ਅਜੇ ਦੇਵਗਨ ਦੀ ‘ਸਨ ਆਫ ਸਰਦਾਰ-2’ ਫ਼ਿਲਮ ਦੀ ਸ਼ੂਟਿੰਗ ਯੂਕੇ ਵਿੱਚ ਸ਼ੁਰੂ
ਮੁੰਬਈ:
ਸਾਲ 2012 ’ਚ ਆਈ ਫਿਲਮ ‘ਸਨ ਆਫ ਸਰਦਾਰ’ ਦੀ ਸਫਲਤਾ ਤੋਂ ਬਾਅਦ ਅਜੇ ਦੇਵਗਨ ਨੇ ਇਸ ਐਕਸ਼ਨ ਤੇ ਕਾਮੇਡੀ ਭਰਪੂਰ ਫ਼ਿਲਮ ਦੇ ਅਗਲੇ ਸਿਕੁਅਲ ‘ਸਨ ਆਫ ਸਰਦਾਰ-2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਯੂਕੇ ਵਿੱਚ ਕੀਤੀ ਜਾ ਰਹੀ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਜਾਣਕਾਰੀ ਸਾਂਝੀ ਕਰਦਿਆਂ ਅਜੇ ਨੇ ਫ਼ਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇੱਕ ਵੀਡੀਓ ’ਚ ਅਜੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੱਥ ਜੋੜ ਕੇ ਅਰਦਾਸ ਕਰ ਰਿਹਾ ਹੈ ਤੇ ਉਸ ਦਾ ਬੇਟਾ ਯੁੱਗ ਵੀ ਉਸ ਦੇ ਨਾਲ ਮੌਜੂਦ ਹੈ। ਸ਼ੂਟਿੰਗ ਦੌਰਾਨ ਅਜੇ ਨੇ ਪੱਗ ਬੰਨ੍ਹੀ ਹੋਈ ਹੈ। ਇਸ ਫ਼ਿਲਮ ਵਿੱਚ ਅਜੇ ਨਾਲ ਸਹਿ-ਕਲਾਕਾਰ ਵਜੋਂ ਭੂਮਿਕਾ ਨਿਭਾਉਣ ਵਾਲੀ ਮ੍ਰਿਣਾਲ ਠਾਕੁਰ ਪੰਜਾਬੀ ਪਹਿਰਾਵੇ ’ਚ ਸਜੀ ਹੋਈ ਹੈ ਤੇ ਉਹ ਬੜੇ ਖੁਸ਼ੀ ਦੇ ਰੌਂਅ ’ਚ ਢੋਲ ਵਜਾ ਰਹੀ ਹੈ। ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਯੂਕੇ ਵਿੱਚ ਕੀਤੀ ਜਾਵੇਗੀ ਤੇ ਬਾਅਦ ਵਿੱਚ ਭਾਰਤ ’ਚ ਵੀ ਇਸ ਫ਼ਿਲਮ ਦੀ ਸ਼ੂਟਿੰਗ ਹੋਵੇਗੀ। -ਏਐੱਨਆਈ