ਸ਼੍ਰੋਮਣੀ ਕਮੇਟੀ ਨਿੱਜੀ ਸਵਾਰਥ ਨੂੰ ਦੇ ਰਹੀ ਹੈ ਪਹਿਲ: ਭਾਈ ਰਣਜੀਤ ਸਿੰਘ
ਮਨੋਜ ਸ਼ਰਮਾ
ਬਠਿੰਡਾ, 25 ਨਵੰਬਰ
ਗੁਰੂ ਤੇਗ ਬਹਾਦਰ ਨਗਰ, ਬਠਿੰਡਾ ਦੇ ਗੁਰੂਘਰ ਵਿੱਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਯਾਦ ਕੀਤਾ, ਜੋ ਖਾਲਸਾ ਪੰਥ ਦੀ ਸਥਾਪਨਾ ਲਈ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਪੰਥਕ ਮੁੱਦਿਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਦੀ ਨਿੰਦਾ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ’ਤੇ ਧਰਮ ਪ੍ਰਚਾਰ ਦੀ ਬਜਾਏ ਆਪਣੇ ਨਿੱਜੀ ਸਵਾਰਥਾਂ ਨੂੰ ਪਹਿਲ ਦੇਣ ਅਤੇ ਸਿਆਸੀ ਲੀਡਰਾਂ ਨੂੰ ਪਸੰਦਗੀ ਦੇਣ ਦਾ ਦੋਸ਼ ਲਾਇਆ। ਭਾਈ ਰਣਜੀਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਗਰੀਬ ਸਿੱਖ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮੁਫ਼ਤ ਜਾਂ ਘੱਟ ਫੀਸ ’ਤੇ ਪੜ੍ਹਾਈ ਦੇਣ ਵਿੱਚ ਕਮੇਟੀ ਫੇਲ੍ਹ ਰਹੀ ਹੈ। ਇਸੇ ਸੰਦਰਭ ਵਿੱਚ, ਉਨ੍ਹਾਂ ਨੇ ਕ੍ਰਿਸਚੀਅਨ ਸਮਾਜ ਵੱਲੋਂ ਉੱਚ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਤੁਲਨਾ ਸ਼੍ਰੋਮਣੀ ਕਮੇਟੀ ਨਾਲ ਕੀਤੀ ਅਤੇ ਸੁਧਾਰ ਲਈ ਸਹਿਮਤੀ ਜਤਾਈ।
ਉਨ੍ਹਾਂ ਸਿੱਖ ਕੌਮ ਨੂੰ ਪੰਥਕ ਅਕਾਲੀ ਲਹਿਰ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਕਿ ਉਹ ਆਪਣੀ ਬਚੀ ਉਮਰ ਖਾਲਸਾ ਪੰਥ ਦੀ ਮਰਿਆਦਾ ਨੂੰ ਮੁੜ ਬਹਾਲ ਕਰਨ ਲਈ ਸਮਰਪਿਤ ਕਰਨਗੇ। ਅਖੀਰ ਵਿੱਚ, ਉਨ੍ਹਾਂ ਨੇ ਸਾਰੀ ਸੰਗਤ ਅੇ ਪ੍ਰਬੰਧਕਾਂ ਸਣੇ ਟੇਕ ਸਿੰਘ ਅਤੇ ਸ਼ਮਸ਼ੇਰ ਸਿੰਘ ਦਾ ਧੰਨਵਾਦ ਕੀਤਾ।