ਸ਼ਿਆਮ ਬੈਨੇਗਲ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਮੁੰਬਈ, 24 ਦਸੰਬਰ
ਮਸ਼ਹੂਰ ਫਿਲਮਸਾਜ਼ ਸ਼ਿਆਮ ਬੈਨੇਗਲ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਿੰਨ ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਉਹ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ 14 ਦਸੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ।
ਉਨ੍ਹਾਂ ਦਾ ਅੰਤਿਮ ਸਸਕਾਰ ਦਾਦਰ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ’ਚ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਹੋਇਆ। ਬੈਨੇਗਲ ਦੀ ਪਤਨੀ ਨੀਰਾ ਤੇ ਧੀ ਪੀਆ ਨਾਲ ਉਨ੍ਹਾਂ ਦੇ ਸਮਕਾਲੀ ਸਹਿਯੋਗੀ, ਸਹਿਕਰਮੀ ਤੇ ਨੌਜਵਾਨ ਪੀੜ੍ਹੀ ਦੇ ਅਦਾਕਾਰ ਤੇ ਕਲਾਕਾਰ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਗੀਤਕਾਰ ਗੁਲਜ਼ਾਰ ਨੇ ਕਿਹਾ ਕਿ ਬੈਨੇਗਲ ਸਿਨੇਮਾ ’ਚ ਜੋ ਕ੍ਰਾਂਤੀ ਲਿਆਏ ਉਹ ਮੁੜ ਨਹੀਂ ਆਵੇਗੀ। ਬੈਨੇਗਲ ਨੂੰ ਸ਼ਰਧਾਂਜਲੀ ਦੇਣ ਮੌਕੇ ਉਨ੍ਹਾਂ ਨਾਲ ਕਈ ਫਿਲਮਾਂ ’ਚ ਕੰਮ ਕਰ ਚੁੱਕੇ ਅਦਾਕਾਰ ਨਸੀਰੁੱਦੀਨ ਸ਼ਾਹ, ਰਜਿਤ ਕਪੂਰ, ਕੁਲਭੂਸ਼ਨ ਖਰਬੰਦਾ, ਇਲਾ ਅਰੁਣ, ਰਤਨਾ ਪਾਠਕ ਸ਼ਾਹ, ਉਨ੍ਹਾਂ ਦੇ ਪੁੱਤਰ ਵਿਵਾਨ ਸ਼ਾਹ, ਹੰਸਲ ਮਹਿਤਾ, ਜਾਵੇਦ ਅਖ਼ਤਰ, ਦਿਵਿਆ ਦੱਤਾ, ਕੁਨਾਲ ਕਪੂਰ, ਅਨੰਗ ਦੇਸਾਈ, ਸ਼ੇਅਸ ਤਲਪੜੇ, ਬੋਮਨ ਇਰਾਨੀ ਤੇ ਸ਼ਿਵੇਂਦਰ ਸਿੰਘ ਡੂੰਗਰਪੁਰ ਹਾਜ਼ਰ ਸਨ। ਅਦਾਕਾਰ ਸ਼ੇਅਸ ਤਲਪੜੇ ਨੇ ਕਿਹਾ ਕਿ ਬੈਨੇਗਲ ਦੀ ਮੌਤ ਨਾਲ ਵੱਡਾ ਘਾਟਾ ਪਿਆ ਹੈ। ਬੈਨੇਗਲ ਨੂੰ ਅਦਾਕਾਰ ਅਮਿਤਾਭ ਬੱਚਨ, ਨਫੀਸਾ ਅਲੀ, ਕਰਿਸ਼ਮਾ ਕਪੂਰ, ਵਿਸ਼ਾਲ ਭਾਰਦਵਾਜ, ਅਜੈ ਦੇਵਗਨ, ਸ਼ਬਾਨਾ ਆਜ਼ਮੀ, ਰਣਦੀਪ ਹੁੱਡਾ, ਫਿਲਮਸਾਜ਼ ਸੂਜੀਤ ਸਰਕਾਰ ਤੇ ਜ਼ੋਇਆ ਅਖ਼ਤਰ ਨੇ ਵੀ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ