NIA chargesheets: ਐੱਨਆਈਏ ਵੱਲੋਂ ਅਤਿਵਾਦੀ ਲੰਡਾ ਦੇ ਦੋ ਸਾਥੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ
ਨਵੀਂ ਦਿੱਲੀ, 18 ਦਸੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਵਿੱਚ ਦਹਿਸ਼ਤੀ ਸਾਜ਼ਿਸ਼ ਮਾਮਲੇ ’ਚ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅਤਿਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦੇ ਦੋ ਮੁੱਖ ਸਾਥੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਐੱਨਆਈਏ ਨੇ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜਸਪ੍ਰੀਤ ਸਿੰਘ ਅਤੇ ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਦੇ ਬਲਜੀਤ ਸਿੰਘ ਵਿਰੁੱਧ ਮੁਹਾਲੀ ਸਥਿਤ ਐੱਨਆਈਏ ਅਦਾਲਤ ’ਚ ਦੋਸ਼ ਪੱਤਰ ਪੇਸ਼ ਕੀਤਾ ਗਿਆ।
ਜਾਂਚ ਏਜੰਸੀ ਨੇ ਕਿਹਾ ਕਿ ਐੱਨਆਈਏ ਨੇ ਦੋਵਾਂ ਦੀ ਪਛਾਣ ਵਿਦੇਸ਼ ’ਚ ਰਹਿੰਦੇ ਖਾਲਿਸਤਾਨੀ ਅਤਿਵਾਦੀ ਲੰਡਾ ਵੱਲੋਂ ਬਣਾਏ ਅਤਿਵਾਦੀ ਗਰੋਹ ਦੇ ਮੈਂਬਰਾਂ ਵਜੋਂ ਕੀਤੀ ਗਈ ਹੈ। ਐੱਨਆਈਏ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਸਪ੍ਰੀਤ ਸਿੰਘ, ਲੰਡਾ ਅਤੇ ਉਸ ਦੇ ਸਹਿਯੋਗੀ ਪੱਟੂ ਖਹਿਰਾ ਦਾ ਸਰਗਰਮ ਕਾਰਕੁਨ ਸੀ, ਜਦਕਿ ਬਲਜੀਤ ਸਿੰਘ ਲੰਡਾ ਗਰੋਹ ਤੇ ਹੋਰ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ’ਚ ਸ਼ਾਮਲ ਸੀ।
ਐੱਨਆਈਏ ਨੇ ਦਾਅਵਾ ਕੀਤਾ ਕਿ ਜਸਪ੍ਰੀਤ ਸਿੰਘ, ਲੰਡਾ ਦੇ ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਨੈੱਟਵਰਕ ਜਿਸ ਦਾ ਮਕਸਦ ਬੀਕੇਆਈ ਲਈ ਫੰਡ ਇਕੱਠਾ ਕਰਨਾ ਸੀ, ਵਿੱਚ ਸ਼ਾਮਲ ਸੀ ਜਦਕਿ ਬਲਜੀਤ ਸਥਾਨਕ ਪੱਧਰ ’ਤੇ ਹਥਿਆਰ ਬਣਾ ਕੇ ਲੰਡਾ ਗਰੋਹ ਦੇ ਮੈਂਬਰਾਂ ਤੱਕ ਸਪਲਾਈ ਕਰਦਾ ਸੀ। ਜਾਂਚ ਦੌਰਾਨ ਐੱਨਆਈਏ ਵੱਲੋਂ ਮੁਲਜ਼ਮਾਂ ਤੋਂ ਹਥਿਆਰ, ਨਸ਼ੇ, ਡਰੱਗ ਮਨੀ ਅਤੇ ਡਿਜੀਟਲ ਉਪਕਰਨ ਆਦਿ ਬਰਾਮਦ ਕੀਤੇ ਗਏ ਸਨ। -ਪੀਟੀਆਈ