ਸ਼ੀਸ਼ਪਾਲ ਰਾਣਾ ਦੋ ਜ਼ਿੰਦਗੀਆਂ ’ਚ ਕਰ ਗਏ ਚਾਨਣ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਸਤੰਬਰ
ਡੇਰਾਬੱਸੀ ਦੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੱਟੀ ਤੇ ਸੁਨੀਲ ਕੁਮਾਰ ਭੱਟੀ ਦੇ ਪਿਤਾ ਸ਼ੀਸ਼ਪਾਲ ਰਾਣਾ ਦੇ ਦੇਹਾਂਤ ਉਪਰੰਤ ਭੱਟੀ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਹਨ। ਜਨਰਲ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਤੋਂ ਡਾਕਟਰਾਂ ਦੀ ਟੀਮ ਦੁਆਰਾ ਅੱਖਾਂ ਡੋਨੇਟ ਕਰਨ ਦੀ ਪ੍ਰੀਕ੍ਰਿਆ ਪੂਰੀ ਕੀਤੀ ਗਈ। ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਜ਼ੱਦੀ ਪਿੰਡ ਮਗਰਾ ਵਿੱਚ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨ.ਕੇ. ਸ਼ਰਮਾ, ਸਾਬਕਾ ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ, ਭਾਜਪਾ ਆਗੂ ਸੰਜੀਵ ਖੰਨਾ ਸਣੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ੀਸ਼ਪਾਲ ਰਾਣਾ ਰਾਜਸਥਾਨ ਦੇ ਜੇਸਲਮੇਰ ਤੋਂ ਕਾਫ਼ੀ ਵਰ੍ਹੇ ਪਹਿਲਾਂ ਲਾਲੜੂ ਦੇ ਮਗਰਾ ਪਿੰਡ ਵਿਚ ਆ ਕੇ ਰਹਿਣ ਲੱਗੇ ਸਨ। 81 ਸਾਲਾ ਸ਼ੀਸ਼ਪਾਲ ਰਾਣਾ ਦੇ 5 ਬੇਟੇ ਸਰਬਜੀਤ ਸਿੰਘ ਭੱਟੀ, ਪ੍ਰਦੀਪ ਭੱਟੀ, ਸੰਜੀਵ ਭੱਟੀ, ਅਨਿਲ ਭੱਟੀ ਅਤੇ ਸੁਨੀਲ ਭੱਟੀ ਸਮੇਤ ਪੋਤੇ ਪੋਤਰੀਆਂ ਨਾਲ ਭਰਿਆ ਪਰਿਵਾਰ ਹੈ।