‘ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਂ’ ਪੁਸਤਕ ਸਬੰਧੀ ਸੈਮੀਨਾਰ
ਸ਼ਸ਼ੀਪਾਲ ਜੈਨ
ਖਰੜ, 30 ਸਤੰਬਰ
ਆਜ਼ਾਦੀ ਲਹਿਰ ਵਿੱਚ ਔਰਤਾਂ ਦੇ ਯੋਗਦਾਨ ’ਤੇ ਅਧਾਰਤ ਪੁਸਤਕ ‘ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਂ’ ’ਤੇ ਇੱਕ ਸੈਮੀਨਾਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ ਕਰਵਾਇਆ ਗਿਆ। ਗਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਦੇ ਉੱਦਮ ਨਾਲ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਪੱਤਰਕਾਰ ਬਿੰਦੂ ਸਿੰਘ ਅਤੇ ਸ਼ਾਇਰ ਲੇਖਕ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕੀਤੀ। ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਹਰਬੰਸ ਸਿੰਘ ਕੰਧੋਲਾ ਸਾਬਕਾ ਐੱਸਜੀਪੀਸੀ ਮੈਂਬਰ ਅਤੇ ਪ੍ਰਬੰਧਕ ਖਾਲਸਾ ਸਕੂਲ ਸੰਸਥਾਨ ਪਹੁਚੇ। ਉਨ੍ਹਾਂ ਕਿਹਾ ਕਿ ਆਜ਼ਾਦੀ ਲਹਿਰ ਦੀਆਂ ਇਨ੍ਹਾਂ ਵੀਰਾਂਗਣਾ ਦੇ ਜੀਵਨ ਯੋਗਦਾਨ ਨੂੰ ਕਦੇ ਘਟਾ ਕੇ ਨਹੀਂ ਵੇਖਿਆ ਜਾ ਸਕੇਗਾ। ਮੈਡਮ ਬਿੰਦੂ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਭਾਵੇਂ ਆਜ਼ਾਦੀ ਦੀ ਲੜਾਈ ਵਿੱਚ ਔਰਤਾਂ ਦਾ ਬੇਹੱਦ ਯੋਗਦਾਨ ਹੈ ਪਰ ਮਨੀਪੁਰ, ਹਾਥਰਸ, ਯੂਪੀ, ਬੰਗਾਲ ਵਿੱਚ ਇੱਕ ਡਾਕਟਰ ਨਾਲ ਜਬਰ-ਜਨਾਹ ਵਰਗੀਆਂ ਘਟਨਾਵਾਂ ਤੋਂ ਬਾਅਦ ਇਹ ਕਹਿਣਾ ਮੁਸ਼ਕਿਲ ਹੈ ਕਿ ਔਰਤ ਭੈ ਮੁਕਤ ਜੀਵਨ ਬਤੀਤ ਕਰ ਰਹੀ ਹੈ। ਇਸ ਮੌਕੇ ਸਾਹਿਤ ਸਭਾ ਬਹਿਰਾਮਪੁਰ ਬੇਟ ਅਤੇ ਤਰਕਸ਼ੀਲ ਸੁਸਾਇਟੀ ਖਰੜ ਵਲੋਂ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਮੰਚ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਨੇ ਧੰਨਵਾਦ ਕੀਤਾ।