For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਮਨੂ ਭਾਕਰ ਤਗ਼ਮਿਆਂ ਦੀ ਹੈਟ੍ਰਿਕ ਲਗਾਉਣ ਤੋਂ ਖੁੰਝੀ

08:04 AM Aug 04, 2024 IST
ਨਿਸ਼ਾਨੇਬਾਜ਼ੀ  ਮਨੂ ਭਾਕਰ ਤਗ਼ਮਿਆਂ ਦੀ ਹੈਟ੍ਰਿਕ ਲਗਾਉਣ ਤੋਂ ਖੁੰਝੀ
ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੀ ਮੈਂਬਰ ਨਾਲ ਸਲਾਹ ਕਰਦੀ ਹੋਈ ਮਨੂ ਭਾਕਰ। -ਫੋਟੋ: ਪੀਟੀਆਈ
Advertisement

ਚੈਟੋਰੌਕਸ, 3 ਅਗਸਤ
ਓਲੰਪਿਕ ਵਿੱਚ ਤਗ਼ਮਿਆਂ ਦੀ ਹੈਟ੍ਰਿਕ ਲਗਾਉਣ ਦਾ ਮਨੂ ਭਾਕਰ ਦਾ ਸੁਪਨਾ ਅੱਜ ਇੱਥੇ 25 ਮੀਟਰ ਸਪੋਰਟਸ ਪਿਸਟਲ ’ਚ ਕਾਂਸੇ ਦੇ ਤਗ਼ਮੇ ਲਈ ਹੰਗਰੀ ਦੀ ਖਿਡਾਰਨ ਤੋਂ ਸ਼ੂਟ ਆਫ ਵਿੱਚ ਪਛੜਨ ਮਗਰੋਂ ਪੂਰਾ ਨਹੀਂ ਹੋ ਸਕਿਆ ਹੈ।
ਅੱਠ ਨਿਸ਼ਾਨੇਬਾਜ਼ਾਂ ਦੇ ਕਰੀਬੀ ਫਾਈਨਲ ਵਿੱਚ ਮਨੂ ਨੇ ਆਪਣੀ ਪੂਰੀ ਵਾਹ ਲਾਈ ਅਤੇ ਕੁੱਝ ਸਮੇਂ ਤੱਕ ਸਿਖਰਲੇ ਸਥਾਨ ’ਤੇ ਵੀ ਰਹੀ ਪਰ ਉਹ ਆਪਣੀ ਲੈਅ ਬਰਕਰਾਰ ਰੱਖਣ ਵਿੱਚ ਨਾਕਾਮ ਰਹੀ। ਹਾਲਾਂਕਿ ਇਸ 22 ਸਾਲਾ ਖਿਡਾਰਨ ਨੇ ਮਹਿਲਾ 10 ਮੀਟਰ ਏਅਰ ਪਿਸਟਲ ਅਤੇ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਵਿੱਚ ਸਰਬਜੋਤ ਸਿੰਘ ਨਾਲ ਮਿਲ ਕੇ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ। ਉਹ ਇੱਕ ਹੀ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਚੁੱਕੀ ਹੈ। ਮਨੂ ਪੰਜ-ਪੰਜ ਨਿਸ਼ਾਨਿਆਂ ਦੀ 10 ਸੀਰੀਜ਼ ਦੇ ਫਾਈਨਲ ਵਿੱਚ ਸ਼ੁਰੂਆਤੀ ਅੱਠ ਸੀਰੀਜ਼ ਮਗਰੋਂ 28 ਅੰਕਾਂ ਨਾਲ ਹੰਗਰੀ ਦੀ ਵੈਰੋਨਿਕਾ ਮੇਜਰ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ਉੱਤੇ ਰਹੀ ਸੀ। ਇਸ ਮਗਰੋਂ ਸ਼ੂਟ ਆਫ ਵਿੱਚ ਮਨੂ ਪੰਜ ਵਿੱਚੋਂ ਤਿੰਨ ਨਿਸ਼ਾਨੇ ਹੀ ਲਗਾ ਸਕੀ, ਜਦਕਿ ਮੇਜਰ ਨੇ ਚਾਰ ਸਟੀਕ ਨਿਸ਼ਾਨਿਆਂ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। ਮਨੂ ਦੀ ਸ਼ਾਨਦਾਰ ਲੈਅ ਨੂੰ ਦੇਖਦਿਆਂ ਉਸ ਦੇ ਤਗ਼ਮਿਆਂ ਦੀ ਹੈਟ੍ਰਿਕ ਲਗਾਉਣ ਦੀਆਂ ਉਮੀਦਾਂ ਬਹੁਤ ਜ਼ਿਆਦਾ ਸੀ। ਫਾਈਨਲ ਦੀ ਸ਼ੁਰੂਆਤ ਵਿੱਚ ਛੇਵੇਂ ਸਥਾਨ ’ਤੇ ਖਿਸਕਣ ਮਗਰੋਂ ਵੀ ਉਹ ਵਾਪਸੀ ਕਰਨ ’ਚ ਸਫਲ ਰਹੀ। ਮਨੂ ਸ਼ੁਰੂਆਤੀ ਸੀਰੀਜ਼ ਵਿੱਚ ਪੰਜ ਵਿੱਚੋਂ ਤਿੰਨ ਨਿਸ਼ਾਨੇ ਖੁੰਝ ਗਈ। ਚੌਥੀ ਸੀਰੀਜ਼ ਤੋਂ ਐਲਿਮੀਨੇਸ਼ਨ ਰਾਊਂਡ ਸ਼ੁਰੂ ਹੋਇਆ। ਮਨੂ ਸੱਤਵੇਂ ਰਾਊਂਡ (ਐਲਿਮੀਨੇਸ਼ਨ ਦਾ ਚੌਥਾ ਰਾਊਂਡ) ਵਿੱਚ ਕੁੱਝ ਸਮੇਂ ਲਈ ਸੂਚੀ ’ਚ ਸਿਖਰ ’ਤੇ ਪਹੁੰਚੀ। ਦੱਖਣੀ ਕੋਰੀਆ ਦੀ ਜਿਨ ਯਾਂਗ ਨੇ ਤੁਰੰਤ ਅੱਠਵੇਂ ਗੇੜ ਵਿੱਚ ਸਿਖਰਲੇ ਸਥਾਨ ’ਤੇ ਵਾਪਸੀ ਕੀਤੀ, ਜਦਕਿ ਦੂਜੇ ਸਥਾਨ ’ਤੇ ਕਾਬਜ਼ ਮਨੂ ਪੰਜ ਵਿੱਚੋਂ ਤਿੰਨ ਨਿਸ਼ਾਨੇ ਲਗਾਉਣ ਮਗਰੋਂ ਵੈਰੋਨਿਕਾ ਨਾਲ ਤੀਜੇ ਸਥਾਨ ’ਤੇ ਖਿਸਕ ਗਈ। ਇਸ ਮੁਕਾਬਲੇ ਦਾ ਸੋਨੇ ਦਾ ਤਗ਼ਮਾ ਜਿਨ ਯਾਂਗ ਅਤੇ ਚਾਂਦੀ ਦਾ ਤਗ਼ਮਾ ਫਰਾਂਸ ਦੀ ਕੈਮਿਲੀ ਜੇਦ੍ਰਜ਼ੇਜੇਵਸਕੀ ਨੇ ਜਿੱਤਿਆ। ਇਸ ਤੋਂ ਪਹਿਲਾਂ ਮਨੂ ਨੇ ਪ੍ਰੀਸਿਜ਼ਨ ਵਿੱਚ 294 ਅਤੇ ਰੈਪਿਡ ਵਿੱਚ 296 ਅੰਕਾਂ ਨਾਲ ਕੁੱਲ 590 ਅੰਕ ਹਾਸਲ ਕਰਦਿਆਂ ਕੁਆਲੀਫਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ। -ਪੀਟੀਆਈ

Advertisement

ਤੀਜੇ ਤਗ਼ਮੇ ਦਾ ਕੋਈ ਦਬਾਅ ਨਹੀਂ ਸੀ: ਮਨੂ ਭਾਕਰ

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮੁਕਾਬਲੇ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਉਸ ’ਤੇ ਤੀਜਾ ਤਗ਼ਮਾ ਜਿੱਤਣ ਦਾ ਕੋਈ ਦਬਾਅ ਨਹੀਂ ਸੀ ਅਤੇ ਉਹ ਇਸ ਦੀ ਭਰਪਾਈ ਅਗਲੀਆਂ ਓਲੰਪਿਕ ਖੇਡਾਂ ਵਿੱਚ ਕਰ ਲਵੇਗੀ। ਮਨੂ ਨੇ ਚੌਥੇ ਸਥਾਨ ’ਤੇ ਰਹਿੰਦਿਆਂ ਆਪਣੀ ਓਲੰਪਿਕ ਮੁਹਿੰਮ ਦੀ ਸਮਾਪਤੀ ਕੀਤੀ ਪਰ ਉਹ ਇਸ ਤੋਂ ਪਹਿਲਾਂ ਹੀ ਦੋ ਤਗ਼ਮੇ ਜਿੱਤ ਕੇ ਆਜ਼ਾਦੀ ਮਗਰੋਂ ਕਿਸੇ ਇੱਕ ਓਲੰਪਿਆਡ ਵਿੱਚ ਇਹ ਪ੍ਰਾਪਤੀ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਮਨੂ ਨੇ ਕਿਹਾ ਕਿ ਓਲੰਪਿਕ ਖੇਡਾਂ ਦਾ ਤਜਰਬਾ ਉਸ ਨੂੰ ਅੱਗੇ ਪ੍ਰੇਰਨਾ ਦਿੰਦਾ ਰਹੇਗਾ। ਉਸ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਮੈਂ ਦਬਾਅ ਵਿੱਚ ਸੀ ਕਿਉਂਕਿ ਜਿਉਂ ਹੀ ਮੇਰਾ ਪਿਛਲਾ ਮੈਚ ਸਮਾਪਤ ਹੋਇਆ ਤਾਂ ਮੇਰੇ ਕੋਚ ਨੇ ਕਿਹਾ ਕਿ ਇਤਿਹਾਸ ਇਤਿਹਾਸ ਹੁੰਦਾ ਹੈ ਅਤੇ ਹੁਣ ਵਰਤਮਾਨ ਵਿੱਚ ਰਹੋ। ਤੁਸੀਂ ਬਾਅਦ ਵਿੱਚ ਮੰਥਨ ਕਰ ਸਕਦੇ ਹੋ ਕਿ ਇਹ ਸਭ ਕਿਵੇਂ ਹੋਇਆ।’’ ਮਨੂ ਨੇ ਕਿਹਾ, ‘‘ਜਸਪਾਲ ਰਾਣਾ ਸਰ ਮੈਨੂੰ ਵਰਤਮਾਨ ਵਿੱਚ ਬਣਾਈ ਰੱਖਦੇ ਹਨ। ਮੇਰੇ ’ਤੇ ਤੀਜਾ ਤਗ਼ਮਾ ਜਿੱਤਣ ਦਾ ਕੋਈ ਦਬਾਅ ਨਹੀਂ ਸੀ ਪਰ ਮੈਂ ਯਕੀਨੀ ਤੌਰ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ। ਚੌਥਾ ਤਗ਼ਮਾ ਹਾਸਲ ਕਰਨਾ ਬਹੁਤਾ ਚੰਗਾ ਨਹੀਂ ਲੱਗਦਾ ਪਰ ਅਗਲੀ ਵਾਰ ਯਕੀਨੀ ਤੌਰ ’ਤੇ ਨਤੀਜੇ ਮੇਰੇ ਅਨੁਕੂਲ ਹੋਣਗੇ। ਅਗਲੀ ਵਾਰ ਮੈਂ ਆਪਣੀ ਸਰਵੋਤਮ ਕੋਸ਼ਿਸ਼ ਕਰਾਂਗੀ ਅਤੇ ਸਖ਼ਤ ਮਿਹਤਨ ਕਰੂੰਗੀ ਤਾਂ ਕਿ ਅਗਲੀ ਵਾਰ ਭਾਰਤ ਨੂੰ ਬਿਹਤਰ ਨਤੀਜੇ ਦੇ ਸਕਾਂ।’’ ਮਨੂੁ ਨੇ ਕਿਹਾ ਕਿ ਉਹ ਆਪਣਾ ਧਿਆਨ 2028 ਲਾਂਸ ਏਂਜਲਸ ਓਲੰਪਿਕ ’ਤੇ ਕੇਂਦਰਿਤ ਕਰ ਰਹੀ ਹੈ।

Advertisement

Advertisement
Author Image

sukhwinder singh

View all posts

Advertisement