ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 4 ਜਨਵਰੀ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸਭ ਤੋਂ ਅੱਗੇ ਬੈਂਡ ਪਾਰਟੀਆਂ ਚੱਲ ਰਹੀਆਂ ਸਨ ਜਿਸ ਦੇ ਪਿੱਛੇ ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਦੇ ਸਿੰਘ ਜੰਗਜੂ ਗੱਤਕੇ ਦੀ ਪੇਸ਼ਕਾਰੀ ਕਰ ਰਹੇ ਸਨ। ਇਸ ਉਪਰੰਤ ਮਾਤਾ ਗੁਜਰੀ ਇਸਤਰੀ ਸਤਿਸੰਗ ਸਭਾ, ਮਾਤਾ ਸਾਹਿਬ ਕੌਰ ਇਸਤਰੀ ਸਤਿਸੰਗ ਸਭਾ, ਅਖੰਡ ਕੀਰਤਨੀ ਜਥਾ ਅਤੇ ਸਭਾ ਸੁਸਾਇਟੀਆਂ ਅਤੇ ਸੰਗਤਾਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਦੀਆਂ ਨਾਲ-ਨਾਲ ਚੱਲ ਰਹੀਆਂ ਸਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਲਾਇਲ, ਚਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਭਲਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਜਾਣਗੇ।
ਅਜਨਾਲਾ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਨਗਰ ਕੀਰਤਨ ਦਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਥਾਂ-ਥਾਂ ਲੰਗਰ ਲਗਾਏ ਗਏ। ਨਗਰ ਕੀਰਤਨ ਵਿੱਚ ਸਕੂਲੀ ਬੱਚਿਆਂ ਅਤੇ ਗਤਕਾ ਪਾਰਟੀਆਂ ਨੇ ਸ਼ਮੂਲੀਅਤ ਕੀਤੀ।
ਤਰਨ ਤਾਰਨ (ਪੱਤਰ ਪ੍ਰੇਰਕ): ਗੁਰਦੁਆਰਾ ਮਾਈ ਭਾਗੋ, ਝਬਾਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ| ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ| ਨਗਰ ਕੀਰਤਨ ਵਿੱਚ ਝਬਾਲ ਤੋਂ ਇਲਾਵਾ ਆਸ ਪਾਸ ਦੇ ਨਗਰਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ| ਨਗਰ ਕੀਰਤਨ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਦੇ ਬੱਚਿਆਂ ਦੀਆਂ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਬਣੀਆਂ| ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮਨਜੀਤ ਸਿੰਘ ਢਿੱਲੋਂ, ਆਦਰਸ਼ਪਿੰਦਰ ਸਿੰਘ ਮਾਨ, ਅਜੀਤਪਾਲ ਸਿੰਘ ਅਨੇਜਾ, ਪ੍ਰਿੰਸੀਪਲ ਅਨੁਰੀਤ ਬਾਵਾ ਅਤੇ ਹੈੱਡ ਮਿਸਟਰੈੱਸ ਸਿਮਰਪ੍ਰੀਤ ਕੌਰ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਅਤੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ।
ਧਾਰੀਵਾਲ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਭਾ (ਛੱਤੀ ਖੂਹੀ) ਧਾਰੀਵਾਲ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸਾਹਿਬ ਤੋਂ ਆਰੰਭ ਹੋ ਕੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਰਣੀਆਂ, ਨਵੀਂ ਅਬਾਦੀ ਤੋਂ ਮੁੜ ਵਾਪਿਸ ਦੇਰ ਸ਼ਾਮ ਨੂੰ ਆਰੰਭਿਕ ਸਥਾਨ ’ਤੇ ਪੁੱਜ ਕੇ ਸਮਾਪਤ ਹੋਇਆ। ਨਗਰ ਕੀਰਤਨ ’ਚ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਪਲਾਈਆਂ ਵਾਲੇ, ਮੁਖਵੰਤ ਸਿੰਘ ਨਾਗੀ, ਗੁਰਦੁਆਰਾ ਬੇਬੇ ਨਾਨਕੀ ਜੀ ਦੇ ਪ੍ਰਧਾਨ ਅਮਰਜੀਤ ਸਿੰਘ ਹੈਪੀ, ਡਾ. ਗੁਰਜਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਮੁੱਖ ਸ਼ਖ਼ਸੀਅਤਾਂ ਅਤੇ ਸੰਗਤ ਸ਼ਾਮਲ ਸੀ।
ਫਗਵਾੜਾ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਨਗਰ ਕੀਰਤਨ ਅੱਜ ਗੁਰਦੁਆਰਾ ਮਾਡਲ ਟਾਊਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ ਜੋ ਵੱਖ- ਵੱਖ ਬਾਜ਼ਾਰਾਂ ’ਚੋਂ ਲੰਘਿਆ। ਨਗਰ ਕੀਰਤਨ ’ਚ ਬੈਂਡ ਬਾਜੇ, ਗੱਤਕਾ ਪਾਰਟੀਆਂ, ਸ਼ਬਦ ਗਾਇਨ ਪਾਰਟੀਆਂ ਸ਼ਾਮਲ ਸਨ। ਨਗਰ ਕੀਰਤਨ ਦਾ ਸੰਗਤਾਂ ਵੱਲੋਂ ਥਾਂ-ਥਾਂ ਭਰਵਾਂ ਸੁਆਗਤ ਕੀਤਾ ਗਿਆ ਤੇ ਲੰਗਰ ਲਾਏ ਗਏ। ਇਸ ਮੌਕੇ ‘ਆਪ’ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਮੋਹਨ ਸਿੰਘ ਸਾਈ, ਐੱਸ.ਪੀ. ਰੁਪਿੰਦਰ ਕੌਰ ਭੱਟੀ, ਸੰਤ ਗੁਰਚਰਨ ਸਿੰਘ ਪੰਡਵਾਂ, ਅਕਾਲੀ ਆਗੂ ਰਣਜੀਤ ਸਿੰਘ ਖੁਰਾਨਾ, ਗੁਰਦੁਆਰਾ ਮਾਡਲ ਟਾਊਨ ਪ੍ਰਧਾਨ ਸਤਬੀਰ ਸਿੰਘ ਸਾਬੀ, ਰਸ਼ਪਾਲ ਬਾਵਾ, ਅਵਤਾਰ ਸਿੰਘ ਮੰਡ, ਅਜੀਤ ਸਿੰਘ ਵਾਲੀਆ ਤੇ ਹਰਜੀ ਮਾਨ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।
ਚੀਫ਼ ਖ਼ਾਲਸਾ ਦੀਵਾਨ ਨੇ ਨਗਰ ਕੀਰਤਨ ਸਜਾਇਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਿੱਖੀ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ ਜਿਸਦਾ ਆਰੰਭ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਤੋਂ ਕੀਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਜੀ ਨਿੱਜਰ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਐਡੀਸ਼ਨਲ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਅਤੇ ਜਸਪਾਲ ਸਿੰਘ ਢਿੱਲੋਂ ਸਮੇਤ ਹੋਰਨਾਂ ਮੈਂਬਰਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ‘ਜੀ ਆਇਆਂ ਨੂੰ ਆਖਦਿਆਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਨਗਰ ਕੀਰਤਨ ਵਿੱਚ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ, ਹਸਪਤਾਲ ਸਟਾਫ਼, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਸੀ.ਕੇ.ਡੀ. ਨਰਸਿੰਗ ਕਾਲਜ ਦੇ ਵਿਦਿਆਰਥੀ, ਟੀਚਿੰਗ, ਨਾਨ-ਟੀਚਿੰਗ ਸਟਾਫ, ਪ੍ਰਿੰਸੀਪਲ ਸਾਹਿਬਾਨ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸਾਹਿਬਾਨ ਸ਼ਾਮਲ ਸਨ। ਨਗਰ ਕੀਰਤਨ ਵਿੱਚ ਵੱਖ-ਵੱਖ ਸਕੂਲਾਂ ਦੀਆਂ ਬੈਂਡ ਅਤੇ ਗਤਕਾ ਟੀਮਾਂ ਸ਼ਾਮਲ ਸਨ। ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਪਿੰਡ ਬੱਗਾ ਅਤੇ ਮਲਸੀਆਂ ’ਚ ਨਗਰ ਕੀਰਤਨਾਂ ਦਾ ਸੁਆਗਤ
ਸ਼ਾਹਕੋਟ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੱਗਾ ਅਤੇ ਮਲਸੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਗੁਰਦੁਆਰਾ ਸਿੰਘ ਸਭਾ ਬੱਗਾ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪਿੰਡ ਫਾਜਿਲਵਾਲ, ਸਾਂਦ, ਭੱਦਮਾ, ਦਾਨੇਵਾਲ, ਗਿਹਲਣ ਅਤੇ ਰੌਤ ਵਿੱਚੋਂ ਹੁੰਦਾ ਹੋਇਆ ਮੁੜ ਬੱਗਾ ਆ ਕੇ ਸਮਾਪਤ ਹੋਇਆ। ਮਲਸੀਆਂ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਮਲਸੀਆਂ ਦੀਆਂ ਵੱਖ-ਵੱਖ ਪੱਤੀਆਂ ਅਤੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਰਾਗੀ ਤੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਗ੍ਰੰਥੀ ਭਾਈ ਮੇਜਰ ਸਿੰਘ, ਸਰਪੰਚ ਜਸਵੰਤ ਸਿੰਘ ਗਿੱਲ, ਅਮਰੀਕ ਸਿੰਘ ਮੱਟੂ, ਬਿਕਰਮ ਸਿੰਘ ਮੱਟੂ, ਡਾ. ਨਗਿੰਦਰ ਸਿੰਘ ਬਾਂਸਲ, ਹਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। - ਪੱਤਰ ਪ੍ਰੇਰਕ