For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ

07:53 AM Apr 12, 2024 IST
ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ
ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ। -ਫੋਟੋ: ਮੁਕੇਸ਼ ਅਗਰਵਾਲ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 11 ਅਪਰੈਲ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਪਰਮਪਾਲ ਕੌਰ ਅਤੇ ਗੁਰਪ੍ਰੀਤ ਸਿੰਘ ਵੱਲੋਂ ਅੱਜ ਦਿੱਲੀ ’ਚ ਭਾਜਪਾ ਦਾ ਪੱਲਾ ਫੜਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਇਸ ਰਾਜਸੀ ਤਬਦੀਲੀ ਨੇ ਨਵੇਂ ਅੜਿੱਕੇ ਖੜ੍ਹੇ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਇਹ ਨਵੀਂ ਤਬਦੀਲੀ ਨਵੇਂ ਰੁਝਾਨ ਦਾ ਮੁੱਢ ਬੰਨ੍ਹ ਸਕਦੀ ਹੈ। ਹਰਸਿਮਰਤ ਕੌਰ ਬਾਦਲ ਲਈ ਇਹ ਸਿਆਸੀ ਤੌਰ ’ਤੇ ਸੱਟ ਮਾਰਨ ਵਾਲਾ ਪੈਂਤੜਾ ਹੈ ਕਿਉਂਕਿ ਪਰਮਪਾਲ ਕੌਰ ਸਿੱਧੂ ਨੂੰ ਭਾਜਪਾ ਵੱਲੋਂ ਮੈਦਾਨ ਵਿਚ ਉਤਾਰਿਆ ਜਾਣਾ ਤੈਅ ਜਾਪਦਾ ਹੈ। ਪੁਰਾਣਾ ਅਕਾਲੀ ਪਰਿਵਾਰ ਹੋਣ ਕਰਕੇ ਸਿਆਸੀ ਸੰਪਰਕਾਂ ’ਚ ਸਿੱਧੀ ਸੰਨ੍ਹ ਲੱਗੇਗੀ ਜਿਸ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ। ਵੱਡੀ ਦੇਖਣ ਵਾਲੀ ਇਹ ਗੱਲ ਹੋਵੇਗੀ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਭਾਜਪਾ ਉਮੀਦਵਾਰ ਖ਼ਿਲਾਫ਼ ਕਿਸ ਤਰ੍ਹਾਂ ਦਾ ਰੌਂਅ ਦਿਖਾਉਂਦੇ ਹਨ। ਭਾਜਪਾ ਵੱਲੋਂ ਪਹਿਲੀ ਦਫ਼ਾ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਉਤਾਰਿਆ ਜਾ ਰਿਹਾ ਹੈ। ਦਲ ਬਦਲੀ ਨੂੰ ਵੋਟਰ ਕਿਸ ਲਹਿਜ਼ੇ ’ਚ ਲੈਣਗੇ, ਇਸ ’ਤੇ ਕਾਫ਼ੀ ਕੁੱਝ ਨਿਰਭਰ ਕਰੇਗਾ। ਭਾਜਪਾ ਦੇ ਟਕਸਾਲੀ ਆਗੂ ਜਿਹੜੇ ਬਠਿੰਡਾ ਹਲਕੇ ਤੋਂ ਭਾਜਪਾ ਦੀ ਟਿਕਟ ਦੀ ਝਾਕ ਲਾਈ ਬੈਠੇ ਸਨ, ਅੱਜ ਉਨ੍ਹਾਂ ਦੇ ਚਿਹਰੇ ਵੀ ਉਤਰ ਗਏ ਹਨ। ਹੁਣ ਇਹ ਵੀ ਚਰਚਾ ਛਿੜ ਗਈ ਹੈ ਕਿ ਨੂੰਹ-ਪੁੱਤ ਦੇ ਭਾਜਪਾ ’ਚ ਚਲੇ ਜਾਣ ਮਗਰੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਕਿਹੋ ਜਿਹਾ ਨਵਾਂ ਪੈਂਤੜਾ ਲੈਣਗੇ। ਪਤਾ ਲੱਗਾ ਹੈ ਕਿ ਮਲੂਕਾ ਨੇ ਮੌੜ ਹਲਕੇ ਤੋਂ ਪਾਸਾ ਵੱਟ ਲਿਆ ਹੈ ਜਿੱਥੇ ਉਹ ਪਿਛਲੇ ਦਿਨਾਂ ਵਿਚ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਵਿਚ ਕੁੱਦੇ ਹੋਏ ਸਨ। ਸਾਬਕਾ ਮੰਤਰੀ ਮਲੂਕਾ ਨੇ ਹੁਣ ਆਪਣੇ ਪੁਰਾਣੇ ਹਲਕੇ ਰਾਮਪੁਰਾ ਫੂਲ ਵਿਚ ਵਿਚਰਨ ਦਾ ਫ਼ੈਸਲਾ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×