ ਮੰਤਰੀ ਬਣੇ। ਇਨ੍ਹਾਂ ਨਾਲ ਕੋਈ ਸੁਰੱਖਿਆ ਗਾਰਦ ਨਹੀਂ ਸੀ।
ਸੰਤਾਂ ਪਤਵੰਤਿਆਂ ਦਾ ਸਤਿਕਾਰ ਕੀਤਾ ਗਿਆ ਤੇ ਪੱਤੀ ਸੇਖਵਾਂ ਦੀ ਧਰਮਸਾਲਾ ਲੈ ਗਏ। ਉੱਥੇ ਕਿਸੇ ਮਾਈ ਨੇ ਮੰਜਾ ਡਾਹ ਕੇ ਚਾਦਰ ਵਿਛਾ ਦਿੱਤੀ। ਸੰਤ ਮੰਜੇ ’ਤੇ ਬੈਠ ਗਏ। ਕੁੰਦਨ ਸਿੰਘ ਪਤੰਗ ਨੇ ਬਿਨਾ ਲਾਊਡ ਸਪੀਕਰ ਤੋਂ ਪ੍ਰਚਾਰ ਕੀਤਾ ਜੋ ਸਾਨੂੰ ਬੱਚਿਆਂ ਨੂੰ ਸਮਝ ਨਾ ਆਇਆ।
ਇੰਨੀਆਂ ਸਾਦੀਆਂ ਸਨ ਉਸ ਵੇਲੇ ਦੀਆਂ ਚੋਣਾਂ।
ਸੰਪਰਕ: 77197-66917

Advertisement
Author Image

joginder kumar

View all posts

Advertisement
Advertisement
×