ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਔਰਤਾਂ ਦੀ ਮੈਰਾਥਨ ਜਿੱਤੀ
ਪੈਰਿਸ, 11 ਅਗਸਤ
ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਅੱਜ ਇੱਥੇ ਪੈਰਿਸ ਖੇਡਾਂ ’ਚ ਟਿਗਸਟ ਅਸੈਫਾ ਨੂੰ ਪਛਾੜਦਿਆਂ ਓਲੰਪਿਕ ਰਿਕਾਰਡ ਨਾਲ ਔਰਤਾਂ ਦੀ ਮੈਰਾਥਨ ਜਿੱਤ ਲਈ। ਉਸ ਨੇ 2 ਘੰਟੇ 22 ਮਿੰਟ ਅਤੇ 55 ਸਕਿੰਟਾਂ ਦਾ ਸਮਾਂ ਕੱਢ ਕੇ ਓਲੰਪਿਕ ਰਿਕਾਰਡ ਬਣਾਇਆ ਤੇ ਟਿਗਸਟ ਅਸੈਫਾ ਨੂੰ ਪਿੱਛੇ ਛੱਡਦਿਆਂ ਸੋਨ ਤਗ਼ਮਾ ਜਿੱਤਿਆ। ਇਸ ਦੌੜ ’ਚ ਇਥੋਪੀਆ ਦੀ ਅਸੈਫਾ ਨੇ ਚਾਂਦੀ ਦਾ ਅਤੇ ਕੀਨੀਆ ਦੀ ਹੈਲੇਨ ਓਬਿਰੀ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਥੋਪੀਆ ’ਚ ਜਨਮੀ ਹਸਨ ਨੈਦਰਲੈਂਡਜ਼ ਲਈ ਖੇਡਦੀ ਹੈ।
ਉਂਜ ਸਿਫਾਨ ਹਸਨ ਦਾ ਪੈਰਿਸ ਓਲੰਪਿਕ ’ਚ ਇਹ ਤੀਜਾ ਤਗਮਾ ਹੈ। ਪਹਿਲਾਂ ਉਸ ਨੇ 5,000 ਅਤੇ 10,000 ਮੀਟਰ ਦੌੜ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਹਸਨ ਦੇ ਨਾਂ ਛੇ ਓਲੰਪਿਕ ਤਗ਼ਮੇ ਹੋ ਗਏ ਹਨ। ਉਸ ਨੇ ਟੋਕੀਓ ਓਲੰਪਿਕ ’ਚ 5,000 ਅਤੇ 10,000 ਮੀਟਰ ਦੌੜ ’ਚ ਸੋਨ ਤਗ਼ਮੇ ਜਿੱਤੇ ਸਨ ਜਦਕਿ 1,500 ਮੀਟਰ ’ਚ ਉਸ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਦੱਸਣਯੋਗ ਹੈ ਕਿ ਓਲੰਪਿਕ ਖੇਡਾਂ ’ਚ ਰਵਾਇਤ ਨੂੰ ਤੋੜਦਿਆਂ ਔਰਤਾਂ ਦੀ ਮੈਰਾਥਨ ਪਹਿਲੀ ਵਾਰ ਖੇਡਾਂ ਦੇ ਆਖਰੀ ਦਿਨ ਕਰਵਾਈ ਗਈ ਜਦਕਿ ਪਹਿਲਾਂ ਪੁਰਸ਼ਾਂ ਦੀ ਮੈਰਾਥਨ ਖੇਡਾਂ ਦੇ ਆਖਰੀ ਦਿਨ ਕਰਵਾਈ ਜਾਂਦੀ ਸੀ। -ਪੀਟੀਆਈ