ਅੰਕੁਸ਼ ਕਮਾਲਪੁਰ ਗਰੋਹ ਦਾ ਸ਼ੂਟਰ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਜੁਲਾਈ
ਅੰਬਾਲਾ ਐੱਸਟੀਐੱਫ ਨੇ ਕੁਰੂਕਸ਼ੇਤਰ ਵਿੱਚ ਆਡੀ ਕਾਰ ਸਵਾਰ ਆਈਲੈਟਸ ਸੈਂਟਰ ਸੰਚਾਲਕ ਸੰਜੈ ਬੂਰਾ ’ਤੇ ਦਿਨ-ਦਿਹਾੜੇ ਗੋਲੀਆਂ ਚਲਾਉਣ ਵਾਲੇ ਰੌਬਿਨ ਨਾਂ ਦੇ ਸ਼ੂਟਰ ਨੂੰ ਸ਼ਾਹਬਾਦ ਤੋਂ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਕਰਨਾਲ ਦੇ ਅੰਕੁਸ਼ ਕਮਾਲਪੁਰ ਗਰੋਹ ਦਾ ਸ਼ੂਟਰ ਹੈ। ਐੱਸਟੀਐੱਫ ਦੇ ਡੀਐੱਸਪੀ ਅਮਨ ਕੁਮਾਰ ਨੇ ਦੱਸਿਆ ਕਿ ਸੰਜੈ ਬੂਰਾ ਨਾਮ ਦਾ ਇਕ ਵਿਅਕਤੀ ਕੁਰੂਕਸ਼ੇਤਰ ਦੇ ਸੈਕਟਰ-10 ਵਿੱਚ ਆਈਲੈਟਸ ਸੈਂਟਰ ਚਲਾਉਂਦਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅੱਜ ਜਦੋਂ ਉਹ ਆਪਣੇ ਦੋਸਤ ਬਲਰਾਮ ਬੂਰਾ ਦੇ ਨਾਲ ਆਡੀ ਕਾਰ ਵਿੱਚ ਆਪਣੇ ਪਿੰਡ ਕਿਰਮਚ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਉੱਤੇ ਛੇ-ਸੱਤ ਗੋਲੀਆਂ ਚਲਾ ਦਿੱਤੀਆਂ। ਚਾਰ ਗੋਲੀਆਂ ਕਾਰ ਦੀ ਕੰਡਕਟਰ ਵਾਸੇ ਪਾਸੇ ਦੀ ਖਿੜਕੀ ’ਤੇ ਲੱਗੀਆਂ ਅਤੇ ਇਕ ਗੋਲੀ ਸੰਜੈ ਦੇ ਦੋਸਤ ਬਲਰਾਮ ਦੇ ਸਿਰ ਨੂੰ ਛੂਹੰਦੀ ਹੋਈ ਨਿਕਲ ਗਈ। ਐੱਸਟੀਐੱਫ ਅਨੁਸਾਰ ਫਾਇਰਿੰਗ ਤੋਂ ਕੁਝ ਹੀ ਮਿੰਟਾਂ ਬਾਅਦ ਹੀ ਸੰਜੈ ਬੂਰਾ ਨੂੰ ਅੰਕੁਸ਼ ਕਮਾਲਪੁਰ ਗਰੋਹ ਅਤੇ ਪ੍ਰਿਅਵ੍ਰਤ ਫੌਜੀ ਗਰੋਹ ਦੇ ਮੈਂਬਰ ਅਮਨ ਸਾਂਬੀ ਨੇ ਫੋਨ ਕਰ ਕੇ ਇਕ ਕਰੋੜ ਦੀ ਫਿਰੌਤੀ ਮੰਗੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਐੱਸਟੀਐੱਫ ਸ਼ੂਟਰ ਰੌਬਿਨ ਕੋਲੋਂ ਪੁੱਛਗਿਛ ਕਰ ਰਹੀ ਹੈ। ਸੰਜੈ ਬੂਰਾ ਤੇ ਫਾਇਰਿੰਗ ਤੋਂ ਬਾਅਦ ਕੁਰੂਕਸ਼ੇਤਰ ਦੇ ਸੀਆਈਏ-2 ਨੇ ਗੈਂਗਸਟਰ ਪ੍ਰਿਅਵ੍ਰਤ ਫੌਜੀ ਨੂੰ ਵੀ ਕਰਨਾਲ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ’ਚ ਲੈ ਲਿਆ ਹੈ ਅਤੇ ਛੇ ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿਛ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਿਅਵ੍ਰਤ ਫੌਜੀ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਵਿੱਚ ਵੀ ਮੁੱਖ ਮੁਲਜ਼ਮ ਹੈ।