ਸਿਮਰਜੀਤ ਕੌਰ ਨੇ ਮਾਨਸਾ ਨੂੰ ਮੁੜ ਸੁਰਖੀਆਂ ’ਚ ਲਿਆਂਦਾ
ਜੋਗਿੰਦਰ ਸਿੰਘ ਮਾਨ
ਮਾਨਸਾ 26 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਕਲਾਸ ਦੇ ਅੱਜ ਲੇਟ ਆਏ ਕੁਝ ਨਤੀਜਿਆਂ ਨੇ ਮਾਨਸਾ ਜ਼ਿਲ੍ਹੇ ਨੂੰ ਫਿਰ ਪੰਜਾਬ ਦੀਆਂ ਸੁਰਖੀਆਂ ਵਿੱਚ ਲਿਆਂਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਮਾਰਟ ਸਕੂਲ ਬੁਢਲਾਡਾ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ 449/450 ਅੰਕ ਪ੍ਰਾਪਤ ਕਰਕੇ ਇਸ ਜ਼ਿਲ੍ਹੇ ਦੀ ਕਾਰਗੁਜ਼ਾਰੀ ਨੂੰ ਹੋਰ ਰੰਗ ਭਾਗ ਲਾਏ ਹਨ। ਇਸ ਤੋਂ ਪਹਿਲਾਂ ਸਰਕਾਰੀ ਸੈਕੰਡਰੀ ਸਕੂਲ ਬਾਜੇਵਾਲਾ ਅਤੇ ਰਿਉਂਦ ਕਲਾਂ ਦੀਆਂ ਦੋਨੋਂ ਵਿਦਿਆਰਥਣਾਂ ਨੇ 448/450 ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਧੁੰਮ ਪਾਈ ਹੋਈ ਹੈ। ਹੁਣ ਇੱਕ ਨੰਬਰ ਦੇ ਵਾਧੇ ਨੇ ਮਾਨਸਾ ਦੇ ਸਰਕਾਰੀ ਸਕੂਲਾਂ ਨੂੰ ਹੋਰ ਸਿਖਰਾਂ ਤੇ ਲਿਆਂਦਾ ਹੈ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ 449 ਨੰਬਰ ਲੈਣ ਵਾਲੀ ਸਿਮਰਜੀਤ ਕੌਰ ਪੁੱਤਰੀ ਸਤਨਾਮ ਸਿੰਘ ,ਵਾਸੀ ਬੁਢਲਾਡਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀ ਬਾਗੋ-ਬਾਗ ਹਨ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਨੂੰ ਬੂਰ ਪੈਣ ਲੱਗਿਆ ਹੈ। ਸਮਾਰਟ ਸਿੱਖਿਆ ਨੀਤੀ, ਮਿਸ਼ਨ ਸਤ ਪ੍ਰਤੀਸ਼ਤ ਅਤੇ ਸਵੇਰੇ ਸ਼ਾਮੀ ਲਾਈਆਂ ਕਲਾਸਾਂ ਹੁਣ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਾਸ ਆਉਣ ਲੱਗੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਭਾਗ ਦੀ ਯੋਜਨਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈਟੈੱਕ ਸਹੂਲਤਾਂ ਵਾਲੇ ਸਰਕਾਰੀ ਸਕੂਲ ਦੀ ਅਸਲ ਪੜ੍ਹਾਈ ਦੇ ਮਾਇਨੇ ਹੁਣ ਆ ਰਹੇ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਹੋਰਨਾਂ ਮਾਪਿਆਂ ਨੂੰ ਵੀ ਸਮਝ ਪੈਣਗੇ।