ਚੋਰੀ ਦੀਆਂ ਘਟਨਾਵਾਂ ਤੋਂ ਅੱਕੇ ਦੁਕਾਨਦਾਰਾਂ ਵੱਲੋਂ ਮੁਜ਼ਾਹਰਾ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 22 ਅਗਸਤ
ਪੁਲੀਸ ਨੇ ਆਗੂਆਂ ’ਤੇ ਅੱਜ ਉਸ ਸਮੇਂ ਪਰਚੇ ਦਰਜ ਕਰ ਦਿੱਤੇ, ਜਦੋਂ ਪਿੰਡ ਹਿੰਮਤਪੁਰਾ ਵਿੱਚ ਹੋਈਆਂ ਚੋਰੀ ਅਤੇ ਲੁੱਟਾਂ-ਖੋਹ ਦੀਆਂ ਘਟਨਾਵਾਂ ਸਬੰਧੀ ਠੋਸ ਕਾਰਵਾਈ ਨਾ ਹੋਣ ਖ਼ਿਲਾਫ਼ ਦੁਕਾਨਦਾਰਾਂ ਨੇ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਰੋਸ ਭਰਪੂਰ ਰੈਲੀ ਅਤੇ ਮੁਜ਼ਾਹਰਾ ਕੀਤਾ। ਪਰਚੇ ਦਰਜ ਕਰਨ ਦੀ ਲੋਕ ਹਿਤੈਸ਼ੀ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ।
ਬੁਲਾਰਿਆਂ ਨੇ ਕਿਹਾ ਕਿ ਚੋਰੀ ਦੀ ਰਿਪੋਟ ਲਿਖਵਾਏ ਨੂੰ ਹਫ਼ਤਾ ਬੀਤ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਚੋਰਾਂ ਨੂੰ ਹਾਕਮ ਧਿਰ ਦੇ ਲੀਡਰ ਦੀ ਸਿਆਸੀ ਸ਼ਹਿ ਪ੍ਰਾਪਤ ਹੈ, ਜਿਸਨੂੰ ਬਚਾਉਣ ਲਈ ਪੁਲੀਸ ਪ੍ਰਸ਼ਾਸਨ ਸਮੇਤ ਪੂਰੀ ਰਾਜ ਮਸ਼ੀਨਰੀ ਝੋਕੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕਾਂ ਨੇ 50 ਦਿਨ ਸੰਘਰਸ਼ ਕਰਕੇ ਪਿੰਡ ’ਚੋਂ ਸ਼ਰਾਬ ਦਾ ਠੇਕਾ ਚੁਕਵਾਇਆ ਸੀ। ਪੁਲੀਸ ਨੇ ਧਰਨੇੇ ਦੌਰਾਨ ਮੋਢੀ ਆਗੂਆਂ ਨੌਜਵਾਨ ਭਾਰਤ ਸਭਾ ਦੇ ਗੁਰਮੁਖ ਹਿੰਮਤਪੁਰਾ ਅਤੇ ਭਾਰਤੀ ਕਿਸਾਨ ਕਿਸਾਨ ਯੂਨੀਅਨ ਦੇ ਜੰਗੀਰ ਸਿੰਘ ਸਮੇਤ ਕਈ ਲੋਕਾਂ ’ਤੇ ਪਰਚੇ ਦਰਜ ਕੀਤੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਮਰਜੀਤ ਸਿੰਘ ਸੈਦੋ ਕੇ ਡੀਟੀਐੱਫ ਦੇ ਅਮਨਦੀਪ ਮਾਛੀ ਕੇ, ਖੇਤ ਮਜ਼ਦੂਰ ਯੂਨੀਅਨ ਦੇ ਦਰਸ਼ਨ ਸਿੰਘ ਹਿੰਮਤਪੁਰਾ ਅਤੇ ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾ ਨੇ ਹੱਕਾਂ ਆਗੂਆਂ ’ਤੇ ਪਰਚਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ।