ਮੰਤਰੀ ਦੇ ਜ਼ਿਲ੍ਹੇ ’ਚ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਤੋਟ
ਦੀਪਕ ਠਾਕੁਰ
ਤਲਵਾੜਾ, ਜਨਵਰੀ
ਆਮ ਆਦਮੀ ਪਾਰਟੀ (ਆਪ) ਨੇ ਸੱਤਾ ’ਚ ਆਉਣ ਤੋਂ ਪਹਿਲਾਂ ਸਿੱਖਿਆ ਖ਼ੇਤਰ ’ਚ ਕ੍ਰਾਂਤੀ ਲਿਆਉਣ ਦੇ ਵਾਅਦੇ ਅਤੇ ਦਾਅਵੇ ਕੀਤੇ ਸਨ ਪਰ ਕਰੀਬ ਤਿੰਨ ਸਾਲ ਦੇ ਕਾਰਜਕਾਲ ’ਚ ਸਰਕਾਰ ਆਪਣੇ ਦਾਅਵਿਆਂ ਅਤੇ ਵਾਅਦਿਆਂ ’ਤੇ ਖਰੀ ਉਤਰਦੀ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ’ਚ ਸਭ ਤੋਂ ਵੱਧ ਪੜ੍ਹੇ-ਲਿਖੇ ਜ਼ਿਲ੍ਹਿਆਂ ਵਿੱਚ ਮੋਹਰੀ ਹੁਸ਼ਿਆਰਪੁਰ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਆਪਣੇ ਜੱਦੀ ਜ਼ਿਲ੍ਹੇ ’ਚ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਭਾਰੀ ਤੋਟ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹਾ ਰੂਪਨਗਰ ’ਚ 10 ਪ੍ਰਾਇਮਰੀ ਸਿੱਖਿਆ ਬਲਾਕ ਹਨ, ਇਨ੍ਹਾਂ ਵਿੱਚੋਂ ਮੋਰਿੰਡਾ ਨੂੰ ਛੱਡ ਕੇ ਬਾਕੀ 9 ਜ਼ਿਲ੍ਹਿਆਂ ਗੁਰੂ ਕੀ ਨਗਰੀ ਸ਼੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰ ਬੇਦੀ (ਝੱਜ), ਤਖ਼ਤਗੜ੍ਹ ਰੋਪੜ, ਸਲੌਰਾ, ਮੀਆਂਪੁਰ ਅਤੇ ਚਮਕੌਰ ਸਾਹਿਬ ’ਚ ਪਿਛਲੇ ਲੰਮੇ ਸਮੇਂ ਤੋਂ ਬਲਾਕ ਸਿੱਖਿਆ ਅਫ਼ਸਰਾਂ (ਬੀਪੀਈਓਜ਼) ਦੀਆਂ ਅਸਾਮੀਆਂ ਖਾਲੀ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਸ) ਰੂਪਨਗਰ ਦਰਸ਼ਨਜੀਤ ਸਿੰਘ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਘਾਟ ਹੋਣਾ ਮੰਨਿਆ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਦਾ ਪੱਖ ਪੂਰਦਿਆਂ ਇਨ੍ਹਾਂ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਨ ਦੀ ਗੱਲ ਆਖੀ। ਹਾਲਾਂਕਿ ਉਨ੍ਹਾਂ ਬੀਪੀਈਓਜ਼ ਦੀ ਘਾਟ ਕਾਰਨ ਪ੍ਰਾਇਮਰੀ ਸਿੱਖਿਆ ’ਚ ਆਏ ਨਿਘਾਰ ਸਬੰਧੀ ਸਵਾਲਾਂ ਦੇ ਜਵਾਬ ’ਚ ਛੁੱਟੀ ’ਤੇ ਹੋਣ ਦੀ ਗੱਲ ਆਖ ਫੋਨ ਕੱਟ ਦਿੱਤਾ।
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਨੇ ‘ਆਪ’ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ’ਤੇ ਆਈ ਸਰਕਾਰਾਂ ਨੇ ਹੁੱਣ ਤੱਕ ਸਿੱਖਿਆ ਸੁਧਾਰਾਂ ਦੇ ਨਾਂ ਉੱਤੇ ਸਿਰਫ਼ ਬਿਆਨਬਾਜ਼ੀ ਤੋਂ ਸਿਵਾਏ ਕੁਝ ਨਹੀਂ ਕੀਤਾ। ਸਿੱਖਿਆ ਮੰਤਰੀ ਦੇ ਜ਼ਿਲ੍ਹੇ ਵਿੱਚ ਹੀ 10 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵਿੱਚੋਂ 9 ਪੋਸਟਾਂ ਖਾਲੀ ਹਨ ਤਾਂ ਬਾਕੀ ਪੰਜਾਬ ’ਚ ਪ੍ਰਾਇਮਰੀ ਸਿੱਖਿਆ ਦੇ ਹਾਲ ਤੋਂ ਸਹਿਜ਼ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜ਼ਿਲ੍ਹੇ ’ਚ ਪ੍ਰਾਇਮਰੀ ਸਿੱਖਿਆ ਮਿਹਨਤੀ ਅਧਿਆਪਕਾਂ ਦੀ ਹਿਮੰਤ ਨਾਲ ਹੀ ਚੱਲ ਰਹੀ ਹੈ, ਸਰਕਾਰ ਵੱਲੋਂ ਕੋਈ ਯੋਗਦਾਨ ਨਹੀਂ ਪਾਇਆ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੱਖ ਜਾਨਣ ਲਈ ਉਨ੍ਹਾਂ ਕਈ ਵਾਰ ਫੋਨ ਕੀਤੇ ਪਰ ਉਨ੍ਹਾਂ ਨਾ ਫੋਨ ਉਠਾਇਆ ਅਤੇ ਨਾ ਹੀ ਭੇਜੇ ਸੁਨੇਹੇ ਦਾ ਕੋਈ ਜਵਾਬ ਦਿੱਤਾ।