ਸ਼ਿਵਾਜੀ ਬੁੱਤ ਮਾਮਲਾ: ਠੇਕੇਦਾਰ ਤੇ ਸਲਾਹਕਾਰ ਨੂੰ 10 ਤੱਕ ਪੁਲੀਸ ਹਿਰਾਸਤ ਵਿੱਚ ਭੇਜਿਆ
ਮੁੰਬਈ, 5 ਸਤੰਬਰ
ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੀ ਅਦਾਲਤ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਮੂਰਤੀਕਾਰ-ਠੇਕੇਦਾਰ ਜੈਦੀਪ ਆਪਟੇ ਅਤੇ ਢਾਂਚਾ ਸਲਾਹਕਾਰ ਚੇਤਨ ਪਾਟਿਲ ਨੂੰ ਅੱਜ 10 ਸਤੰਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪਾਟਿਲ ਨੂੰ 30 ਅਗਸਤ ਨੂੰ ਕੋਲਹਾਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਆਪਟੇ ਨੂੰ ਘਟਨਾ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੇ ਜਾਣ ਤੋਂ ਲਗਪਗ 10 ਦਿਨ ਬਾਅਦ ਬੁੱਧਵਾਰ ਰਾਤ ਨੂੰ ਠਾਣੇ ਜ਼ਿਲ੍ਹੇ ਦੇ ਕਲਿਆਣ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹੇ ਦੀ ਮਾਲਵਾਨ ਤਹਿਸੀਲ ਦੇ ਰਾਜਕੋਟ ਕਿਲ੍ਹੇ ਵਿੱਚ ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਮਹਾਰਾਜ ਦਾ 35 ਫੁੱਟ ਉੱਚਾ ਬੁੱਤ 26 ਅਗਸਤ ਨੂੰ ਡਿੱਗ ਗਿਆ ਸੀ। ਇਸ ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ ਨੌਂ ਮਹੀਨੇ ਪਹਿਲਾਂ ਕੀਤਾ ਸੀ। ਸਿੰਧੂਦੁਰਗ ਪੁਲੀਸ ਨੇ ਪਿਛਲੇ ਮਹੀਨੇ ਬੁੱਤ ਡਿੱਗਣ ਦੇ ਮਾਮਲੇ ਵਿੱਚ ਲਾਪ੍ਰਵਾਹੀ ਅਤੇ ਹੋਰ ਅਪਰਾਧਾਂ ਨਾਲ ਸਬੰਧਤ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ ਦੇ ਤਹਿਤ ਆਪਟੇ ਅਤੇ ਪਾਟਿਲ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਸਿੰਧੂਦੁਰਗ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਮਹੀਨੇ ਮਾਲਵਾਨ ਦੇ ਰਾਜਕੋਟ ਕਿਲ੍ਹੇ ’ਚ ਡਿੱਗੇ ਸ਼ਿਵਾਜੀ ਮਹਾਰਾਜ ਦੇ ਬੁੱਤ ’ਚੋਂ ਬਰਾਮਦ ਸਮੱਗਰੀ ਨੂੰ ਜੰਗਾਲ ਲੱਗ ਗਿਆ ਸੀ ਅਤੇ ਇਹ ਪਤਾ ਲਾਉਣ ਦੀ ਲੋੜ ਹੈ ਕਿ ਕੀ ਮੁਲਜ਼ਮਾਂ ਨੇ ਬੁੱਤ ਦੇ ਨਿਰਮਾਣ ’ਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਸੀ। -ਪੀਟੀਆਈ