For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ ਸਮਾਗਮ ਸਬੰਧੀ ਸ਼ੋਭਾ ਯਾਤਰਾਵਾਂ ਕੱਢੀਆਂ

06:52 AM Jan 22, 2024 IST
ਅਯੁੱਧਿਆ ਸਮਾਗਮ ਸਬੰਧੀ ਸ਼ੋਭਾ ਯਾਤਰਾਵਾਂ ਕੱਢੀਆਂ
ਮੋਗਾ ਵਿੱਚ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਂਦੇ ਹੋਏ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ।
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 21 ਜਨਵਰੀ
ਅਯੁੱਧਿਆ ਦੇ ਸ੍ਰੀ ਰਾਮ ਮੰਦਿਰ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿੱਚ ਸ਼ਹਿਰ ਦੀਆਂ ਮੰਦਿਰ ਕਮੇਟੀਆਂ ਅਤੇ ਸਨਾਤਨੀ ਸੰਸਥਾਵਾਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦੀ ਸ਼ੁਰੂਆਤ ਪੰਚਾਇਤੀ ਸ਼ਿਵ ਮੰਦਰ ਤੋਂ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਜੋਤ ਜਗਾ ਕੇ ਕੀਤੀ ਅਤੇ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ ਅਤੇ ਕੌਂਸਲਰ ਸੀਮਾ ਬਾਂਸਲ ਨੇ ਪੂਜਾ ਅਰਚਨਾ ਕਰਵਾਈ। ਇਸ ਮੌਕੇ ਸਾਰਾ ਸ਼ਹਿਰ ਸ੍ਰੀ ਰਾਮ ਦੇ ਨਾਮ ਵਾਲੀਆਂ ਝੰਡੀਆਂ ਅਤੇ ਪੋਸਟਰਾਂ ਕਾਰਨ ਭਗਵਾਨ ਸ੍ਰੀ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਅਤੇ ਲੰਗਰ ਲਾਏ। ਇਸ ਮੌਕੇ ਸ਼੍ਰੀ ਰਾਮ ਪਰਿਵਾਰ ਦੀ ਸੁੰਦਰ ਝਾਕੀ ਵੀ ਪੇਸ਼ ਕੀਤੀ ਗਈ।
ਬੋਹਾ (ਪੱਤਰ ਪ੍ਰੇਰਕ): ਸ਼੍ਰੀ ਸਨਾਤਮ ਧਰਮ ਪ੍ਰਚਾਰਕ ਸੰਘ ਬੋਹਾ ਵੱਲੋਂ ਅਯੁੱਧਿਆ ਵਿੱਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਦੇ ਸਬੰਧ ’ਚ ਬੋਹਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਵਾਸੀਆਂ ਨੇ ਸ੍ਰੀ ਰਾਮ ਦੇ ਨਿਸ਼ਾਨ ਵਾਲੇ ਝੰਡੇ ਫੜ ਕੇ ਭਾਗ ਲਿਆ। ਯਾਤਰਾ ਦੇ ਸਵਾਗਤ ਲਈ ਕਈ ਥਾਈ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ। ਧਰਮ ਪ੍ਰਚਾਰਕ ਸੰਘ ਦੇ ਆਗੂ ਨਿਖਿਲ ਗੋਇਲ ਤੇ ਨਗਰ ਪੰਚਾਇਤ ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਸ਼ੋਭਾ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਪੰਜਾਬ ਪ੍ਰਦੇਸ਼ ਯੁਵਾ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਚਾਹਲ ਨੇ ਨਿਭਾਈ। ਸ਼ੋਭਾ ਯਾਤਰਾ ਵਿੱਚ ਭਾਜਪਾ ਦੇ ਸ਼ਹਿਰੀ ਪ੍ਰਧਾਨ ਸੰਜੇ ਗੁਪਤਾ, ਵਪਾਰ ਮੰਡਲ ਦੇ ਪ੍ਰਦਾਨ ਪ੍ਰਦੀਪ ਬਿੱਟੂ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ, ਕੁਲਜੀਤ ਸਿੰਘ ਉੱਪਲ, ਡਾ. ਸੰਯੋਗ ਕਮਾਰ ਪੱਪੀ, ਦੀਵਾਨ ਮੰਗਲਾ ਤੇ ਓਮ ਪ੍ਰਕਾਸ਼ ਚੁੱਘ ਸ਼ਾਮਲ ਸਨ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ’ਚ ਇੱਥੇ ਰਾਮ ਭਗਤਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਕੜਾਕੇ ਦੀ ਠੰਢ ਦੇ ਬਾਵਜੂਦ ਰਾਜਨੀਤਕ ਹਸਤੀਆਂ, ਸ਼ਹਿਰ ਦੇ ਪਤਵੰਤੇ, ਧਾਰਮਿਕ ਸੰਸਥਾਵਾਂ ਆਗੂਆਂ ਤੇ ਵੱਡੀ ਗਿਣਤੀ ਬੱਚਿਆਂ ਤੇ ਬੀਬੀਆਂ ਸਮੇਤ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦਾ ਕਈ ਥਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਸੁਰੱਖਿਆ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਐਸਪੀ ਵਿਵੇਕਸੀਲ ਸੋਨੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇੱਥੇ ਰੱਥ ਯਾਤਰਾ ਦੀ ਲੰਬਾਈ ਇੱਕ ਕਿਲੋਮੀਟਰ ਦੇ ਕਰੀਬ ਸੀ। ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਸਥਿਤ ਭਾਰਤ ਮਾਤਾ ਮੰਦਰ ਤੋਂ ਭਗਵਾਨ ਰਾਮ ਦੇ ਭਜਨਾਂ ’ਤੇ ਸੁਰੀਲੀਆਂ ਧੁਨਾਂ ਵਜਾਉਂਦੇ ਬੈਂਡਾਂ ਨਾਲ ਯਾਤਰਾ ਨੂੰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਰਵਾਨਾ ਕੀਤਾ। ਇਸ ਮੌਕੇ ਮੇਅਰ ਬਲਜੀਤ ਚੰਨੀ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਂਸ ਸਮਾਜ ਸੇਵੀ ਪ੍ਰੇਮ ਸਿੰਘਲ ਸੀਏ, ਭਾਜਪਾ ਆਗੂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਜ਼ਿਲ੍ਹਾ ਅਗਰਵਾਲ ਸਭਾ ਦੇ ਪ੍ਰਧਾਨ ਮਨਜੀਤ ਕਾਂਸਲ ਤੇ ਵੱਡੀ ਗਿਣਤੀ ਵਿੱਚ ਪਤਵੰਤ ਹਾਜ਼ਰ ਸਨ। ਯਾਤਰਾ ਗੀਤਾ ਭਵਨ ਪਹੁੰਚੀ ਅਤੇ ਜਦੋਂ ਭਗਵਾਨ ਰਾਮ ਦਾ ਰੱਥ ਪੁੱਜਿਆ ਤਾਂ ਸਨਾਤਨ ਪਰੰਪਰਾ ਅਨੁਸਾਰ ਡਾ. ਸੰਜੀਵ ਕੁਮਾਰ ਸੈਣੀ, ਸੁਨੀਲ ਕੁਮਾਰ ਗਰਗ ਨੇ ਭਗਵਾਨ ਰਾਮ ਦੀ ਆਰਤੀ ਕਰਨ ਉਪਰੰਤ ਭੋਗ ਪਾਇਆ। ਇਸ ਮੌਕੇ ਗੀਤਾ ਭਵਨ ਦੇ ਬਾਹਰ ਪ੍ਰਸਾਦ ਦੇ ਰੂਪ ਵਿੱਚ ਖੀਰ ਦਾ ਲੰਗਰ ਲਗਾਇਆ ਗਿਆ।

Advertisement

ਸਿਰਸਾ: ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਸਿਰਸਾ: ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਪੁਲੀਸ ਨੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਚੌਕਸ ਕਰ ਦਿੱਤੀ ਹੈ। ਸਮਾਗਮਾਂ ਦੇ ਮੱਦੇਨਜ਼ਰ ਟਰੈਫਿਕ ਦੇ ਰੂਟ ਬਦਲੇ ਗਏ ਹਨ। ਐਸਪੀ ਵਿਕਰਾਂਤ ਭੂਸ਼ਣ ਨੇ ਜ਼ਿਲ੍ਹੇ ਦੇ ਸਮੂਹ ਥਾਣਾ ਇੰਚਾਰਜਾਂ ਨੂੰ ਇਸ ਸਬੰਧੀ ਵਿਸ਼ੇਸ਼ ਚੌਕਸੀ ਅਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ ਵੱਲੋਂ ਪ੍ਰੋਗਰਾਮਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰੋਗਰਾਮ ਦੌਰਾਨ ਬੇਗੂ ਰੋਡ ਤੋਂ ਆਉਣ ਵਾਲੀ ਟਰੈਫਿਕ ਨੂੰ ਸ਼ਾਹ ਸਤਨਾਮ ਸਿੰਘ ਚੌਕ ਤੋਂ ਕੰਗਣਪੁਰ ਰੋਡ ਵੱਲ ਮੋੜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੇਗੂ ਰੋਡ ਵੱਲ ਜਾਣ ਵਾਲੇ ਵਾਹਨਾਂ ਨੂੰ ਰੇਲਵੇ ਓਵਰ ਬ੍ਰਿਜ ਦੇ ਹੇਠਾਂ ਆਟੋ ਮਾਰਕੀਟ ਕੰਗਣਪੁਰ ਰੋਡ ਵੱਲ ਮੋੜਿਆ ਜਾਵੇਗਾ। ਟਰੈਫਿਕ ਪੁਲੀਸ ਦੇ ਇੰਚਾਰਜ ਸਬ-ਇੰਸਪੈਕਟਰ ਧਰਮ ਚੰਦ ਨੇ ਦੱਸਿਆ ਕਿ ਸ਼ਹਿਰ ਅੰਦਰ ਪਰਸ਼ੂਰਾਮ ਚੌਕ ਤੋਂ ਆਉਣ ਵਾਲੇ ਵਾਹਨਾਂ ਨੂੰ ਸਦਰ ਗੇਟ ਵੱਲ ਮੋੜਿਆ ਜਾਵੇਗਾ ਅਤੇ ਰਾਣੀਆਂ ਤੋਂ ਆਉਣ ਵਾਲੇ ਵਾਹਨਾਂ ਨੂੰ ਰਾਮਨਗਰੀਆ ਤੋਂ ਪੋਲੀਟੈਕਨੀਕਲ ਕਾਲਜ ਰਾਹੀਂ ਕੇਲਾਨੀਆ ਰੋਡ ਵੱਲ ਮੋੜਿਆ ਜਾਵੇਗਾ। ਸਰਕੂਲਰ ਰੋਡ ਵੱਲ ਜਾਣ ਵਾਲੇ ਵਾਹਨਾਂ ਨੂੰ ਪੁਰਾਣੀ ਟਰੱਕ ਯੂਨੀਅਨ ਰਾਹੀਂ ਸਿਵਲ ਹਸਪਤਾਲ ਤੋਂ ਰਾਣੀਆਂ ਵੱਲ ਮੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨਾਂ ਨੂੰ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ। - ਨਿੱਜੀ ਪੱਤਰ ਪ੍ਰੇਰਕ

Advertisement

ਅਯੁੱਧਿਆ ਸਮਾਗਮ ਨੂੰ ਸਮਰਪਿਤ ਲੰਗਰ ਲਾਇਆ

ਭੁੱਚੋ ਮੰਡੀ: ਅਯੁੱਧਿਆ ਸਮਾਗਮ ਨੂੰ ਸਮਰਪਿਤ ਸ਼ਹਿਰ ਦੀ ਮਾਲ ਰੋਡ ’ਤੇ ਇੱਕ ਦੁਕਾਨਦਾਰ ਝੰਡੂਕੇ ਬਰਤਨ ਸਟੋਰ ਵੱਲੋਂ ਹਲਵੇ ਦਾ ਲੰਗਰ ਲਾਇਆ ਗਿਆ। ਉਨ੍ਹਾਂ ਆਪਣੀ ਦੁਕਾਨ ਅੱਗੇ ਸ੍ਰੀ ਰਾਮ ਲੱਲ੍ਹਾ ਦੀਆਂ ਵੱਡੀਆਂ ਤਸਵੀਰਾਂ ਵਾਲੀਆਂ ਫਲੈਕਸਾਂ ਅਤੇ ਝੰਡੇ ਲਾਏ। ਦੁਕਾਨ ਮਾਲਕ ਜਗਦੀਸ਼ ਬਾਂਸਲ, ਨੀਨਾ ਬਾਂਸਲ, ਜੋਹਨ ਬਾਂਸਲ, ਮੀਨੂੰ ਬਾਂਸਲ, ਬੱਬੂ ਬਾਂਸਲ, ਨਮਨ ਬਾਂਸਲ ਅਤੇ ਅਮਾਇਰਾ ਬਾਂਸਲ ਨੇ ਲੋਕਾਂ ਨੂੰ ਹਲਵਾ ਵਰਤਾਇਆ। -ਪੱਤਰ ਪ੍ਰੇਰਕ

Advertisement
Author Image

Advertisement