ਸਿੱਖ ਕਤਲੇਆਮ: ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਅਗਸਤ
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਵੱਲੋਂ ਮਾਮਲੇ ’ਤੇ 13 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਕਿਹਾ ਕਿ ਟਾਈਟਲਰ ਵਿਰੁੱਧ ਮੁਕੱਦਮਾ ਚਲਾਉਣ ਲਈ ਪੁਖ਼ਤਾ ਸਬੂਤ ਹਨ।
ਇੱਕ ਗਵਾਹ ਨੇ ਪਹਿਲਾਂ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਟਾਈਟਲਰ ਪਹਿਲੀ ਨਵੰਬਰ, 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਚਿੱਟੀ ਅੰਬੈਸਡਰ ਕਾਰ ਵਿੱਚੋਂ ਬਾਹਰ ਆਇਆ ਸੀ ਅਤੇ ਉਸ ਨੇ ‘ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰ ਦਿੱਤਾ ਹੈ’ ਆਖ ਕੇ ਭੀੜ ਨੂੰ ਭੜਕਾਇਆ ਸੀ। ਭੀੜ ਦੇ ਹਮਲੇ ’ਚ ਤਿੰਨ ਸਿੱਖ ਮਾਰੇ ਗਏ ਸਨ। ਅਦਾਲਤ ਨੇ ਗ਼ੈਰ-ਕਾਨੂੰਨੀ ਇਕੱਠ, ਦੰਗੇ, ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣ, ਘਰ ਵਿਚ ਘੁਸਪੈਠ ਅਤੇ ਚੋਰੀ ਸਮੇਤ ਕਈ ਅਪਰਾਧਾਂ ਲਈ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ।
ਸੁਪਰੀਮ ਕੋਰਟ ਦੇ ਵਕੀਲ ਅਤੇ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਲੜਨ ਵਾਲੇ ਐਚਐੱਸ ਫੂਲਕਾ ਨੇ ਦੱਸਿਆ ਕਿ 1984 ਵਿੱਚ ਗੁਰਦੁਆਰਾ ਪੁਲ ਬੰਗਸ਼ ਨੇੜੇ ਤਿੰਨ ਸਿੱਖ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਮਾਰੇ ਗਏ ਸਨ ਤੇ ਭੀੜ ਨੇ ਪੁਲ ਬੰਗਸ਼ ਗੁਰਦੁਆਰਾ ਸਾੜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗਵਾਹਾਂ ਵਿੱਚੋਂ ਹਰਪਾਲ ਕੌਰ ਬੇਦੀ, ਹਰਵਿੰਦਰ ਸਿੰਘ ਅਤੇ ਅਬਦੁੱਲ ਵਾਜਿਦ ਨੇ ਟਾਈਟਲਰ ਖ਼ਿਲਾਫ਼ ਗਵਾਹੀ ਦਿੱਤੀ ਸੀ, ਜਦੋਂ ਕਿ ਇਕ ਹੋਰ ਗਵਾਹ ਗਿਆਨੀ ਸੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਹੁਕਮਾਂ ਦਾ ਸਵਾਗਤ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਖੀਰ 40 ਸਾਲਾਂ ਬਾਅਦ ਸਿੱਖ ਕੌਮ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। -ਟਨਸ