ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਫ਼ਨ ਲਾਹੌਰ ਤੋਂ

08:04 AM Oct 13, 2024 IST

ਡਾ. ਪ੍ਰਵੀਨ ਬੇਗਮ

Advertisement

ਪਿਛਲੇ ਦਿਨੀਂ ਮੈਂ ਦੋ ਦਿਨ ਰਹਿਣ ਲਈ ਪਿੰਡ ਗਈ। ਬਰਸਾਤ ਦਾ ਮੌਸਮ ਹੋਣ ਕਰਕੇ ਘਰ ਵਿੱਚ ਮੈਨੂੰ ਚਾਰੇ ਪਾਸੇ ਸਿੱਲ੍ਹ ਜਿਹੀ ਮਹਿਸੂਸ ਹੋਈ। ਮੈਨੂੰ ਲੱਗਾ ਕਿ ਕਿਉਂ ਨਾ ਸਾਰੇ ਘਰ ਦੀ ਸਫ਼ਾਈ ਕੀਤੀ ਜਾਵੇ। ‘ਅਖੇ ਔਰਤਾਂ ਬਿਨਾਂ ਕਾਹਦੇ ਘਰ’ ਮੇਰੀ ਮਾਂ ਦੀ ਮੌਤ ਮਗਰੋਂ ਘਰ ਜ਼ਿਆਦਾਤਰ ਬੰਦ ਹੀ ਰਹਿੰਦਾ। ਬੰਦ ਘਰ ਵਿਚਲੀ ਵੀਰਾਨੀ ਤੇ ਵਿਹੜੇ ਵਿੱਚ ਉੱਗੇ ਹੋਏ ਖੱਬਲਾਂ ਦਾ ਇੱਕ ਅਲੱਗ ਹੀ ਤਰ੍ਹਾਂ ਦਾ ਅਹਿਸਾਸ ਮੈਨੂੰ ਹੋ ਰਿਹਾ ਸੀ। ਮੇਰਾ ਦਿਲ ਕਾਹਲਾ ਪਈ ਜਾ ਰਿਹਾ ਸੀ ਕਿ ਇਹ ਉਹੀ ਘਰ ਹੈ ਜਿੱਥੇ ਕਦੇ ਸਾਰਾ ਟੱਬਰ ਇੱਕੋ ਛੱਤ ਥੱਲੇ ਰਹਿੰਦਾ ਸੀ। ਖ਼ੈਰ, ਮੈਂ ਘਰ ਦੀ ਸਫ਼ਾਈ ਸ਼ੁਰੂ ਕੀਤੀ। ਮੈਂ ਦੋ ਤਿੰਨ ਕਮਰੇ ਸਾਫ਼ ਕਰਨ ਮਗਰੋਂ ਕੱਪੜਾ ਲੀੜਾ ਸੁਕਾਉਣ ਲਈ ਬਾਹਰ ਮੰਜੇ ਡਾਹ ਕੇ ਪਾ ਦਿੱਤਾ। ਫਿਰ ਮੈਂ ਪੇਟੀਆਂ ਵਾਲਾ ਕਮਰਾ ਖੋਲ੍ਹਿਆ ਜਿੱਥੇ ਮੇਰੀ ਮਾਂ ਦੀਆਂ ਪੇਟੀਆਂ ਅਤੇ ਬੇਬੇ ਦਾ ਸੰਦੂਕ ਪਿਆ ਹੋਇਆ ਸੀ। ਪੇਟੀ ਫਰੋਲੀ ਤਾਂ ਬਹੁਤ ਸਾਰੀਆਂ ਯਾਦਾਂ ਨਿਕਲੀਆਂ, ਸਿਲਾਈ ਕਢਾਈ ਦਾ ਸਾਮਾਨ, ਮਾਂ ਦੀਆਂ ਮੋਰ ਤੋਤਿਆਂ ਵਾਲੀਆਂ ਕਢਾਈ ਦੀਆਂ ਚਾਦਰਾਂ ਤੇ ਹੋਰ ਪਤਾ ਨਹੀਂ ਕੀ ਕੀ। ਫਿਰ ਵਾਰੀ ਆਈ ਬੇਬੇ ਦੇ ਸੰਦੂਕ ਦੀ। ਸੰਦੂਕ ਕਾਹਦਾ, ਸੱਚੀਂ ਇੱਕ ਸਦੀ ਸਮੋਈ ਬੈਠਾ ਸੀ ਖ਼ੁਦ ਅੰਦਰ। ਉਸ ਸੰਦੂਕ ਨੂੰ ਬਹੁਤਾ ਗਹੁ ਨਾਲ ਖੋਲ੍ਹ ਕੇ ਮੈਂ ਕਦੇ ਅੱਜ ਤੱਕ ਵੇਖਿਆ ਨਹੀਂ ਸੀ। ਖੋਲ੍ਹਿਆ ਤਾਂ ਸੰਦੂਕ ਦੇ ਜੰਗਾਲ ਲੱਗੇ ਤਖਤਿਆਂ ਨੇ ਚੀਂ ਚੀਂ ਦੀ ਇੱਕ ਲੇਰ ਜਿਹੀ ਮਾਰੀ। ਕਾਲੀ ਸੂਫ ਦੇ ਬਹੁਤ ਹੀ ਪੁਰਾਣੇ ਇੱਕ ਦੋ ਘੱਗਰੇ, ਭੂਆ ਹੋਰਾਂ ਦੀਆਂ ਕਈ ਫੁਲਕਾਰੀਆਂ, ਕੁਝ ਪੱਖੀਆਂ, ਇੱਕ ਬਾਗ, ਪਿੱਤਲ ਤੇ ਕਾਂਸੇ ਦੇ ਭਾਂਡੇ ਤੇ ਹੋਰ ਨਿੱਕ-ਸੁੱਕ। ਮੈਂ ਦੇਖ ਦੇਖ ਹੈਰਾਨ ਹੋਈ ਜਾਵਾਂ ਕਿ ਇਹ ਸਭ ਚੀਜ਼ਾਂ ਆਖ਼ਰ ਮੇਰੀਆਂ ਅੱਖਾਂ ਤੋਂ ਪਰ੍ਹੇ ਰਹਿ ਕਿਵੇਂ ਗਈਆਂ। ਖ਼ੈਰ, ਚੀਜ਼ਾਂ ਕੱਢਦੇ ਕਢਾਉਂਦੇ ਚਾਦਰਾਂ ਦੇ ਥੱਲਿਓਂ ਮੈਨੂੰ ਇੱਕ ਕਾਲੇ ਰੰਗ ਦਾ ਫਟੇਹਾਲ ਜਿਹਾ ਬੈਗ ਮਿਲਿਆ। ਮੈਂ ਬੜੀ ਹੀ ਉਤਸੁਕਤਾ ਨਾਲ ਉਹ ਬੈਗ ਖੋਲ੍ਹਣ ਲੱਗੀ ਤਾਂ ਉਸਦੀ ਜ਼ਿਪ ਨੂੰ ਜੰਗਾਲ ਲੱਗੀ ਹੋਣ ਕਾਰਨ ਉਹ ਮਸਾਂ ਹੀ ਖੁੱਲ੍ਹਿਆ। ਉਸ ਵਿੱਚ ਕਾਫ਼ੀ ਸਾਰੇ ਪੁਰਾਣੇ ਕਾਗਜ਼ ਪੱਤਰ ਸਨ। ਮੈਂ ਬਾਹਰ ਲਿਆ ਕੇ ਪਹਿਲਾਂ ਉਹ ਸਾਰੇ ਕਾਗਜ਼ ਪੱਤਰ ਮੰਜੇ ’ਤੇ ਖਿੰਡਾ ਦਿੱਤੇ ਕਿ ਰਤਾ ਹਵਾ ਲੱਗ ਜਾਵੇ। ਜਦੋਂ ਮੈਂ ਧਿਆਨ ਨਾਲ ਉਨ੍ਹਾਂ ਨੂੰ ਫੋਲ ਰਹੀ ਸੀ ਤਾਂ ਮੈਂ ਦੇਖਿਆ ਕਿ ਇਹ ਤਾਂ ਬੇਬੇ ਦੀਆਂ ਉਹੀ ਉਰਦੂ ਤੇ ਪਾਕਿਸਤਾਨੀ ਪੰਜਾਬੀ ਵਿੱਚ ਲਿਖੀਆਂ ਚਿੱਠੀਆਂ ਹਨ, ਜਿਹੜੀਆਂ ਬੇਬੇ ਦੇ ਪੇਕਿਆਂ ਵੱਲੋਂ ਆਖ਼ਰੀ ਸਾਹ ਤੱਕ ਬੇਬੇ ਨੂੰ ਆਉਂਦੀਆਂ ਰਹੀਆਂ। ਇਕਦਮ ਚੇਤਿਆਂ ਵਿੱਚ ਉਹ ਸਾਲ ਘੁੰਮਣ ਲੱਗੇ। ਮੇਰੀ ਦਾਦੀ ਜਿਸ ਨੂੰ ਅਸੀਂ ਬੇਬੇ ਕਹਿੰਦੇ ਸੀ, ਸਾਡੇ ਟੱਬਰ ਦਾ ਧੁਰਾ ਸੀ। ਇਕੱਠਾ ਟੱਬਰ ਹੋਣ ਕਾਰਨ ਬੇਬੇ ਦੀ
ਬਥੇਰੀ ਚੱਲਦੀ ਸੀ। ਮਜਾਲ ਸੀ ਕਿ ਮੇਰੀ ਬੜੀ ਅੰਮੀ, ਮੇਰੀ ਛੋਟੀ ਬੀਬੀ ਜਾਂ ਫਿਰ ਮੇਰੀ ਮਾਂ ਬੇਬੇ ਅੱਗੇ ਸਾਹ ਕੱਢ ਸਕਦੀਆਂ। ਪਰ ਅਸੀਂ ਘਰ ਦੇ ਸਾਰੇ ਜਵਾਕਾਂ ਨੇ ਜਦੋਂ ਦੀ ਸੁਰਤ ਸੰਭਾਲੀ, ਬੇਬੇ ਨੂੰ ਅੰਦਰਲੀ ਵੇਦਨਾ ਨਾਲ ਕੁਰਲਾਉਂਦੇ ਹੋਏ ਦੇਖਿਆ ਸੀ। ਜਦੋਂ ਬੇਬੇ ਨੂੰ ਕਦੇ ਭਾਰਤ-ਪਾਕਿਸਤਾਨ ਵੰਡ ਵਿੱਚ ਵਿਛੜੇ ਆਪਣੇ ਭੈਣ ਭਰਾਵਾਂ ਦੀ ਯਾਦ ਆਉਂਦੀ ਤਾਂ ਉਹ ਸੱਚੀ ਅਲਾਹੁਣੀਆਂ ਪਾਉਂਦੀ। ਅਸੀਂ ਨਿੱਕੇ ਨਿੱਕੇ ਜਵਾਕ, ਬੇਬੇ ਦੇ ਅੰਦਰ ਧੁਖ਼ਦੇ ਵਿਛੋੜੇ ਦੇ ਭਾਂਬੜ ਨੂੰ ਉਦੋਂ ਸਮਝ ਨਹੀਂ ਸਕਦੇ ਸੀ। ਬੇਬੇ ਸਾਨੂੰ ਪੋਹ ਮਾਘ ਦੀਆਂ ਠੰਢੀਆਂ ਤੇ ਨਿੱਘੀਆਂ ਰਾਤਾਂ ਵਿੱਚ ਅਕਸਰ ਹੀ ਬਾਤਾਂ ਦੀ ਜਗ੍ਹਾ ਭਾਰਤ ਪਾਕਿਸਤਾਨ ਵੰਡ ਦਾ ਉਹ ਦੁਖਾਂਤ ਸੁਣਾਉਂਦੀ ਜਿਹੜਾ ਉਸ ਨੇ ਪਿੰਡੇ ’ਤੇ ਹੰਢਾਇਆ ਸੀ, ਜਿਸ ਦੇ ਜ਼ਖ਼ਮ ਉਸ ਦੇ ਅੰਦਰ ਅੱਜ ਵੀ ਅੱਲੇ ਸਨ ਤੇ ਅਜੇ ਵੀ ਉਨ੍ਹਾਂ ’ਚੋਂ ਰੱਤ ਵਹਿੰਦੀ ਰਹਿੰਦੀ ਸੀ। ਕਈ ਵਾਰੀ ਤਾਂ ਅਸੀਂ ਸੁਣਦੇ ਸੁਣਦੇ ਰੋ ਪੈਂਦੇ ਤੇ ਰਾਤਾਂ ਨੂੰ ਸੁਫਨੇ ਵੀ ਵੰਡ ਵੇਲੇ ਦੀ ਉਸ ਮਾਰਧਾੜ ਦੇ ਆਉਂਦੇ। ਕਈ ਵਾਰੀ ਵੱਡੀ ਬੀਬੀ, ਬੇਬੇ ਨੂੰ ਹਿੰਮਤ ਜਿਹੀ ਕਰਕੇ ਇਸ ਗੱਲੋਂ ਰੋਕਦੀ ਕਿ ਉਹ ਛੋਟੇ ਛੋਟੇ ਬਾਲਾਂ ਨੂੰ ਇਹ ਦੁਖਾਂਤ ਨਾ ਸੁਣਾਵੇ, ਕਿਤੇ ਉਨ੍ਹਾਂ ਦੇ ਬਾਲ ਮਨਾਂ ’ਤੇ ਇਨ੍ਹਾਂ ਚੀਜ਼ਾਂ ਦਾ ਕੋਈ ਗਹਿਰਾ ਅਸਰ ਨਾ ਹੋ ਜਾਵੇ। ਫਿਰ ਮੈਨੂੰ ਬੇਬੇ ਦੇ ਝੁਰੜੀਆਂ ਵਾਲੇ ਚਿਹਰੇ ’ਤੇ ਇੱਕ ਅਜੀਬ ਜਿਹੀ ਉਦਾਸੀ ਤੇ ਨਿਰਾਸ਼ਾ ਨਜ਼ਰ ਆਉਂਦੀ। ਮੈਂ ਕਈ ਵਾਰ ਬੇਬੇ ਨਾਲ ਸੌਣ ਦੀ ਜ਼ਿੱਦ ਕਰਦੀ ਤਾਂ ਕਿ ਮੈਂ ਬੇਬੇ ਦੇ ਮਨ ਦੇ ਭਾਰ ਨੂੰ ਹੌਲਾ ਕਰ ਸਕਾਂ। ਮੈਨੂੰ ਬੇਬੇ ਨਾਲ ਲੋਹੜਿਆਂ ਦੀ ਹਮਦਰਦੀ ਸੀ ਤੇ ਮੈਂ ਬੇਬੇ ਦੇ ਅੰਦਰ ਵਸੀ ਹੋਈ ਅਕਹਿ ਪੀੜ ਤੋਂ ਚੰਗੀ ਤਰ੍ਹਾਂ ਜਾਣੂੰ ਸੀ।
ਬੇਬੇ ਅਕਸਰ ਆਪਣੀ ਭੈਣ ਹਸ਼ਮਤੇ ਅਤੇ ਭਤੀਜੇ ਨਿਆਮਤ ਨੂੰ ਯਾਦ ਕਰ ਕਰ ਕੀਰਨੇ ਪਾ ਪਾ ਰੋਂਦੀ। ਪਤਾ ਨਹੀਂ ਕਿਉਂ ਇਹ ਨਾਮ ਮੇਰੇ ਜ਼ਿਹਨ ਵਿੱਚ ਕਿਤੇ ਇਸ ਤਰ੍ਹਾਂ ਘਰ ਕਰ ਗਏ ਹਨ ਜਿਵੇਂ ਮੇਰਾ ਇਨ੍ਹਾਂ ਨਾਵਾਂ ਨਾਲ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੋਵੇ। ਮੈਨੂੰ ਯਾਦ ਹੈ ਇੱਕ ਵੇਰਾਂ ਜਦੋਂ ਅਸੀਂ ਸਕੂਲੋਂ ਪੰਦਰਾਂ ਅਗਸਤ ਮਨਾ ਕੇ ਘਰ ਪੁੱਜੇ ਤਾਂ ਬੇਬੇ ਹਾਲੋਂ ਬੇਹਾਲ ਹੋਈ ਸੀ ਰੋ ਰੋ ਕੇ। ਉਨ੍ਹਾਂ ਨੂੰ ਆਜ਼ਾਦੀ ਦਾ ਨਾ ਮਤਲਬ ਪਤਾ ਸੀ, ਨਾ ਸਮਝ ਸੀ। ਉਨ੍ਹਾਂ ਲਈ ਆਜ਼ਾਦੀ ਦਾ ਭਾਵ ਸੀ ਆਪਣਿਆਂ ਦਾ ਵਿਛੋੜਾ। ਬੇਬੇ ਅਕਸਰ ਦੱਸਦੀ ਹੁੰਦੀ ਸੀ ਕਿ ਹਾਲੇ ਦੋ ਦਿਨ ਪਹਿਲਾਂ ਹੀ ਬੇਬੇ ਦਾ ਭਰਾ ਆਜ਼ਾਦੀ ਬਾਰੇ ਦੱਸ ਕੇ ਗਿਆ ਸੀ ਅਤੇ ਇਹ ਕਹਿ ਗਿਆ ਸੀ ਕਿ ਹੁਣ ਅੰਗਰੇਜ਼ ਭਾਰਤ ਵਿੱਚੋਂ ਹਮੇਸ਼ਾ ਲਈ ਚਲੇ ਜਾਣਗੇ ਤੇ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਵਾਂਗੇ ਕਿਉਂਕਿ ਬੇਬੇ ਦਾ ਭਰਾ ਆਜ਼ਾਦੀ ਸੰਗਰਾਮ ਵਿੱਚ ਕਿਵੇਂ ਨਾ ਕਿਵੇਂ ਸਰਗਰਮ ਸੀ। ਉਸ ਪਿੱਛੋਂ ਉਹ ਕਦੇ ਨਾ ਆਇਆ। ਬੇਬੇ ਨੂੰ ਉਸ ਗੱਲ ਦਾ ਹਮੇਸ਼ਾ ਪਛਤਾਵਾ ਰਿਹਾ ਕਿ ਜਦੋਂ ਉਸ ਦੇ ਪੇਕੇ ਪਿੰਡੋਂ ਬੇਬੇ ਨੂੰ ਸੁਨੇਹਾ ਆਇਆ ਸੀ ਕਿ ਅਸੀਂ ਕੱਲ੍ਹ ਆਥਣ ਵੇਲੇ ਮਾਲੇਰਕੋਟਲੇ ਲਈ ਚਾਲੇ ਪਾ ਦੇਵਾਂਗੇ ਤੇ ਉੱਥੇ ਹੀ ਦੱਸੀ ਜਗ੍ਹਾ ਅਨੁਸਾਰ ਇਕੱਠੇ ਹੋਵਾਂਗੇ। ਬਦਕਿਸਮਤੀ ਨੂੰ ਉਸੇ ਰਾਤ ਸਾਡੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੱਲੇ ਪੈਣੇ ਸ਼ੁਰੂ ਹੋ ਗਏ। ਬੇਬੇ ਅਤੇ ਉਸ ਦੇ ਪਰਿਵਾਰ ਨੂੰ ਪਿੰਡ ਦੇ ਹੀ ਭਲੇਮਾਣਸ ਲੋਕਾਂ ਨੇ ਆਪਣੇ ਕਮਾਦ ਵਿੱਚ ਲੁਕੋ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ। ਜਦੋਂ ਅਸੀਂ ਪੁੱਛਦੇ ਕਿ ਬੇਬੇ ਉਹ ਲੋਕ ਕੌਣ ਸਨ ਜਿਹੜੇ ਇੱਕ ਦੂਜੇ ਦੀਆਂ ਜਾਨਾਂ ਦੇ ਦੁਸ਼ਮਣ ਬਣ ਗਏ ਤਾਂ ਬੇਬੇ ਹਉਕਾ ਜਿਹਾ ਭਰ ਕੇ ਦੱਸਦੇ, ‘‘ਖੋਰੇ ਕੌਣ ਸਨ ਉਹ, ਕਿੱਧਰੋਂ ਆਏ, ਕਿਉਂ ਉਨ੍ਹਾਂ ਨੇ ਮਾਰ ਧਾੜ ਕੀਤੀ, ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ।’’ ਕਿਉਂ ਜੋ ਪਿੰਡਾਂ ਵਿੱਚ ਵਸਦੇ ਲੋਕ ਤਾਂ ਉਨ੍ਹਾਂ ਦੇ ਆਪਣੇ ਹੀ ਸਨ। ਬੇਬੇ ਅਕਸਰ ਭਰੀਆਂ ਅੱਖਾਂ ਨਾਲ ਦੱਸਦੀ, ‘‘ਲੋਕ ਮਾੜੇ ਨਹੀਂ ਸਨ, ਵਕਤ ਹੀ ਮਾੜਾ ਸੀ, ਪਤਾ ਨਹੀਂ ਕਿਹੋ ਜਿਹੀ ਖ਼ੂਨੀ ਹਵਾ ਵਗੀ ਸੀ ਉਹ।’’ ਕੁਝ ਦਿਨਾਂ ਬਾਅਦ ਮਾਹੌਲ ਕੁਝ ਸ਼ਾਂਤ ਹੋਇਆ ਤਾਂ ਬੇਬੇ ਦੱਸਦੀ ਹੈ ਕਿ ਮੇਰੇ ਆਪਣੇ, ਹਮੇਸ਼ਾ ਲਈ ਕੰਡਿਆਲੀ ਤਾਰ ਦੇ ਉਸ ਪਾਸੇ ਬਿਗਾਨੇ ਅਤੇ ਦੂਸਰੇ ਦੇਸ਼ ਦੇ ਵਾਸੀ ਬਣ ਚੁੱਕੇ ਸਨ। ਬੇਬੇ ਹਉਕਾ ਲੈ ਕੇ ਦੱਸਦੀ ‘ਵੇਲਾ ਲੰਘ ਚੁੱਕਾ ਸੀ।’’ ਉਨ੍ਹਾਂ ਦੇ ਕੋਰੇ ਤੇ ਸਿਆਸਤਾਂ ਦੇ ਪ੍ਰਭਾਵ ਤੋਂ ਸੱਖਣੇ ਮਨ ਸਿਰਫ਼ ਆਪਣਿਆਂ ਦੇ ਹਮੇਸ਼ਾ ਲਈ ਦੂਰ ਹੋ ਜਾਣ ਕਾਰਨ ਕੁਰਲਾ ਰਹੇ ਸਨ। ਬੇਬੇ ਦੱਸਦੀ-ਦੱਸਦੀ ਰੋ ਪੈਂਦੀ। ਮੈਨੂੰ ਸੁਣ ਕੇ ਹੀ ਕਾਲਜੇ ਅੰਦਰ ਖੋਹ ਜਿਹੀ ਪੈਣ ਲੱਗ ਜਾਂਦੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਜਾਂਦੇ। ਮੈਂ ਬੇਬੇ ਨੂੰ ਹੌਸਲਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ। ਮੇਰੇ ਪਿਤਾ ਜੀ ਵੱਲੋਂ ਹਿੰਮਤ ਕਰਨ ਸਦਕਾ ਸਨ ਉੱਨੀ ਸੌ ਪਚਾਸੀ ਵਿੱਚ ਬੇਬੇ ਨੂੰ ਪਹਿਲੀ ਵਾਰ ਪਾਕਿਸਤਾਨ ਆਪਣੇ ਪੇਕਿਆਂ ਕੋਲ ਜਾਣ ਦਾ ਮੌਕਾ ਮਿਲਿਆ। ਬੇਬੇ ਕਹਿੰਦੀ ਮੈਂ ਵਾਹੋ-ਦਾਹੀ ਭੱਜੀ ਗਈ ਸੀ। ਇੰਨੇ ਵਕਫ਼ੇ ਦਾ ਵਿਛੋੜਾ ਕੋਈ ਥੋੜ੍ਹਾ ਨਹੀਂ ਸੀ। ਜਿਨ੍ਹਾਂ ਦੇ ਜਿਊਂਦੇ ਰਹਿਣ ਦੀ ਵੀ ਖਬਰ ਸਾਰ ਨਹੀਂ ਸੀ, ਉਨ੍ਹਾਂ ਨੂੰ ਸਾਡੀ ਬੇਬੇ ਅੱਜ ਮਿਲਣ ਜਾ ਰਹੀ ਸੀ। ਫਿਰ ਬੇਬੇ ਕਈ ਵਾਰ ਰੋਂਦੇ ਕੁਰਲਾਉਂਦੇ ਦੱਸਦੀ ਕਿ ਉਸ ਦੀ ਪਿਆਰੀ ਭੈਣ ਹਸ਼ਮਤੇ ਤੇ ਭਤੀਜਾ ਨਿਆਮਤ ਤਾਂ ਕਦੋਂ ਦੇ ਫੌਤ ਹੋ ਚੁੱਕੇ ਸਨ। ਜਦੋਂ ਬੇਬੇ ਪਾਕਿਸਤਾਨ ਤੋਂ ਵਾਪਸ ਆਈ ਤਾਂ ਧਾਹਾਂ ਮਾਰ ਮਾਰ ਰੋਂਦੀ ਉਨ੍ਹਾਂ ਨੂੰ ਯਾਦ ਕਰਕੇ। ਖ਼ੈਰ, ਫਿਰ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਬੇਬੇ ਸਾਲ ਛੇ ਮਹੀਨੇ ਪਿੱਛੋਂ ਆਪਣੇ ਛੋਟੇ ਭਾਈ ਨੂੰ ਚਿੱਠੀਆਂ ਪਾ ਸੁੱਖ-ਸਾਂਦ ਪੁੱਛਦੀ ਰਹਿੰਦੀ ਤੇ ਆਪਣੀ ਸੁੱਖ-ਸਾਂਦ ਵੀ ਦੱਸਦੀ। ਮੈਨੂੰ ਯਾਦ ਹੈ ਜਦੋਂ ਮਰਨ ਤੋਂ ਦੋ ਤਿੰਨ ਕੁ ਸਾਲ ਪਹਿਲਾਂ ਬੇਬੇ ਪਾਕਿਸਤਾਨ ਗਈ ਤਾਂ ਮੁੜਦੇ ਹੋਏ ਉਹ ਉਦਾਸ ਦਿਸੀ। ਬੇਬੇ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਲਾਹੌਰ ਆਪਣੇ ਭਤੀਜਿਆਂ ਕੋਲ ਰੁਕੀ ਤੇ ਆਪਣੇ ਪਸੰਦ ਦੀਆਂ ਕਈ ਚੀਜ਼ਾਂ ਉਸ ਨੇ ਉੱਥੋਂ ਲਈਆਂ। ਮੇਰੇ ਕੋਲ ਬੇਬੇ ਦਾ ਪਾਕਿਸਤਾਨ ਤੋਂ ਲਿਆਂਦਾ ਨਮਾਜ਼ ਤੋਂ ਪਹਿਲਾਂ ਵੁਜ਼ੂ ਕਰਨ ਵਾਲਾ ਇੱਕ ਪਿੱਤਲ ਦਾ ਲੋਟਾ ਅੱਜ ਵੀ ਸਾਂਭਿਆ ਪਿਆ ਹੈ। ਉਮਰ ਦੇ ਹਿਸਾਬ ਨਾਲ ਬੇਬੇ ਦਾ ਹੁਣ ਇਹ ਆਪਣਿਆਂ ਨੂੰ ਮਿਲਣ ਦਾ ਆਖ਼ਰੀ ਮੌਕਾ ਸੀ। ਵਾਪਸ ਆ ਕੇ ਉਸ ਨੇ ਕੁਝ ਲਿਫ਼ਾਫ਼ੇ ਵਿੱਚ ਲਪੇਟਿਆ ਹੋਇਆ ਮੇਰੀ ਮਾਂ ਨੂੰ ਫੜਾਉਂਦਿਆਂ ਕਿਹਾ, ‘‘ਸੰਭਾਲ ਕੇ ਰੱਖ ਦੇ ਸੰਦੂਕ ਵਿੱਚ ਕਿਸੇ ਦੇ ਨਾਪਾਕ ਹੱਥ ਨਾ ਲੱਗ ਜਾਣ।’’ ਘਰ ਵਿੱਚ ਵੱਡਿਆਂ ਨੂੰ ਪਤਾ ਸੀ ਕਿ ਉਸ ਚਿੱਟੇ ਕੱਪੜੇ ਵਿੱਚ ਕੀ ਲਪੇਟਿਆ ਹੋਇਆ ਸੀ, ਪਰ ਜਵਾਕਾਂ ਨੂੰ ਇਸ ਬਾਰੇ ਨਾ ਦੱਸਿਆ ਗਿਆ। ਅਸੀਂ ਉਸ ਚੀਜ਼ ਨੂੰ ਭੁੱਲ ਭੁਲਾ ਗਏ ਤੇ ਕਦੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਉਸ ਵਿੱਚ ਕੀ ਹੈ। ਬੇਬੇ ਦੇ ਫੌਤ ਹੋਣ ਉਪਰੰਤ ਉਹੀ ਲਿਫ਼ਾਫ਼ਾ ਜਦੋਂ ਮੇਰੀ ਵੱਡੀ ਬੀਬੀ ਨੇ ਸੰਦੂਕ ਵਿੱਚੋਂ ਕੱਢ ਕੇ ਲਿਆਂਦਾ ਤਾਂ ਮੈਂ ਦੇਖਣ ਲਈ ਬਹੁਤ ਹੀ ਉਤਸੁਕ ਸੀ ਕਿ ਉਸ ਵਿੱਚ ਆਖ਼ਰ ਅਜਿਹਾ ਕੀ ਸੀ। ਦੇਖਿਆ ਤਾਂ ਮੇਰਾ ਤ੍ਰਾਹ ਨਿਕਲ ਗਿਆ। ਉਸ ਲਿਫ਼ਾਫ਼ੇ ਵਿੱਚ ਬੇਬੇ ਦਾ ਕਫ਼ਨ ਤੇ ਹੋਰ ਨਿਕ-ਸੁੱਕ ਤੇ ਜਨਾਜ਼ੇ ਦਾ ਸਾਮਾਨ ਸੀ। ਮੈਂ ਬੇਬੇ ਦੇ ਜਨਾਜ਼ੇ ਕੋਲ ਬੈਠੀ ਰੋਂਦੀ ਰਹੀ, ਮੈਨੂੰ ਬੇਬੇ ਦੇ ਅੰਦਰ ਦੀ ਪੀੜਾ ਆਪਣੇ ਅੰਦਰ ਮਹਿਸੂਸ ਹੋ ਰਹੀ ਸੀ। ਆਪਣੇ ਹੰਝੂ ਰੋਕਣੇ ਮੁਸ਼ਕਿਲ ਹੋ ਗਏ ਸਨ। ਹਾਏ, ਕਿਵੇਂ ਮੇਰੀ ਬੇਬੇ ਆਪਣਿਆਂ ਦੇ ਵਿਛੋੜੇ ਦਾ ਦੁਖਾਂਤ ਢਿੱਡ ਵਿੱਚ ਹੀ ਲੈ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ ਸੀ। ਬੇਬੇ ਆਪਣੇ ਪੇਕਿਆਂ ਦੇ ਕਫ਼ਨ ਵਿੱਚ ਲਿਪਟ ਹਮੇਸ਼ਾ ਲਈ ਵੰਡ ਦੇ ਦੁਖਾਂਤ ਦੀ ਤੜਫ ਤੋਂ ਛੁਟਕਾਰਾ ਪਾ ਚੁੱਕੀ ਸੀ। ਅੱਜ ਜਦੋਂ ਬੇਬੇ ਦਾ ਜਨਾਜ਼ਾ ਘਰੋਂ ਚੁੱਕਣ ਦੀ ਤਿਆਰੀ ਹੋ ਰਹੀ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਬੇਬੇ ਦਾ ‘ਕਫ਼ਨ ਸੀ ਲਾਹੌਰ ਤੋਂ’ ਜੋ ਬੇਬੇ ਦੇ ਭਤੀਜਿਆਂ ਨੇ ਬੇਬੇ ਨੂੰ ਲਾਹੌਰੋਂ ਲੈ ਕੇ ਤੋਰਿਆ ਸੀ। ਬੇਬੇ ਦੇ ਗੁਜ਼ਰਨ ਤੋਂ ਮਹੀਨੇ ਬਾਅਦ ਬੇਬੇ ਦੇ ਭਤੀਜੇ ਦੀ ਚਿੱਠੀ ਆਈ, ‘‘ਭੂਆ ਜੀ ਦੇ ਫ਼ੌਤ ਹੋਣ ਦੀ ਖ਼ਬਰ ਸੁਣ ਕੇ ਦਿਲ ਨੂੰ ਗਹਿਰਾ ਸਦਮਾ ਲੱਗਾ। ਸਾਨੂੰ ਲੱਗਾ ਕਿ ਜਿਵੇਂ ਸਾਡੀ ਸਰਹੱਦੋਂ ਪਾਰ ਇੱਕ ਸਾਂਝ ਖ਼ਤਮ ਹੋ ਗਈ ਹੈ, ਪਰ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਤੁਸੀਂ ਜਿਊਂਦੇ ਜੀ ਆਪਣਾ ਕਫ਼ਨ ਲਾਹੌਰ ਤੋਂ ਖ਼ੁਦ ਆਪਣੇ ਹੱਥੀਂ ਲੈ ਗਏ ਸੀ।’’ ਅੱਜ ਜਦੋਂ ਮੈਂ ਉਹ ਅੱਧਭੁਰੀ ਜਿਹੀ ਚਿੱਠੀ ਕੰਬਦੇ ਹੱਥਾਂ ਨਾਲ ਫਿਰ ਤੋਂ ਪੜ੍ਹੀ ਤਾਂ ਮੇਰੀਆਂ ਅੱਖਾਂ ’ਚੋਂ ਪਰਲ-ਪਰਲ ਹੰਝੂ ਵਗਣ ਲੱਗੇ।
ਸੰਪਰਕ: 89689-48018

Advertisement
Advertisement