ਸ਼ਰਧਾ ਕਪੂਰ ਦੀ ‘ਸਤ੍ਰੀ 2’ ਨੇ ਕਮਾਈ ਦੇ ਸਾਰੇ ਰਿਕਾਰਡ ਤੋੜੇ
ਮੁੰਬਈ: ਅਦਾਕਾਰਾ ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਦੀ ਫਿਲਮ ‘ਸਤ੍ਰੀ 2’ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ ਤੇ ਲਗਾਤਾਰ ਨਵੀਆਂ ਉਚਾਈਆਂ ਛੂਹ ਰਹੀ ਹੈ। ਇਹ ਫਿਲਮ ਬਾਕਸ ਆਫਿਸ ’ਤੇ ਦੂਜੇ ਹਫਤੇ ਦੇਸ਼ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਅਸਲ ’ਚ ਇਹ ਫਿਲਮ ਬਾਕਸ ਆਫਿਸ ’ਤੇ ਛਾਈ ਹੋਈ ਹੈ। ਫਿਲਮ ਹੁਣ ਆਪਣੇ ਦੂਜੇ ਹਫਤੇ ’ਚ ਚੱਲ ਰਹੀ ਹੈ ਅਤੇ ਲੱਗਦਾ ਹੈ ਕਿ ਇਸ ’ਤੇ ਨਵੀਆਂ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦਾ ਕੋਈ ਅਸਰ ਨਹੀਂ ਹੋਇਆ। ਵਪਾਰ ਮਾਹਿਰ ਤਰਨ ਆਦਰਸ਼ ਅਨੁਸਾਰ ਇਸ ਫਿਲਮ ਨੇ ਦੂਜੇ ਹਫਤੇ ਵਿੱਚ ਕੁੱਲ 453.60 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਦਰਸ਼ ਨੇ ਇੰਸਟਾਗਰਾਮ ’ਤੇ ਦੱਸਿਆ ਕਿ ‘ਸਤ੍ਰੀ 2’ ਨੇ ਮੁੜ ਇਤਿਹਾਸ ਰਚਿਆ... ਇਹ ਦੂਜੇ ਹਫਤੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ #ਹਿੰਦੀ ਫਿਲਮ ਬਣੀ... ‘ਬਾਹੂਬਲੀ 2’, ‘ਗਦਰ 2’, ‘ਜਵਾਨ’ ਤੇ ‘ਐਨੀਮਲ’ ਨੂੰ ਪਛਾੜਿਆ। ਫਿਲਮ ‘ਸਤ੍ਰੀ 2’ ਦੇ ਲਗਾਤਾਰ ਤੀਜੇ ਹਫਤੇ ਵੀ ਇਹੀ ਰਫਤਾਰ ਬਰਕਰਾਰ ਰੱਖਣ ਦੀ ਉਮੀਦ ਹੈ। ਫਿਲਮ ਨੂੰ 15 ਅਗਸਤ ਨੂੰ ਰਿਲੀਜ਼ ਹੋਈ ਫਿਲਮ ‘ਖੇਲ ਖੇਲ ਮੇਂ’ ਅਤੇ ‘ਵੇਦਾ’ ਤੋਂ ਟੱਕਰ ਮਿਲਣ ਦੀ ਉਮੀਦ ਸੀ ਪਰ ਇਸ ਫਿਲਮ ਨੇ ਹੋਰ ਫਿਲਮਾਂ ਨੂੰ ਪਛਾੜ ਦਿੱਤਾ ਹੈ। -ਏਐੱਨਆਈ