Shutdown in J&K's Katra ਜੰਮੂ ਕਸ਼ਮੀਰ: ਵੈਸ਼ਨੋ ਦੇਵੀ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਕਟੜਾ ਵਿੱਚ ਬੰਦ
ਕਟੜਾ/ਜੰਮੂ, 18 ਦਸੰਬਰ
ਵੈਸ਼ਨੋ ਦੇਵੀ ਮੰਦਰ ਦੇ ਬੇਸ ਕੈਂਪ ਕਟੜਾ ਵਿੱਚ ਤਾਰਾਕੋਟ ਮਾਰਗ ਨੂੰ ਸਾਂਝੀ ਛੱਤ ਨਾਲ ਜੋੜਨ ਵਾਲੇ 250 ਕਰੋੜ ਰੁਪਏ ਦੀ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਦੇ ਵਿਰੋਧ ਵਿੱਚ ਅੱਜ ਬੰਦ ਰੱਖਿਆ ਗਿਆ। ਇਹ ਰੋਡ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਗੁਫਾ ਮੰਦਰ ਵੱਲ ਜਾਂਦਾ ਹੈ।
ਰੋਪਵੇਅ ਤੋਂ ਸਥਾਨਕ ਵਪਾਰੀਆਂ ਦੀ ਰੋਜ਼ੀ-ਰੋਟੀ ਬੰਦ ਹੋਣ ਦੀ ਸੰਭਾਵਨਾ ਜ਼ਾਹਿਰ ਕਰਦੇ ਹੋਏ ਦੁਕਾਨਦਾਰਾਂ, ਟੱਟੂ ਵਾਲਿਆਂ ਅਤੇ ਪਾਲਕੀ ਮਾਲਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ‘ਮਾਤਾ ਵੈਸ਼ਨੋ ਦੇਵੀ ਸੰਘਰਸ਼ ਕਮੇਟੀ’ ਨੇ ਸ਼ਹਿਰ ਵਿੱਚ ਵਿਰੋਧ ਮਾਰਚ ਦੀ ਅਗਵਾਈ ਕੀਤੀ ਅਤੇ ਮੰਗ ਕੀਤੀ ਕਿ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਜਾਵੇ।
ਪਿਛਲੇ ਮਹੀਨ, ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਗੁਫਾ ਮੰਦਰ ਤੱਕ 13 ਕਿਲੋਮੀਟਰ ਲੰਬੇ ਰਸਤੇ ’ਤੇ ਚੜ੍ਹਨ ਵਿੱਚ ਮੁਸ਼ਕਿਲ ਮਹਿਸੂਸ ਕਰਨ ਵਾਲੇ ਸੀਨੀਅਰ ਸਿਟੀਜ਼ਨਜ਼, ਬੱਚਿਆਂ ਅਤੇ ਹੋਰ ਲੋਕਾਂ ਲਈ ਮੰਦਰ ਤੱਕ ਪਹੁੰਚ ਆਸਾਨ ਬਣਾਉਣ ਲਈ ਰੋਪਵੇਅ ਸਥਾਪਤ ਕਰਨ ਦਾ ਫੈਸਲਾ ਲਿਆ ਸੀ। ਰੋਪਵੇਅ ਪ੍ਰਾਜੈਕਟ ਦੇ ਵਿਰੋਧ ਵਿੱਚ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਲੀਮਾਰ ਪਾਰਕ ਤੋਂ ਇਕ ਵੱਡੀ ਰੈਲੀ ਕੀਤੀ। ਹੱਥਾਂ ਵਿੱਚ ਤਖ਼ਤੀਆਂ ਫੜ ਕੇ ਅਤੇ ਕਾਲੀ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨਕਾਰੀਆਂ ਨੇ ਮੰਦਰ ਬੋਰਡ ਅਤੇ ਪ੍ਰਾਜੈਕਟ ਖ਼ਿਲਾਫ਼ ਨਾਅਰੇ ਲਗਾਏ। -ਪੀਟੀਆਈ