For the best experience, open
https://m.punjabitribuneonline.com
on your mobile browser.
Advertisement

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੂੰ 19 ਤੱਕ ਦਾ ਅਲਟੀਮੇਟਮ

08:46 AM Nov 18, 2024 IST
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੂੰ 19 ਤੱਕ ਦਾ ਅਲਟੀਮੇਟਮ
ਮੁਕਤਸਰ ਵਿੱਚ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਜਥੇਬਦੀਆਂ ਦੇ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਬੈਂਕ ਮੈਨੇਜਰ ਹੱਤਿਆ ਕਾਂਡ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ
ਬੈਂਕ ਮੈਨੇਜਰ ਸਿਰਮਨਦੀਪ ਬਰਾੜ ਦੀ ਪਿੰਡ ਭੁੱਲਰ ਨੇੜੇ ਨਹਿਰ ’ਚ ਸੁੱਟ ਕੇ ਕੀਤੀ ਗਈ ਹੱਤਿਆ ਦੇ ਮਾਮਲੇ ’ਚ ਇਨਸਾਫ ਲੈਣ ਲਈ ਜਥੇਬੰਦੀਆਂ ਨੇ ਸਖ਼ਤ ਰੁਖ ਅਪਣਾ ਲਿਆ ਹੈ। ਜਾਣਕਾਰੀ ਅਨੁਸਾਰ ਮੁਕਤਸਰ ਪੁਲੀਸ ਵੱਲੋਂ 19 ਅਕਤੂਬਰ ਨੂੰ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ 6 ਡਾਕਟਰ ਸ਼ਾਮਲ ਹਨ ਪਰ ਇਕ ਮਹੀਨੇ ਬਾਅਦ ਵੀ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੀੜਤ ਪਰਿਵਾਰ ਨੇ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ 19 ਨਵੰਬਰ ਨੂੰ ਐੱਸਐੱਸਪੀ ਦਫ਼ਤਰ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪੁਲੀਸ ਨੂੰ ਅਲਟੀਮੇਟ ਦਿੰਦਿਆਂ ਕਿਹਾ ਕਿ ਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ। ਦੱਸਣਯੋਗ ਹੈ ਕਿ ਪਰਿਵਾਰ ਵੱਲੋਂ ਪਹਿਲਾਂ 5 ਨਵੰਬਰ ਅਤੇ ਫਿਰ ਪੁਲੀਸ ਵੱਲੋਂ ਭਰੋਸਾ ਦੇਣ ਤੋਂ ਬਾਅਦ 16 ਨਵੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਗਿੱਦੜਬਾਹਾ ਜ਼ਿਮਨੀ ਚੋਣਾਂ ਕਾਰਨ ਪੁਲੀਸ ਵੱਲੋਂ ਭਰੋਸਾ ਦੇਣ ’ਤੇ ਹੁਣ 19 ਨਵੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਬਰਾੜ ਵੱਲੋਂ ਮੁਕੱਦਮੇ ਦੀ ਪੜਤਾਲ ਲਈ ਬਣਾਈ ‘ਸਿਟ’ ਵਿੱਚ ਸ਼ਾਮਲ ਇੱਕ ਡੀਐਸਪੀ ’ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਗਈ ਸੀ ਜਿਸ ਨੂੰ ਪੁਲੀਸ ਮੁਖੀ ਵੱਲੋਂ ਬਦਲ ਦਿੱਤਾ ਗਿਆ ਹੈ। ਅੱਜ ਇੱਥੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਜਥੇਬੰਦੀਆਂ ਦੀ ਬੈਠਕ ਦੌਰਾਨ ਬੀਕੇਯੂ ਲੱਖੋਵਾਲ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਲੰਬੀ ਢਾਬ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਰਪ੍ਰਸਤ ਭਿੰਦਰ ਸਿੰਘ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ, ਬੀਕੇਯੂੁ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਗੋਨਿਆਣਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਇਹ ਪੁਲੀਸ ਦੀ ਨਲਾਇਕੀ ਹੈ ਕਿ ਘਟਨਾ ਬੀਤਣ ਤੋਂ ਇੱਕ ਮਹੀਨਾ ਬਾਅਦ ਵੀ ਕੋਈ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦਕਿ ਪੀੜਤ ਪਰਿਵਾਰ ਵੱਲੋਂ 8 ਵਿਅਕਤੀਆਂ ਦੇ ਨਾਮ ਮੁਕੱਦਮੇ ਵਿੱਚ ਦਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਵਾਰ-ਵਾਰ ਪੀੜਤ ਪਰਿਵਰ ਨੂੰ ਭਰੋਸਾ ਦੇ ਕੇ ਮੁਲਜ਼ਮਾਂ ਨੂੰ ਸਬੂਤ ਖਤਮ ਕਰਨ ਅਤੇ ਕੇਸ ਨੂੰ ਕੰਮਜ਼ੋਰ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ਵੱਲੋਂ 19 ਨਵੰਬਰ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਗਿਆ ਹੈ। ਜੇ ਇਸ ਸਮੇਂ ਦੌਰਾਨ ਮੁਲਜ਼ਮ ਗ੍ਰਿਫ਼ਤਾਰ ਨਾ ਕੀਤੇ ਤਾਂ ਉਹ 19 ਨਵੰਬਰ ਤੋਂ ਐਸਐਸਪੀ ਦਫ਼ਤਰ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਇਹ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ’ਚ ਵੀ ਲਿਆ ਚੁੱਕੀਆਂ ਹਨ। ਇਸ ਮੌਕੇ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਢੋਸੀਵਾਲ, ਬਲਦੇਵ ਸਿੰਘ ਕੋਟਲੀ ਦੇਵਨ, ਮਮਤਾ ਅਜ਼ਾਦ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ, ਬੈਂਕ ਐਸੋਸੀਏਸ਼ਨ ਦੇ ਸਕੱਤਰ ਉਪਕਾਰ ਸਿੰਘ, ਸਿਮਰਜੀਤ ਸਿੰਘ ਸਾਬਕਾ ਸਰਪੰਚ ਥਾਂਦੇਵਾਲਾ ਹੋਰੀਂ ਵੀ ਮੌਜੂਦ ਸਨ।

Advertisement

Advertisement
Advertisement
Author Image

Advertisement