Boat capsize: ਗੋਆ ਦੇ ਕਲੰਗੁਟ ਸਮੁੰਦਰ ਤੱਟ ਨੇੜੇ ਕਿਸ਼ਤੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ, 20 ਨੂੰ ਬਚਾਇਆ
ਪਣਜੀ, 25 ਦਸੰਬਰ
ਉੱਤਰੀ ਗੋਆ ਦੇ ਕਲੰਗੁਟ ਸਮੁੰਦਰ ਤੱਟ ਕੋਲ ਅਰਬ ਸਾਗਰ ਵਿੱਚ ਅੱਜ ਸੈਲਾਨੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਕਿਸ਼ਤੀ ਵਿੱਚ ਸਵਾਰ 20 ਹੋਰਾਂ ਨੂੰ ਬਚਾਅ ਲਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1.30 ਵਜੇ ਹੋਈ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਕਿਸ਼ਤੀ ਪਲਟਣ ਕਾਰਨ 54 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 20 ਹੋਰਾਂ ਨੂੰ ਬਚਾਅ ਲਿਆ ਗਿਆ ਅਤੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।’’ ਉਨ੍ਹਾਂ ਦੱਸਿਆ ਕਿ ਦੋ ਯਾਤਰੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਜੀਵਨ ਰੱਖਿਅਕ ਜੈਕੇਟਾਂ ਪਹਿਨੀ ਹੋਈ ਸੀ। ਯਾਤਰੀਆਂ ਵਿੱਚ ਛੇ ਮਹੀਨੇ ਦੇ ਬੱਚੇ ਸਣੇ ਔਰਤਾਂ ਵੀ ਸ਼ਾਮਲ ਸਨ। ਸਰਕਾਰ ਵੱਲੋਂ ਨਿਯੁਕਤ ਜੀਵਨ ਰੱਖਿਆ ਏਜੰਸੀ ‘ਦ੍ਰਿਸ਼ਟੀ ਮਰੀਨ’ ਦੇ ਤਰਜਮਾਨ ਨੇ ਦੱਸਿਆ ਕਿ ਕਿਸ਼ਤੀ ਸਮੁੰਦਰ ਤੱਟ ਤੋਂ ਲਗਪਗ 60 ਮੀਟਰ ਦੂਰ ਪਲਟ ਗਈ ਅਤੇ ਉਸ ਵਿੱਚ ਸਵਾਰ ਸਾਰੇ ਯਾਤਰੀ ਸਮੁੰਦਰ ਵਿੱਚ ਡਿੱਗ ਗਏ।
ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚ ਮਹਾਰਾਸ਼ਟਰ ਦੇ ਖੇੜ ਦੇ ਇਕ ਪਰਿਵਾਰ ਦੇ 13 ਲੋਕ ਵੀ ਸਵਾਰ ਸਨ। ਕਿਸ਼ਤੀ ਨੂੰ ਪਲਟਦੇ ਹੋਏ ਦੇਖ ਕੇ ‘ਦ੍ਰਿਸ਼ਟੀ ਮਰੀਨ’ ਦੇ ਇਕ ਕਰਮਚਾਰੀ ਨੇ ਮਦਦ ਨੂੰ ਲੈ ਕੇ ਤੁਰੰਤ ਕਦਮ ਉਠਾਏ।
ਉਨ੍ਹਾਂ ਦੱਸਿਆ, ‘‘ਕੁੱਲ 18 ਜੀਵਨ ਰੱਖਿਅਕ ਕਰਮੀ ਯਾਤਰੀਆਂ ਦੀ ਮਦਦ ਲਈ ਪਹੁੰਚੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਿਨਾਰੇ ’ਤੇ ਲੈ ਆਏ।’’ ਤਰਜਮਾਨ ਨੇ ਦੱਸਿਆ ਕਿ ਜ਼ਖ਼ਮੀ ਯਾਤਰੀਆਂ ਦਾ ਮੁੱਢਲਾ ਇਲਾਜ ਕੀਤਾ ਗਿਆ ਜਦਕਿ ਗੰਭੀਰ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਹਤ ਕੇਂਦਰ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ 20 ਯਾਤਰੀਆਂ ਨੂੰ ਬਚਾਅ ਲਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬਚਾਏ ਗਏ ਲੋਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਦੀ ਉਮਰ ਛੇ ਤੇ ਸੱਤ ਸਾਲ ਹੈ। -ਪੀਟੀਆਈ