ਘਸੀਟਪੁਰ ਕਲਾਂ ਦੀ ਪੰਚਾਇਤ ਵੱਲੋਂ ਨਸ਼ਿਆਂ ਖ਼ਿਲਾਫ਼ ਸਖ਼ਤ ਸਟੈਂਡ
ਦਲਬੀਰ ਸੱਖੋਵਾਲੀਆ
ਬਟਾਲਾ, 5 ਜਨਵਰੀ
ਇਥੇ ਪਿੰਡ ਘਸੀਟਪੁਰ ਕਲਾਂ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ’ਚ ਨਸ਼ੇ ਵੇਚਣ, ਖ਼ਰੀਦਣ ਅਤੇ ਕਰਨ ਵਾਲੇ ਲੋਕਾਂ ਵਿਰੁੱਧ ਜਿੱਥੇ ਸਖ਼ਤ ਸਟੈਂਡ ਲਿਆ ਹੈ, ਉਥੇ ਪਰਵਾਸੀ ਮਜ਼ਦੂਰ ਦਾ ਪਿੰਡ ਦੇ ਪਤੇ ’ਤੇ ਆਧਾਰ ਕਾਰਡ ਜਾਂ ਵੋਟ ਨਾ ਬਣਨ ਦੇਣ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ।
ਇਸੇ ਤਰ੍ਹਾਂ ਪਿੰਡ ’ਚ ਹੀ ਵਿਆਹ ਕਰਨ ਵਾਲੇ ਲੜਕੇ/ਲੜਕੀ ਦਾ ਬਾਈਕਾਟ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਸਰਪੰਚ ਲਵਪ੍ਰੀਤ ਕੌਰ ਸਮੂਹ ਪੰਚਾਂ ਸਮੇਤ ਪਿੰਡ ਵਾਸੀਆਂ ਵੱਲੋਂ ਇੱਕ ਇਕੱਤਰਤਾ ਕੀਤੀ ਗਈ। ਜਿਸ ਵਿੱਚ ਨਸ਼ਾ ਵੇਚਣ ਵਾਲੇ, ਖ਼ਰੀਦਣ ਅਤੇ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਸਟੈਂਡ ਲਿਆ ਗਿਆ। ਸਰਪੰਚ ਲਵਪ੍ਰੀਤ ਕੌਰ, ਗੁਰਜੀਤ ਸਿੰਘ ਨੇ ਦੱਸਿਆ ਕਿ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕੁਝ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਿੰਡ ’ਚ ਨਸ਼ਾ ਵੇਚਣ ਵਾਲੇ ਦੀ ਪੁਲੀਸ ਵੱਲੋਂ ਫੜੇ ਜਾਣ ਤੇ ਕਿਸੇ ਤਰ੍ਹਾਂ ਪੈਰਵਾਈ ਨਹੀਂ ਕੀਤੀ ਜਾਵੇਗੀ। ਅਜਿਹ ਅਨਸਰ ਦੀ ਕਿਸ ਪਿੰਡ ਵਾਸੀ ਵੱਲੋਂ ਜ਼ਮਾਨਤ ਨਹੀਂ ਭਰੀ ਜਾਵੇਗੀ। ਉਨ੍ਹਾਂ ਪਿੰਡ ’ਚ ਆਪਸੀ ਪਿਆਰ ਏਕਤਾ ਨੂੰ ਹੋਰ ਗੂੜਾ ਕਰਨ ਹਿੱਤ ਛੋਟੇ-ਮੋਟੇ ਝਗੜੇ ਪਿੰਡ ’ਚ ਹੀ ਨਿਪਟਾਏ ਜਾਣ ਤੋਂ ਜਾਣੂ ਕਰਵਾਇਆ। ਪੰਚਾਇਤ ਵੱਲੋਂ ਪਿੰਡ ’ਚ ਦੂਜੇ ਪ੍ਰਾਂਤਾਂ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਪਿੰਡ ’ਚ ਨਾ ਹੀ ਵੋਟ ਬਣੇਗੀ ਅਤੇ ਨਾ ਹੀ ਉਨ੍ਹਾਂ ਦਾ ਆਧਾਰ ਕਾਰਡ ਪਿੰਡ ਦੇ ਪਤੇ ’ਤੇ ਬਣੇਗਾ। ਸਰਪੰਚ ਨੇ ਦੱਸਿਆ ਕਿ ਪਿੰਡ ’ਚ ਭਾਈਚਾਰਕ ਸਾਂਝ ਨੂੰ ਹੋਰ ਵਧਾਉਣ ਲਈ ਪਿੰਡ ’ਚ ਵਿਆਹ ਕਰਾਉਣ ਵਾਲੇ ਦਾ ਪੰਚਾਇਤ ਸਾਥ ਨਹੀਂ ਦੇਵੇਗੀ। ਪਿੰਡ ’ਚ ਕੋਈ ਵੀ ਮੈਡੀਕਲ ਸਟੋਰ, ਡਾਕਟਰ ਨਸ਼ਾ ਕਰਨ ਵਾਲੇ ਨੂੰ ਸਰਿੰਜ ਅਤੇ ਪਾਬੰਦੀਸ਼ੁਦਾ ਦਵਾਈਆਂ ਦੇਵੇਗਾ ਤਾਂ ਪੰਚਾਇਤ ਖ਼ੁਦ ਉਸ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਵੇਗੀ।
ਇਸੇ ਤਰ੍ਹਾਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ, ਜਤਿੰਦਰ ਸਿੰਘ, ਸਾਬਕਾ ਸੂਬੇਦਾਰ ਅਵਤਾਰ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਜ਼ੋਰਾਵਰ ਸਿੰਘ, ਜਗਜੀਤ ਸਿੰਘ, ਜਤਿੰਦਰ ਸਿੰਘ, ਪ੍ਰੇਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਪਾਸ ਕੀਤੇ ਮਤਿਆਂ ਨੂੰ ਉਚ ਅਧਿਕਾਰੀਆਂ ਨੂੰ ਜਲਦ ਸੌਂਪ ਦਿੱਤੇ ਜਾਣਗੇ।