ਨਿਸ਼ਾਨੇਬਾਜ਼ੀ: ਭਾਰਤੀ ਜੋੜੀ ਇੱਕ ਅੰਕ ਨਾਲ ਤਗ਼ਮੇ ਤੋਂ ਖੁੰਝੀ
ਚੈਟੋਰੌਕਸ, 5 ਅਗਸਤ
ਭਾਰਤੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਅਤੇ ਅਨੰਤਜੀਤ ਸਿੰਘ ਨਾਰੂਕਾ ਪੈਰਿਸ ਓਲੰਪਿਕ ਸਕੀਟ ਮਿਕਸਡ ਟੀਮ ਮੁਕਾਬਲੇ ਦੇ ਕਾਂਸੇ ਦੇ ਤਗ਼ਮੇ ਦੇ ਮੈਚ ਦੌਰਾਨ ਅੱਜ ਇੱਥੇ ਚੀਨ ਦੀ ਯਿਤਿੰਗ ਜਿਆਂਗ ਅਤੇ ਜਿਆਨਲਿਨ ਲਿਊ ਦੀ ਜੋੜੀ ਤੋਂ ਇੱਕ ਅੰਕ ਨਾਲ ਹਾਰ ਗਈ। ਭਾਰਤੀ ਜੋੜੀ ਨੂੰ 48 ਨਿਸ਼ਾਨਿਆਂ ਦੇ ਫਾਈਨਲ ਮੈਚ ਵਿੱਚ 44-43 ਨਾਲ ਹਾਰ ਝੱਲਣੀ ਪਈ। ਮਹੇਸ਼ਵਰੀ ਆਪਣੇ 24 ਨਿਸ਼ਾਨਿਆਂ ਵਿੱਚੋਂ ਤਿੰਨ ਖੁੰਝ ਗਈ, ਜਦਕਿ ਨਾਰੂਕਾ ਦੋ ਨਿਸ਼ਾਨੇ ਖੁੰਝ ਗਿਆ।
ਚੀਨ ਦੀ ਯਿਤਿੰਗ ਜਿਆਂਗ ਚਾਰ ਨਿਸ਼ਾਨੇ ਖੁੰਝ ਗਈ ਪਰ ਉਸ ਦੇ ਸਾਥੀ ਪੁਰਸ਼ ਖਿਡਾਰੀ ਜਿਆਨਲਿਨ ਲਿਊ ਨੇ ਆਪਣੇ ਸਾਰੇ ਨਿਸ਼ਾਨੇ ਸਹੀ ਲਗਾ ਕੇ ਇਸ ਦੀ ਭਰਪਾਈ ਕਰ ਦਿੱਤੀ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਵਿੱਚ ਭਾਰਤੀ ਜੋੜੀ ਨੇ 146 ਦਾ ਸਕੋਰ ਬਣਾ ਕੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ। ਭਾਰਤੀ ਜੋੜੀ ਕੁਆਲੀਫਿਕੇਸ਼ਨ ਦੇ ਪਹਿਲੇ ਰਾਊਂਡ ਮਗਰੋਂ 49 ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਸੀ। ਪਹਿਲੇ ਰਾਊਂਡ ਵਿੱਚ ਨਾਰੂਕਾ ਨੇ 25 ਵਿੱਚੋਂ 25 ਅਤੇ ਮਹੇਸ਼ਵਰੀ ਨੇ 24 ਅੰਕ ਬਣਾਏ। ਦੂਜੇ ਰਾਊਂਡ ਵਿੱਚ ਮਹੇਸ਼ਵਰੀ ਨੇ 25 ਅੰਕ ਬਣਾਏ ਪਰ ਨਾਰੂੁਕਾ ਆਪਣੀ ਦੂਜੀ ਅਤੇ ਪੰਜਵੀਂ ਸੀਰੀਜ਼ ਵਿੱਚ ਨਿਸ਼ਾਨਾ ਖੁੰਝ ਕੇ 23 ਅੰਕ ਹੀ ਬਣਾ ਸਕਿਆ। ਤੀਜੇ ਰਾਊਂਡ ਵਿੱਚ ਮਹੇਸ਼ਵਰੀ ਨੇ 25 ਅਤੇ ਨਾਰੂਕਾ ਨੇ 24 ਅੰਕ ਬਣਾਏ। -ਪੀਟੀਆਈ