ਨੌਕਰੀਆਂ ਲਈ ਸਿੱਖ ਦੰਗਾ ਪੀੜਤਾਂ ਨੂੰ ਵਿਦਿਅਕ ਯੋਗਤਾ ’ਚ ਮਿਲੇਗੀ ਛੋਟ
* ਮਲਟੀ ਟਾਸਕਿੰਗ ਸਟਾਫ਼ ਦੀ ਵਿਦਿਅਕ ਯੋਗਤਾ 10ਵੀਂ ਤੋਂ ਘਟਾ ਕੇ 8ਵੀਂ ਕੀਤੀ
* ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰ ਜਾਂ ਮ੍ਰਿਤਕ ਉਮੀਦਵਾਰ ਦੇ ਵਾਰਸਾਂ ਨੂੰ ਵੀ ਮਿਲੇਗਾ ਮੌਕਾ
ਨਵੀਂ ਦਿੱਲੀ, 1 ਨਵੰਬਰ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ’84 ਦੇ ਸਿੱਖ ਦੰਗਾ ਪੀੜਤਾਂ ਨੂੰ ਮਲਟੀ ਟਾਸਕਿੰਗ ਸਟਾਫ਼ ਦੀ ਪੋਸਟ ਲਈ ਹੋਣ ਵਾਲੀ ਭਰਤੀ ਵਿਚ ਵਿਦਿਅਕ ਯੋਗਤਾ ਵਿਚ ਛੋਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਪ ਰਾਜਪਾਲ ਦੀ ਪ੍ਰਵਾਨਗੀ ਮਗਰੋਂ ਐੱਮਟੀਐੈੱਸ ਦੀ ਪੋਸਟ ਲਈ ਘੱਟੋ-ਘੱਟ ਵਿਦਿਅਕ ਯੋਗਤਾ ਹੁਣ ਦਸਵੀਂ ਤੋਂ ਘਟਾ ਕੇ ਅੱਠਵੀਂ ਰਹਿ ਗਈ ਹੈ ਤੇ ਇਸ ਫੈਸਲੇ ਨਾਲ ਵੱਡੀ ਗਿਣਤੀ ਉਮੀਦਵਾਰ ਇਸ ਪੋਸਟ ਲਈ ਯੋਗ ਹੋ ਜਾਣਗੇ। ਅਧਿਕਾਰੀਆਂ ਮੁਤਾਬਕ ਇਹ ਫੈਸਲਾ ਦਹਾਕਿਆਂ ਤੋਂ ਲਟਕਿਆ ਸੀ। ਇਸ ਦੇ ਨਾਲ ਹੀ ਉਪ ਰਾਜਪਾਲ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਦੰਗਾ ਪੀੜਤਾਂ ਦੇ ਬੱਚਿਆਂ ਜਾਂ ਉਮਰ ਹੱਦ ਲੰਘਾ ਚੁੱਕੇ ਉਮੀਦਵਾਰਾਂ ਨੂੰ ਮਾਨਵੀ ਅਧਾਰ ’ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਉੱਤੇ ਗੌਰ ਕਰਨ। ਸਕਸੈਨਾ ਨੇ ਮਾਲੀਆ ਵਿਭਾਗ ਵੱਲੋਂ ਸ਼ਨਾਖ਼ਤ ਕੀਤੇ ਤੇ ਬਾਕੀ ਬਚਦੇ ਉਮੀਦਵਾਰਾਂ ਨੂੰ ਐੱਮਟੀਐੱਸ ਦੀ ਪੋਸਟ ਲਈ ਵਿਦਿਅਕ ਯੋਗਤਾ ਵਿਚ ਪੂਰੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਰਾਜ ਨਿਵਾਸ ਨੇ ਕਿਹਾ ਕਿ ਅਜਿਹੇ ਕੇਸ ਜਿੱਥੇ ਉਮੀਦਵਾਰ ਦੀ ਮੌਤ ਹੋ ਗਈ ਜਾਂ ਉਮਰ ਵਿਚ ਛੋਟ ਦੇ ਬਾਵਜੂਦ ਉਹ ਨੌਕਰੀ ਲਈ ਉਮਰ ਦੀ ਹੱਦ ਪਾਰ ਕਰ ਗਿਆ ਹੈ ਤਾਂ ਅਜਿਹੀ ਸਥਿਤੀ ਵਿਚ ਵਿਭਾਗ ਉਸ ਉਮੀਦਵਾਰ ਦੇ ਕਿਸੇ ਇਕ ਬੱਚੇ ਨੂੰ ਰੁਜ਼ਗਾਰ ਦੇੇਣ ਲਈ ਅਰਜ਼ੀਆਂ ਭੇਜੇਗਾ। ਰਾਜ ਨਿਵਾਸ ਨੇ ਕਿਹਾ ਕਿ ਇਹ ਫੈਸਲਾ ਸਬੰਧਤ ਕੇਸਾਂ ’ਤੇ ਵਿਆਪਕ ਨਜ਼ਰਸਾਨੀ ਤੋਂ ਬਾਅਦ ਹੀ ਲਿਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਬੰਦੀਆਂ ਤੇ ਪੀੜਤਾਂ ਦੇ ਵਫ਼ਦ ਨੇ ਉਪ ਰਾਜਪਾਲ ਨਾਲ ਮੁਲਾਕਾਤ ਕਰਕੇ ਮਸਲਾ ਿਵਚਾਰਨ ਦੀ ਮੰਗ ਕੀਤੀ ਸੀ। -ਪੀਟੀਆਈ