ਰਿਆਸੀ ਹਮਲੇ ਦੇ ਸੰਕੇਤ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਰਿਆਸੀ ਖੇਤਰ ਵਿੱਚ ਯਾਤਰੀ ਬੱਸ ’ਤੇ ਕੀਤੇ ਅਤਿਵਾਦੀ ਹਮਲੇ ਵਿੱਚ 9 ਮੌਤਾਂ ਅਤੇ 33 ਹੋਰਨਾਂ ਦੇ ਜ਼ਖ਼ਮੀ ਹੋਣ ਦੀ ਵਾਪਰੀ ਘਟਨਾ ਇਹ ਦਰਸਾਉਂਦੀ ਹੈ ਕਿ ਇਸ ਇਲਾਕੇ ਅੰਦਰ ਅਤਿਵਾਦ ਦੀ ਲਹਿਰ ਅਜੇ ਮੁੱਕਣ ਦਾ ਨਾਂ ਨਹੀਂ ਲੈ ਰਹੀ। ਹਮਲਾਵਰ ਏਕੇ 47 ਰਾਈਫਲਾਂ ਅਤੇ ਐੱਮ4 ਕਾਰਬਾਈਨਾਂ ਨਾਲ ਲੈਸ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਬੱਸ ਚਾਲਕ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਬੱਸ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗੀ ਅਤੇ ਇਹ ਜਾਨੀ ਨੁਕਸਾਨ ਹੋਇਆ। ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਵਾਦੀ ਵਿਚਲੇ ਅਤਿਵਾਦ ਨੇ ਹੁਣ ਮੁਕਾਮੀ ਤੋਂ ਵਿਦੇਸ਼ੀ ਰੂਪ ਧਾਰਨ ਕਰ ਲਿਆ ਹੈ ਅਤੇ ਇਸ ਵੇਲੇ ਕਰੀਬ 80 ਵਿਦੇਸ਼ੀ ਅਤਿਵਾਦੀ ਇਸ ਇਲਾਕੇ ਵਿੱਚ ਸਰਗਰਮ ਦੱਸੇ ਜਾਂਦੇ ਹਨ। ਇਸ ਕਰ ਕੇ ਸੁਰੱਖਿਆ ਦਸਤਿਆਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਕਿਉਂਕਿ ਵਿਦੇਸ਼ੀ ਅਤਿਵਾਦੀ ਬੇਕਿਰਕੀ ਦਾ ਨਵਾਂ ਪੱਧਰ ਲੈ ਕੇ ਆਉਂਦੇ ਹਨ। ਰਿਆਸੀ ਵਿੱਚ ਹੋਏ ਇਸ ਹਮਲੇ ਵਿੱਚ ਨਵੀਨਤਮ ਹਥਿਆਰਾਂ ਦੀ ਵਰਤੋਂ ਸੰਕੇਤ ਦਿੰਦੀ ਹੈ ਕਿ ਅਤਿਵਾਦ ਦਾ ਖ਼ਤਰਾ ਵਧ ਗਿਆ ਹੈ। ਇਸ ਤੋਂ ਇਲਾਵਾ ਇਸ ਦਾ ਇਹ ਮਤਲਬ ਵੀ ਕੱਢਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਅਮਨ ਅਤੇ ਸਥਿਰਤਾ ਵਿੱਚ ਖਲਲ ਪੈਣ ਦੇ ਆਸਾਰ ਵਧ ਰਹੇ ਹਨ। ਇਸੇ ਕਰ ਕੇ ਮੁਕਾਮੀ ਆਬਾਦੀ ਅਤੇ ਸੈਲਾਨੀਆਂ ਦੇ ਮਨਾਂ ਵਿੱਚ ਸਹਿਮ ਹੈ।
ਹਮਲੇ ਪਿੱਛੋਂ ਸੁਰੱਖਿਆ ਦਸਤੇ ਤਾਇਨਾਤ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਸਰਕਾਰ ਦੀ ਸਰਗਰਮ ਪਹੁੰਚ ਦਾ ਪਤਾ ਲਗਦਾ ਹੈ ਪਰ ਘਟਨਾ ਮੰਗ ਕਰਦੀ ਹੈ ਕਿ ਸੁਰੱਖਿਆ ਨੇਮਾਂ, ਖ਼ਾਸਕਰ ਆਮ ਨਾਗਰਿਕਾਂ ਅਤੇ ਸੈਲਾਨੀਆਂ ਦੀ ਆਮਦੋ-ਰਫ਼ਤ ਵਾਲੇ ਅਜਿਹੇ ਨਾਜ਼ੁਕ ਖੇਤਰਾਂ ਬਾਰੇ ਪ੍ਰਬੰਧਾਂ ਦਾ ਗਹਿਰਾ ਮੁਤਾਲਿਆ ਕੀਤਾ ਜਾਵੇ। ਦਹਿਸ਼ਤੀ ਗਤੀਵਿਧੀਆਂ ’ਚ ਹਾਲੀਆ ਵਾਧਾ ਜਿਸ ਵਿੱਚ ਫੌਜੀ ਵਾਹਨਾਂ ’ਤੇ ਘਾਤ ਲਾ ਕੇ ਕੀਤੇ ਹਮਲੇ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਿਲ ਹੈ, ਸੰਕੇਤ ਕਰਦਾ ਹੈ ਕਿ ਅਤਿਵਾਦੀ ਸੰਗਠਨ ਖੇਤਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਕੇ ਹਾਲਾਤ ਆਮ ਕਰਨ ਦੇ ਸਰਕਾਰ ਦੇ ਯਤਨਾਂ ’ਚ ਵਿਘਨ ਪਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਮੰਤਵ ਜਮਹੂਰੀ ਪ੍ਰਕਿਰਿਆਵਾਂ ਨੂੰ ਅਸਥਿਰ ਕਰਨਾ ਵੀ ਹੋ ਸਕਦਾ ਹੈ।
ਇਸ ਚੁਣੌਤੀਪੂਰਨ ਮਾਹੌਲ ਵਿੱਚ ਮੁਕਾਮੀ ਲੋਕਾਂ ਅਤੇ ਦਿਹਾਤੀ ਸੁਰੱਖਿਆ ਗਾਰਡਾਂ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ। ਬੱਸ ਪੀੜਤਾਂ ਨੂੰ ਬਚਾਉਣ ਲਈ ਇਨ੍ਹਾਂ ਵੱਲੋਂ ਕੀਤੀ ਫੌਰੀ ਕਾਰਵਾਈ ਦਰਸਾਉਂਦੀ ਹੈ ਕਿ ਜਨਤਾ ਆਧਾਰਿਤ ਇਨ੍ਹਾਂ ਰੱਖਿਆ ਤੰਤਰਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਜਿਹੇ ਹਮਲਿਆਂ ਖਿ਼ਲਾਫ਼ ਇਹ ਅਹਿਮ ਰੱਖਿਆ ਕਤਾਰ ਵਜੋਂ ਕੰਮ ਕਰ ਸਕਦੇ ਹਨ। ਜੰਮੂ ਤੇ ਕਸ਼ਮੀਰ ਇਸ ਵਕਤ ਖ਼ਤਰਨਾਕ ਸਮਿਆਂ ਵਿੱਚੋਂ ਲੰਘ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਰੱਖਿਆ ਵਧਾਉਣ ਦੇ ਲਿਹਾਜ਼ ਤੋਂ ਕਦਮ ਚੁੱਕੇ ਅਤੇ ਲੋਕਾਂ ਵਿਚਾਲੇ ਏਕੇ ਤੇ ਡਟੇ ਰਹਿਣ ਦੀ ਭਾਵਨਾ ਨੂੰ ਹੁਲਾਰਾ ਦੇਵੇ। ਸਥਾਨਕ ਲੋਕਾਂ ਦੀਆਂ ਖ਼ਾਹਿਸ਼ਾਂ ਦੇ ਰਾਹ ਵਿੱਚ ਅਤਿਵਾਦ ਨੂੰ ਅਡਿ਼ੱਕਾ ਨਹੀਂ ਬਣਨ ਦੇਣਾ ਚਾਹੀਦਾ।