ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੁੱਪ, ਬੋਲ ਅਤੇ ਬਹਿਸ

12:22 PM Apr 14, 2024 IST

ਪ੍ਰਿੰਸੀਪਲ ਵਿਜੈ ਕੁਮਾਰ

ਬੁੱਧੀਮਾਨ ਲੋਕ ਚੁੱਪ ਰਹਿੰਦੇ ਹਨ, ਸਮਝਦਾਰ ਬੋਲਦੇ ਹਨ ਅਤੇ ਮੂਰਖ ਬਹਿਸ ਕਰਦੇ ਹਨ। ਇਹ ਵਾਕ ਮਨੁੱਖੀ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਿਆਂ ਇਹ ਨਸੀਹਤ ਵੀ ਦਿੰਦਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਕਿਵੇਂ ਜਿਊਣੀ ਚਾਹੀਦੀ ਹੈ। ਮੂਰਖ ਸ਼ਬਦ ਬਾਰੇ ਨਾ ਕੁਝ ਦੱਸਣ ਦੀ ਲੋੜ ਹੈ ਤੇ ਨਾ ਹੀ ਸਮਝਾਉਣ ਦੀ। ਦੋ ਸ਼ਬਦ ਬੁੱਧੀਮਾਨ ਅਤੇ ਸਮਝਦਾਰ ਸਮਾਨਾਰਥਕ ਹੋਣ ਦਾ ਭੁਲੇਖਾ ਪਾਉਂਦੇ ਹਨ। ਜੇਕਰ ਮਨੁੱਖੀ ਜ਼ਿੰਦਗੀ ਨਾਲ ਜੁੜੇ ਇਨ੍ਹਾਂ ਦੋਵੇਂ ਸ਼ਬਦਾਂ ਦੀ ਡੂੰਘਾਈ ਨੂੰ ਵਾਚਿਆ ਜਾਵੇ ਤਾਂ ਇਹ ਦੋਵੇਂ ਸ਼ਬਦ ਮਨੁੱਖੀ ਸੁਭਾਅ ਅਤੇ ਉਸ ਦੇ ਜ਼ਿੰਦਗੀ ਜਿਊਣ ਦੇ ਨਜ਼ਰੀਏ ਬਾਰੇ ਬਹੁਤ ਕੁਝ ਸਪੱਸ਼ਟ ਕਰਦੇ ਹਨ। ਬੁੱਧੀਮਾਨ ਵਿਆਕਤੀ ਸਭ ਕੁਝ ਸਮਝਦਾ ਹੋਇਆ ਵੀ ਉਸ ਨੂੰ ਪ੍ਰਗਟਾਉਣ ਦੀ ਜ਼ਰੂਰਤ ਨਹੀਂ ਸਮਝਦਾ। ਉਹ ਲੋੜ ਪੈਣ ਵੇਲੇ, ਕਿਸੇ ਵੱਲੋਂ ਸਲਾਹ ਮੰਗਣ ਅਤੇ ਉਸ ਤੋਂ ਕੁਝ ਪੁੱਛਣ ’ਤੇ ਹੀ ਸਬੰਧਿਤ ਵਿਸ਼ੇ ਬਾਰੇ ਬੋਲਦਾ ਹੈ। ਬੁੱਧੀਮਾਨ ਵਿਅਕਤੀ ਕਦੇ ਵੀ ਆਪਣੇ ਬੁੱਧੀਮਾਨ ਹੋਣ ਦਾ ਦਿਖਾਵਾ ਨਹੀਂ ਕਰਦਾ। ਉਹ ਲੋਕਾਂ ਨੂੰ ਇਹ ਨਹੀਂ ਸਮਝਾਉਣਾ ਚਾਹੁੰਦਾ ਕਿ ਉਸ ਕੋਲ ਸਭ ਕੁਝ ਬਹੁਤ ਛੇਤੀ ਸਮਝਣ ਵਾਲੀ ਅਕਲ ਹੈ। ਬੁੱਧੀਮਾਨ ਲੋਕ ਆਤਮ-ਸੰਜਮੀ, ਸਬਰ ਸੰਤੋਖ ਵਾਲੇ ਅਤੇ ਗੰਭੀਰ ਹੁੰਦੇ ਹਨ। ਉਨ੍ਹਾਂ ਦੀ ਕਦੇ ਵੀ ਇਹ ਇੱਛਾ ਨਹੀਂ ਹੁੰਦੀ ਕਿ ਲੋਕ ਉਨ੍ਹਾਂ ਨੂੰ ਬੁੱਧੀਮਾਨ ਹੋਣ ਦਾ ਸਰਟੀਫਿਕੇਟ ਦੇਣ। ਉਨ੍ਹਾਂ ਦੀ ਗਿਆਨਵਾਨ ਹੋਣ ਦੀ ਭੁੱਖ ਕਦੇ ਸ਼ਾਂਤ ਨਹੀਂ ਹੁੰਦੀ। ਸਮਝਦਾਰ ਲੋਕ ਮੂਰਖਾਂ ਵਰਗੇ ਤਾਂ ਨਹੀਂ ਹੁੰਦੇ ਪਰ ਉਨ੍ਹਾਂ ’ਚ ਬੁੱਧੀਮਾਨ ਲੋਕਾਂ ਵਰਗੀ ਤੇਜ਼ ਸਮਝ ਵੀ ਨਹੀਂ ਹੁੰਦੀ। ਉਨ੍ਹਾਂ ਨੂੰ ਬੁੱਧੀਮਾਨ ਹੋਣ ਦਾ ਘੁਮੰਡ ਵੀ ਨਹੀਂ ਹੁੰਦਾ। ਦੁਨੀਆ ਦੀ ਪ੍ਰਸਿੱਧ ਮਨੋਵਿਗਿਆਨੀ ਕੈਨਡਰਾ ਚੈਰੀ ਦਾ ਕਹਿਣਾ ਹੈ ਕਿ ਮਨੁੱਖ ਬੁੱਧੀਮਾਨ ਆਪਣੇ ਵੰਸ਼ ਤੋਂ ਮਿਲੀ ਬੌਧਿਕ ਸਮਰੱਥਾ ਤੋਂ ਵੀ ਹੋ ਸਕਦਾ ਹੈ ਪਰ ਉਹ ਸਮਝਦਾਰ ਸਿੱਖਿਆ ਪ੍ਰਾਪਤ ਕਰਕੇ, ਗਿਆਨ ਹਾਸਲ ਕਰਕੇ, ਪੁਸਤਕਾਂ ਪੜ੍ਹ ਕੇ ਅਤੇ ਜ਼ਿੰਦਗੀ ਦੇ ਤਜਰਬੇ ਤੋਂ ਵੀ ਹੋ ਸਕਦਾ ਹੈ। ਬੁੱਧੀਮਾਨ ਵਿਅਕਤੀ ਸਮਝਦਾਰ ਵਿਅਕਤੀ ਨਾਲੋਂ ਕਿਸੇ ਵੀ ਮਸਲੇ ਨੂੰ ਛੇਤੀ ਸਮਝਦਾ ਹੈ। ਸਮਝਦਾਰ ਲੋਕਾਂ ਦੇ ਮਨਾਂ ਵਿੱਚ ਇਹ ਤਾਂਘ ਹੁੰਦੀ ਹੈ ਕਿ ਲੋਕ ਉਨ੍ਹਾਂ ਦੇ ਸਮਝਦਾਰ ਹੋਣ ਦੀ ਚਰਚਾ ਕਰਨ, ਉਨ੍ਹਾਂ ਨੂੰ ਦਾਦ ਦੇਣ। ਉਨ੍ਹਾਂ ਨੂੰ ਬਿਨਾਂ ਮੌਕੇ ਅਤੇ ਬਿਨਾਂ ਲੋੜ ਤੋਂ ਲੋਕਾਂ ਨੂੰ ਸਲਾਹ ਦੇਣ ਦੀ ਆਦਤ ਵੀ ਹੁੰਦੀ ਹੈ। ਉਨ੍ਹਾਂ ਨੂੰ ਇੰਜ ਵੀ ਜਾਪਦਾ ਹੈ ਕਿ ਉਨ੍ਹਾਂ ਜਿੰਨਾ ਕਿਸੇ ਨੂੰ ਗਿਆਨ ਹੀ ਨਹੀਂ ਹੈ। ਜੇਕਰ ਕੋਈ ਵਿਅਕਤੀ ਦੂਜਿਆਂ ਨੂੰ ਬਿਨਾਂ ਮੰਗੇ ਗਿਆਨ ਅਤੇ ਸਲਾਹ ਪਰੋਸਦਾ ਹੈ ਤਾਂ ਕਈ ਵਾਰ ਉਸ ਬਾਰੇ ਲੋਕਾਂ ਦੀ ਇਹ ਰਾਇ ਵੀ ਬਣ ਜਾਂਦੀ ਹੈ ਕਿ ਉਹ ਐਵੇਂ ਲੋਕਾਂ ਨੂੰ ਸਲਾਹਾਂ ਵੰਡੀ ਜਾਂਦਾ ਹੈ। ਉਹ ਆਪਣੇ ਆਪ ਨੂੰ ਬਹੁਤ ਸਮਝਦਾਰ ਅਤੇ ਗਿਆਨੀ ਸਮਝਦਾ ਹੈ। ਜੇਕਰ ਉਸ ਦੀ ਦਿੱਤੀ ਸਲਾਹ ਨੂੰ ਕੋਈ ਨਾ ਮੰਨੇ ਅਤੇ ਉਸ ਵੱਲੋਂ ਦਿਖਾਈ ਸਮਝਦਾਰੀ ਨਾਲ ਸਹਿਮਤ ਨਾ ਹੋਵੇ ਤਾਂ ਉਸ ਦੇ ਮਨ ਵਿੱਚ ਤਲਖ਼ੀ ਪੈਦਾ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।
ਦੋਵੇਂ ਧਿਰਾਂ ਵਿੱਚ ਬਹਿਸ ਹੋਣ ਦੀ ਨੌਬਤ ਵੀ ਆ ਜਾਂਦੀ ਹੈ। ਉਨ੍ਹਾਂ ਦੇ ਸਬੰਧਾਂ ਵਿੱਚ ਵਿਗਾੜ ਵੀ ਪੈਦਾ ਹੋ ਜਾਂਦਾ ਹੈ। ਲੋਕ ਪਿੱਠ ਪਿੱਛੇ ਉਸ ਬਾਰੇ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਬੁੱਧੀਮਾਨ ਚੁੱਪ ਰਹਿ ਕੇ ਅਜਿਹੇ ਹਾਲਾਤ ਤੋਂ ਬਚਿਆ ਰਹਿੰਦਾ ਹੈ। ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗ ਸਮਝਦਾਰ ਹੋਣ ਨਾਲੋਂ ਬੁੱਧੀਮਾਨ ਹੁੰਦੇ ਹਨ, ਉਨ੍ਹਾਂ ਦਾ ਪਰਿਵਾਰਕ ਮਾਹੌਲ ਸੁਖਾਵਾਂ ਹੁੰਦਾ ਹੈ। ਜਿਹੜੇ ਅਦਾਰਿਆਂ ਦੇ ਮੁਖੀ ਆਪਣੇ ਮਾਤਹਿਤਾਂ ਨਾਲ ਬੁੱਧੀਮਾਨ ਬਣ ਕੇ ਵਿਚਰਦੇ ਹਨ, ਉਹ ਬਹੁਤ ਹੀ ਸਫਲ ਪ੍ਰਬੰਧਕ ਮੰਨੇ ਜਾਂਦੇ ਹਨ। ਜਿਹੜੇ ਪਤੀ ਪਤਨੀ ਇੱਕ-ਦੂਜੇ ਨਾਲ ਸਮਝਦਾਰ ਬਣਨ ਦੀ ਬਜਾਏ ਬੁੱਧੀਮਾਨ ਬਣ ਕੇ ਜ਼ਿੰਦਗੀ ਬਸਰ ਕਰਦੇ ਹਨ ਉਨ੍ਹਾਂ ਦੇ ਸਬੰਧਾਂ ਵਿੱਚ ਵਿਗਾੜ ਬਹੁਤ ਘੱਟ ਪੈਂਦਾ ਹੈ। ਬਿਨਾਂ ਗਿਆਨ, ਸਮਝ ਅਤੇ ਜਾਣਕਾਰੀ ਤੋਂ ਹਰ ਮਸਲੇ ਅਤੇ ਸਮੱਸਿਆ ਬਾਰੇ ਦੂਜਿਆਂ ਨਾਲ ਬਹਿਸ ਕਰਨਾ ਮੂਰਖ ਲੋਕਾਂ ਦੇ ਸੁਭਾਅ ਦਾ ਹਿੱਸਾ ਅਤੇ ਆਦਤ ਹੁੰਦੀ ਹੈ। ਮੂਰਖ ਲੋਕਾਂ ਦੀ ਇਸ ਆਦਤ ਕਾਰਨ ਹੀ ਲੜਾਈ ਝਗੜੇ ਦੀ ਨੌਬਤ ਪੈਦਾ ਹੁੰਦੀ ਹੈ। ਇਤਿਹਾਸ ਦਾ ਪ੍ਰਸਿੱਧ ਵਿਦਵਾਨ ਚਾਣਕਿਆ ਇੱਕ ਸਭਾ ’ਚ ਸੰਬੋਧਨ ਕਰਦਿਆਂ ਕਹਿੰਦਾ ਹੈ ਕਿ ਵੇਖਣ ਨੂੰ ਸਾਰੇ ਵਿਅਕਤੀ ਇੱਕੋ ਜਿਹੇ ਲੱਗਦੇ ਹਨ ਪਰ ਬੁੱਧੀਮਾਨ, ਸਮਝਦਾਰ ਅਤੇ ਮੂਰਖਾਂ ’ਚ ਵਖਰੇਵਾਂ ਉਦੋਂ ਹੁੰਦਾ ਹੈ ਜਦੋਂ ਮੂਰਖ ਲੋਕ ਬਿਨਾਂ ਮਤਲਬ ਦੀ ਬਹਿਸ ਛੇੜ ਕੇ ਫਸਾਦ ਖੜ੍ਹੇ ਕਰ ਦਿੰਦੇ ਹਨ। ਮੂਰਖ ਲੋਕ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਨ। ਉਨ੍ਹਾਂ ਨੂੰ ਕੋਈ ਪੁੱਛੇ ਜਾਂ ਨਾ, ਉਹ ਦੂਜਿਆਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਨ ਤੋਂ ਰਹਿ ਨਹੀਂ ਸਕਦੇ। ਇੱਕ ਮੂਰਖ ਵਿਅਕਤੀ ਹੀ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਅਤੇ ਅਦਾਰਿਆਂ ਦਾ ਮਾਹੌਲ ਵਿਗਾੜ ਦਿੰਦਾ ਹੈ। ਉਹ ਮੂਰਖ ਲੋਕ ਹੀ ਹੁੰਦੇ ਹਨ ਜੋ ਸਿਆਸੀ ਪਾਰਟੀਆਂ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਉਣ ਹਿੱਤ ਮੁਫ਼ਤ ਦੀ ਬੇਲੋੜੀ ਬਹਿਸ ਵਿੱਚ ਪੈ ਕੇ ਲੜਾਈ ਝਗੜੇ ਖੜ੍ਹੇ ਕਰ ਲੈਂਦੇ ਹਨ। ਕਈ ਵਾਰ ਤਾਂ ਗੱਲ ਥਾਣਿਆਂ ਕਚਹਿਰੀਆਂ ’ਚ ਜਾ ਕੇ ਮਾਮਲਾ ਨਜਿੱਠਣ ਤੱਕ ਪਹੁੰਚ ਜਾਂਦੀ ਹੈ। ਜ਼ਿਆਦਾਤਰ ਲੜਾਈ ਝਗੜੇ ਮੂਰਖ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਬਹਿਸ ਦੀ ਹੀ ਉਪਜ ਹੁੰਦੇ ਹਨ। ਸਾਡੇ ਪਿੰਡ ਦੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਦੋ ਨੌਜਵਾਨ ਕਿਸੇ ਸਿਆਸੀ ਮਸਲੇ ਨੂੰ ਲੈ ਕੇ ਆਪਸ ’ਚ ਬਹਿਸ ਪਏ। ਬਹਿਸ ਲੜਾਈ ਝਗੜੇ ਤੋਂ ਮਾਰ ਕੁਟਾਈ ਤੱਕ ਪਹੁੰਚ ਗਈ। ਸੱਤਾਧਾਰੀ ਪਾਰਟੀ ਵਾਲੇ ਲੀਡਰਾਂ ਨੇ ਵਿਰੋਧੀ ਪਾਰਟੀ ਵਾਲੇ ਨੌਜਵਾਨ ਉੱਤੇ ਪਰਚਾ ਕਰਵਾ ਕੇ ਉਸ ਨੂੰ ਅਦਾਲਤਾਂ ਦੀਆਂ ਤਰੀਕਾਂ ਭੁਗਤਣ ਜੋਗਾ ਕਰ ਦਿੱਤਾ। ਵਿਰੋਧੀ ਪਾਰਟੀ ਦੇ ਜਿਸ ਲੀਡਰ ਦਾ ਉਹ ਨੌਜਵਾਨ ਪੱਖ ਲੈ ਰਿਹਾ ਸੀ, ਉਹ ਪਾਰਟੀ ਬਦਲ ਕੇ ਸੱਤਾਧਾਰੀ ਪਾਰਟੀ ਵਿੱਚ ਚਲਾ ਗਿਆ ਪਰ ਉਸ ਨੌਜਵਾਨ ਉੱਤੇ ਅਜੇ ਵੀ ਕੇਸ ਚੱਲ ਰਿਹਾ ਹੈ। ਬੁੱਧੀਮਾਨ ਲੋਕ ਕਿਸੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਉਸ ਬਾਰੇ ਇਹ ਸੋਚ ਵਿਚਾਰ ਜ਼ਰੂਰ ਕਰਦੇ ਹਨ ਕਿ ਕਿੰਨੇ ਕੁ ਲੋਕਾਂ ਦੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਹੋਵੇਗੀ ਤੇ ਉਨ੍ਹਾਂ ਉੱਤੇ ਉਸ ਦਾ ਕੀ ਪ੍ਰਭਾਵ ਹੋਵੇਗਾ ਪਰ ਸਮਝਦਾਰ ਲੋਕ ਆਪਣਾ ਪੱਖ ਰੱਖਣ ਜਾਂ ਸਲਾਹ ਦੇਣ ਵੇਲੇ ਇੰਨੀ ਡੂੰਘਾਈ ਨਾਲ ਨਹੀਂ ਸੋਚਦੇ।
ਮੂਰਖ ਤਦ ਹੀ ਸਮਝਦਾਰ ਬਣ ਸਕਦਾ ਹੈ, ਜੇਕਰ ਉਹ ਖਾਹ-ਮਖਾਹ ਦੀ ਬਹਿਸ ਕਰਨੀ ਛੱਡ ਕੇ ਬੁੱਧੀਮਾਨ ਅਤੇ ਸਮਝਦਾਰ ਲੋਕਾਂ ਤੋਂ ਗਿਆਨ ਹਾਸਲ ਕਰਦਾ ਹੈ, ਹੈਂਕੜਬਾਜ਼ੀ ਛੱਡ ਕੇ ਆਪਣੀਆਂ ਖ਼ਾਮੀਆਂ ਬਾਰੇ ਆਤਮ-ਚਿੰਤਨ ਕਰਦਾ ਹੈ। ਸਮਝਦਾਰ ਵਿਅਕਤੀ ਬੁੱਧੀਮਾਨ ਤਦ ਹੀ ਕਹਾ ਸਕਦਾ ਹੈ, ਜੇਕਰ ਉਹ ਬੁੱਧੀਮਾਨ ਅਤੇ ਸਮਝਦਾਰ ਹੋਣ ਵਿੱਚ ਪਾਏ ਜਾਣ ਵਾਲੇ ਫ਼ਰਕ ਨੂੰ ਅਨੁਭਵ ਕਰਕੇ ਆਪਣੇ ਆਪ ਨੂੰ ਬੁੱਧੀਮਾਨਾਂ ਦੀ ਸ਼੍ਰੇਣੀ ’ਚ ਸ਼ਾਮਿਲ ਕਰਨ ਲਈ ਯਤਨਸ਼ੀਲ ਹੁੰਦਾ ਹੈ। ਜਿਸ ਦੇਸ਼ ਅਤੇ ਸਮਾਜ ਵਿੱਚ ਬੁੱਧੀਮਾਨ ਅਤੇ ਸਮਝਦਾਰ ਲੋਕਾਂ ਦੀ ਨਫ਼ਰੀ ਜਿੰਨੀ ਜ਼ਿਆਦਾ ਹੁੰਦੀ ਹੈ, ਉਹ ਓਨੀ ਹੀ ਵੱਧ ਤਰੱਕੀ ਕਰਦੇ ਹਨ। ਉਨ੍ਹਾਂ ਵਿੱਚ ਲੜਾਈ ਝਗੜੇ ਅਤੇ ਫਸਾਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਪਰ ਮੂਰਖਾਂ ਦੀ ਵੱਧ ਗਿਣਤੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਅੜਿੱਕਾ ਵੀ ਹੁੰਦੀ ਹੈ ਅਤੇ ਉਹ ਸ਼ਾਂਤੀ ਤੇ ਸਦਭਾਵਨਾ ਵਾਲਾ ਮਾਹੌਲ ਵੀ ਨਹੀਂ ਰਹਿਣ ਦਿੰਦੇ। ਮਹਾਨ ਚਿੰਤਕ ਜੌਨ ਲੋਕੇ ਕਹਿੰਦਾ ਹੈ ਕਿ ਬੁੱਧੀਮਾਨ ਇਸ ਤੱਥ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਾ ਹੈ ਕਿ ਹਰ ਕਿਸੇ ਅੰਦਰ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ, ਇਸ ਲਈ ਮੱਛੀ ਜੰਗਲ ਵਿੱਚ ਤੈਰ ਨਹੀਂ ਸਕਦੀ, ਸ਼ੇਰ ਪਾਣੀ ਵਿੱਚ ਰਾਜ ਨਹੀਂ ਕਰ ਸਕਦਾ, ਇਸ ਲਈ ਹਰ ਵਿਅਕਤੀ ਦੀ ਆਪਣੀ ਅਹਿਮੀਅਤ ਹੁੰਦੀ ਹੈ। ਸਮਝਦਾਰ ਤੱਥ ਉੱਤੇ ਆਪਣੀ ਸਮਝ ਵਿਖਾਉਂਦਿਆਂ ਇਸ ਉੱਤੇ ਕਿੰਤੂ-ਪ੍ਰੰਤੂ ਕਰਦਾ ਹੈ ਪਰ ਮੂਰਖ ਇਸ ਉੱਤੇ ਬਹਿਸ ਕਰਨੀ ਸ਼ੁਰੂ ਕਰ ਦਿੰਦਾ ਹੈ। ਬੁੱਧੀਮਾਨ ਦੂਜੇ ਲੋਕਾਂ ਦੇ ਉਪਯੋਗੀ ਵਿਚਾਰਾਂ ਦੀ ਕਦਰ ਕਰਦਾ ਹੈ, ਉਨ੍ਹਾਂ ਤੋਂ ਹੋਰ ਸਿੱਖਣ ਦਾ ਯਤਨ ਵੀ ਕਰਦਾ ਹੈ, ਸਮਝਦਾਰ ਆਪਣੀ ਸਮਝ ਵਿਖਾਉਣ ਲਈ ਉਨ੍ਹਾਂ ਉੱਤੇ ਪ੍ਰਸ਼ਨ ਚੁੱਕਦਾ ਹੈ ਪਰ ਮੂਰਖ ਉਨ੍ਹਾਂ ਉੱਤੇ ਬੇਲੋੜੀ ਬਹਿਸ ਕਰਨ ਲੱਗਦਾ ਹੈ।

Advertisement

ਸੰਪਰਕ: 98726-27136

Advertisement
Advertisement
Advertisement