ਸ਼੍ਰੋਮਣੀ ਅਕਾਲੀ ਦਲ: ਗਠਨ, ਪੁਨਰਗਠਨ
ਗੁਰਦੇਵ ਸਿੰਘ ਸਿੱਧੂ
ਲੰਘੇ ਸਾਲ 2 ਦਸੰਬਰ ਨੂੰ ਜਥੇਦਾਰ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਗੁਨਾਹਗਾਰ’ ਅਕਾਲੀ ਲੀਡਰਾਂ ਨੂੰ ‘‘ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ’’ ਗੁਆ ਚੁੱਕੇ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦਾ ਆਦੇਸ਼ ਦਿੱਤਾ। ਇਸ ਆਦੇਸ਼ ਨੂੰ ਅਮਲ ਵਿੱਚ ਲਿਆਉਣ ਦੀ ਸੁਵਿਧਾ ਵਾਸਤੇ ਇੱਕ ਸੌ ਚਾਰ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਣ ਦੇ ਦ੍ਰਿਸ਼ ਉੱਤੇ ਨਜ਼ਰ ਪਾ ਲੈਣੀ ਲਾਹੇਵੰਦੀ ਹੋਵੇਗੀ।
ਵੀਹਵੀਂ ਸਦੀ ਦੇ ਚੜ੍ਹਨ ਤੱਕ ਸਿੱਖ ਪੰਥ ਦਾ ਮਨ ਗੁਰਦੁਆਰਿਆਂ ਦੀ ਜਾਇਦਾਦ ਉੱਤੇ ਸੱਪ ਵਾਂਗ ਕੁੰਡਲੀ ਮਾਰੀ ਬੈਠੇ ਅਨੈਤਿਕ ਅਤੇ ਧਰਮ ਵਿਰੋਧੀ ਕਰਮ ਕਮਾਉਣ ਵਾਲੇ ਮਹੰਤਾਂ ਅਤੇ ਪੁਜਾਰੀਆਂ ਵੱਲੋਂ ਬਿਲਕੁਲ ਖੱਟਾ ਹੋ ਚੁੱਕਾ ਸੀ, ਪਰ ਕਿਸੇ ਜਥੇਬੰਦੀ ਦੀ ਅਣਹੋਂਦ ਕਾਰਨ ਪ੍ਰਭਾਵਸ਼ਾਲੀ ਕਾਰਜ ਨਹੀਂ ਸੀ ਹੋ ਰਿਹਾ। ਅੰਗਰੇਜ਼ ਸਰਕਾਰ ਦੀਆਂ ਫਾਈਲਾਂ ਅਤੇ ਹੋਰ ਸਰੋਤਾਂ ਵਿੱਚੋਂ ਇਸ ਦੌਰ ਵਿੱਚ ਸੈਂਟਰਲ ਖਾਲਸਾ ਦੀਵਾਨ, ਤਰਨ ਤਾਰਨ ਅਤੇ ਅਕਾਲੀ ਜਥਾ, ਖਰਾ ਸੌਦਾ ਤੋਂ ਇਲਾਵਾ, ਹੋਰ ਕਈ ਥਾਵਾਂ ਉੱਤੇ ਅਕਾਲੀ ਜਥੇ ਬਣਨ ਦੀ ਜਾਣਕਾਰੀ ਮਿਲਦੀ ਹੈ। ਪੰਜਾਬ ਸਰਕਾਰ ਦੀ ਸੀ.ਆਈ.ਡੀ. ਵੱਲੋਂ ਤਿਆਰ ਮੈਮੋਰੰਡਮ ਵਿੱਚ ਦੱਸਿਆ ਗਿਆ ਹੈ ਕਿ ‘‘ਪਹਿਲੀ ਵਾਰ 1920 ਦੀਆਂ ਗਰਮੀਆਂ ਦੌਰਾਨ ਲੰਮੀਆਂ ਕ੍ਰਿਪਾਨਾਂ ਅਤੇ ਕਾਲੀਆਂ ਜਾਂ ਨੀਲੀਆਂ ਪੱਗਾਂ ਵਾਲੇ ਅਕਾਲੀ ਦਿਖਾਈ ਦਿੱਤੇ। ਜੁਝਾਰੂ ਦਿਖਾਈ ਦਿੰਦੇ ਇਹ ਲੋਕ ਮੁਕਾਬਲਤਨ ਨੁਕਸਾਨ ਰਹਿਤ ਸਨ ਅਤੇ ਆਰੰਭ ਵਿੱਚ ਮਨ-ਪ੍ਰਚਾਵੇ ਵਾਲੀ ਸਹਿਣਸ਼ੀਲਤਾ ਨਾਲ ਵੇਖੇ ਜਾਂਦੇ ਸਨ। ਹੌਲੀ ਹੌਲੀ ਉਨ੍ਹਾਂ ਦੀ ਗਿਣਤੀ ਅਤੇ ਗਿਣਤੀ ਦੇ ਨਾਲ ਹੀ ਕ੍ਰਿਪਾਨ ਦਾ ਆਕਾਰ ਵਧਣਾ ਸ਼ੁਰੂ ਹੋ ਗਿਆ।’’ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਦੀ 19 ਜੁਲਾਈ 1920 ਦੀ ਰਿਪੋਰਟ ਵਿੱਚ ਵੀ ਇਹੋ ਕਿਹਾ ਗਿਆ ਹੈ ਕਿ ਪਿਛਲੇ ਪੰਜ ਛੇ ਹਫ਼ਤਿਆਂ ਤੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਸਿੱਖਾਂ ਦੀਆਂ ਭਰਵੀਆਂ ਇਕੱਤ੍ਰਤਾਵਾਂ ਹੋਈਆਂ ਹਨ। ਸਿੱਖਾਂ ਦਾ ਇਹ ਵਰਗ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਚਾਹੁੰਦਾ ਸੀ, ਪਰ ਇਹ ਸੁਧਾਰ ਕਿਵੇਂ ਹੋਵੇ? ਇਸ ਬਾਰੇ ਉਸ ਕੋਲ ਕੋਈ ਵਿਉਂਤਬੰਦੀ ਨਹੀਂ ਸੀ।
ਵਿਉਂਤਬੰਦੀ ਦਾ ਮਸਲਾ 12 ਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵਾਪਰੀਆਂ ਘਟਨਾਵਾਂ ਨੇ ਹੱਲ ਕਰ ਦਿੱਤਾ। ਇਸ ਘਟਨਾ ਦਾ ਨਤੀਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਸਪੱਸ਼ਟ ਮਨੋਰਥ ਪੰਥਕ ਪ੍ਰਭਾਵ ਵਰਤਦਿਆਂ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਆਪਣੇ ਹੱਥ ਲੈ ਕੇ ਸਿੱਖ ਕੌਮ ਦੀਆਂ ਪ੍ਰਵਾਨਿਤ ਰਵਾਇਤਾਂ ਅਨੁਸਾਰ ਚਲਾਉਣਾ ਸੀ, ਦੀ ਸਥਾਪਨਾ ਕਰਨ ਵਿੱਚ ਨਿਕਲਿਆ। ਨਿਰਸੰਦੇਹ, ਅਜਿਹੇ ਕਾਰਜ ਲਈ ਪ੍ਰਤੀਬੱਧ ਸਿੱਖਾਂ ਦੀ ਲੋੜ ਸੀ। ਇਹ ਗੱਲ ਨਹੀਂ ਕਿ ਗੁਰਦੁਆਰਾ ਸੁਧਾਰ ਲਈ ਕੁਰਬਾਨੀ ਕਰਨ ਵਾਲੇ ਸਿੱਖਾਂ ਦੀ ਕਮੀ ਹੋਵੇ, ਪਰ ਉਹ ਸਥਾਨਕ ਜਥੇਬੰਦੀਆਂ ਦੇ ਰੂਪ ਵਿੱਚ ਸੰਗਠਿਤ ਹੋ ਕੇ ਸਥਾਨਕ ਪੱਧਰ ਉੱਤੇ ਵਿਚਰ ਰਹੇ ਸਨ। ਸੋ ਇਨ੍ਹਾਂ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਗੱਲਬਾਤ ਵੀ ਨਾਲ ਦੀ ਨਾਲ ਚੱਲਦੀ ਰਹੀ। ਫਲਸਰੂਪ ਹਾਜ਼ਰ ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਚੋਣ ਕੀਤੇ ਜਾਣ ਤੋਂ ਕੇਵਲ ਦੋ ਦਿਨ ਪਿੱਛੋਂ ਭਾਵ 14 ਦਸੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਜਥੇਬੰਦੀ ਦੇ ਰੂਪ ਵਿੱਚ ਕੇਂਦਰੀ ਅਕਾਲੀ ਦਲ ਦੀ ਸਥਾਪਨਾ ਕਰ ਲਈ। ਸਰਕਾਰੀ ਦਸਤਵੇਜ਼ਾਂ ਵਿੱਚ ਗੁਰਦੁਆਰਾ ਪ੍ਰਬੰਧ ਨੂੰ ਸਿੱਖ ਸੰਗਤ ਵੱਲੋਂ ਚੁਣੇ ਪ੍ਰਤੀਨਿਧਾਂ ਦੇ ਹੱਥ ਦੇਣ ਦੀ ਆਵਾਜ਼ ਉਠਾਉਣ ਵਾਲੇ ਸਿੱਖਾਂ ਨੂੰ ਉਦੋਂ ਤੱਕ ‘ਤੱਤ ਖਾਲਸਾ’ ਲਿਖਿਆ ਮਿਲਦਾ ਹੈ, ਪਰ ਪੰਜਾਬ ਸਰਕਾਰ ਦੇ ਖ਼ੁਫ਼ੀਆ ਵਿਭਾਗ ਨੇ 14 ਫਰਵਰੀ 1921 ਦੀ ਰਿਪੋਰਟ ਵਿੱਚ ਪਹਿਲੀ ਵਾਰ ‘ਅਕਾਲੀ ਜਥਾ’ ਸੰਗਿਆ ਵਰਤੀ। ਇਸ ਰਿਪੋਰਟ ਦੇ ਸ਼ਬਦ ਹਨ, ‘‘ਵਰਕਰਾਂ ਦੇ ਜਿਸ ਸਮੂਹ ਨੇ ਚੰਗੇਰਾ ਪ੍ਰਬੰਧ ਕਰਨ ਦੇ ਉਦੇਸ਼ ਨਾਲ ਧਾਰਮਿਕ ਪੂਜਾ ਵਾਲੇ ਸਥਾਨਾਂ ਦਾ ਕਬਜ਼ਾ ਲੈਣ ਦਾ ਜ਼ਿੰਮਾ ਲਿਆ ਹੈ, ਉਸ ਨੂੰ ‘ਅਕਾਲੀ ਜਥਾ’ ਨਾਉਂ ਨਾਲ ਜਾਣਿਆ ਜਾਂਦਾ ਹੈ।’’
ਕੇਂਦਰੀ ਅਕਾਲੀ ਦਲ ਦੇ ਗਠਨ ਉਪਰੰਤ ਇਸ ਦੇ ਕਰਨ ਲਈ ਪਹਿਲਾ ਕੰਮ ਪੰਜਾਬ ਵਿੱਚ ਸਰਗਰਮ ਅਕਾਲੀ ਜਥਿਆਂ ਨੂੰ ਇੱਕ ਲੜੀ ਵਿੱਚ ਪਰੋਣਾ ਸੀ। ਇਹ ਜ਼ਿੰਮੇਵਾਰੀ ਕੇਂਦਰੀ ਅਕਾਲੀ ਦਲ ਦੇ ਥਾਪੇ ਗਏ ਅਹੁਦੇਦਾਰਾਂ ਦੇ ਸਿਰ ਸੀ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਨੂੰ ਬਣਾਇਆ ਗਿਆ, ਪਰ ਉਸ ਦੇ ਸਹਿਯੋਗੀਆਂ ਦੇ ਨਾਂ ਵੱਖ ਵੱਖ ਮਿਲਦੇ ਹਨ। ਡਾ. ਜੇ.ਐੱਸ. ਗਰੇਵਾਲ ਨੇ ਭਾਈ ਵਰਿਆਮ ਸਿੰਘ ਅਤੇ ਭਾਈ ਅਰਜਨ ਸਿੰਘ ਨੂੰ ਕ੍ਰਮਵਾਰ ਸਕੱਤਰ ਅਤੇ ਮੀਤ ਸਕੱਤਰ ਬਣਾਏ ਦੱਸਿਆ ਹੈ, ਪਰ ਪਹਿਲੇ ਅਕਾਲੀ ਸਾਜ਼ਿਸ਼ ਮੁਕੱਦਮੇ ਦੀ ਅਦਾਲਤੀ ਕਾਰਵਾਈ ਵਿੱਚ ਭਾਈ ਕਿਸ਼ਨ ਸਿੰਘ ਗੜਗੱਜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਅਤੇ ਰਿਆਸਤ ਪਟਿਆਲਾ ਦੇ ਵਸਨੀਕ ਭਾਈ ਅਮਰ ਸਿੰਘ ਨੂੰ ਸਹਾਇਕ ਸਕੱਤਰ ਲਿਖਿਆ ਗਿਆ ਹੈ। ਬੇਸ਼ੱਕ, ਕੇਂਦਰੀ ਅਕਾਲੀ ਦਲ ਦੇ ਅਹੁਦੇਦਾਰ ਚੁਣੇ ਗਏ ਸਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਜਥੇਬੰਦੀ ਹੋਣ ਕਾਰਨ ਦਿਸ਼ਾ ਨਿਰਦੇਸ਼ ਕਮੇਟੀ ਵੱਲੋਂ ਹੀ ਦਿੱਤੇ ਜਾ ਰਹੇ ਸਨ। 10 ਅਤੇ 11 ਮਈ ਨੂੰ ਹੋਏ ਵਿਚਾਰ ਵਟਾਂਦਰੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਫ਼ੈਸਲਿਆਂ ਵਿੱਚੋਂ ਇੱਕ ਅਕਾਲੀ ਦਲ ਦੀ ਭਰਤੀ ਕਰਨ ਬਾਰੇ ਸੀ। ਨਿਸ਼ਾਨਾ ਇਹ ਸੀ ਕਿ ਕੇਂਦਰੀ ਅਕਾਲੀ ਦਲ ਦੀਆਂ ਸਰਗਰਮੀਆਂ ਚਲਾਉਣ ਵਾਸਤੇ ਇਸ ਦੀ ਵਾਗਡੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਉੱਤੇ ਸਿੱਖ ਪੰਥ ਵੱਲੋਂ ਚੁਣੇ ਨਮਾਇੰਦਿਆਂ ਦੇ ਹੱਥ ਦਿੱਤੀ ਜਾ ਸਕੇ। ਇਸ ਚੋਣ ਲਈ 28 ਜੂਨ 1921 ਦਾ ਦਿਨ ਮਿਥਿਆ ਗਿਆ ਅਤੇ ਇਸ ਮਨੋਰਥ ਲਈ ਪੰਥਕ ਹਲਕਿਆਂ ਨੂੰ ਜਾਣਕਾਰੀ ਦੇਣ ਵਾਸਤੇ ਅਕਾਲੀ ਦਲ ਦੇ ਸਕੱਤਰ ਸ. ਕਿਸ਼ਨ ਸਿੰਘ ਵੱਲੋਂ ‘ਅਕਾਲੀ ਦਲ ਦੀ ਪੱਕੀ ਚੋਣ’ ਸੁਰਖ਼ੀ ਹੇਠ ਇਸ਼ਤਿਹਾਰ ਜਾਰੀ ਕੀਤਾ ਗਿਆ। ਇਸ਼ਤਿਹਾਰ ਸੰਗਤ ਦੇ ਹੱਥਾਂ ਵਿੱਚ ਪੁੱਜਣ ਸਾਰ ਪਿੰਡਾਂ ਸ਼ਹਿਰਾਂ ਵਿੱਚ ਹਰ ਥਾਂ ਭਰਤੀ ਲਈ ਸਰਗਰਮੀ ਸ਼ੁਰੂ ਹੋ ਗਈ। ਸੀ.ਆਈ.ਡੀ. ਵੱਲੋਂ ਇਸ ਕਾਰਵਾਈ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਲਈ ਉਸ ਵੱਲੋਂ ਮਈ 1921 ਦੇ ਹਰ ਹਫ਼ਤੇ ਲਿਖੀ ਗਈ ਰਿਪੋਰਟ ਵਿੱਚ ਅਕਾਲੀ ਦਲ ਦੀ ਭਰਤੀ ਦਾ ਜ਼ਿਕਰ ਕੀਤਾ ਗਿਆ ਹੈ। 16 ਮਈ 1921 ਦੀ ਰਿਪੋਰਟ ਵਿੱਚ ਲਿਖਿਆ ਹੈ, ‘‘ਅਕਾਲੀ ਦਲ, ਜੋ ਪੇਂਡੂ ਇਲਾਕੇ ਵਿੱਚ ਪੈਰ ਪਸਾਰ ਰਿਹਾ ਹੈ, ਵਿੱਚ ਹੋਰ ਭਰਤੀ ਕਰਨ ਅਤੇ ਜਥੇਬੰਦੀ ਦੇ ਸੁਚਾਰੂ ਗਠਨ ਲਈ ਵਿਧੀਵਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਪਤਵੰਤੇ ਸਿੱਖ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ... ਅਫ਼ਵਾਹ ਇਹ ਹੈ ਕਿ ਫ਼ੌਜ ਵਿੱਚੋਂ ਫਾਰਗ ਕੀਤੇ ਸਿੱਖ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਨਾਲ ਲਹਿਰ ਨੂੰ ਹੋਰ ਗਤੀ ਮਿਲੇਗੀ।’’ ਇਉਂ ਹੀ 25 ਮਈ 1921 ਦੀ ਰਿਪੋਰਟ ਵਿੱਚ ਦਰਜ ਹੈ, ‘‘ਅਕਾਲੀ ਜਥਿਆਂ ਦੀ ਸੰਸਥਾ ਤੇਜ਼ੀ ਨਾਲ ਵਧ ਰਹੀ ਹੈ। ਅੰਦਾਜ਼ਾ ਹੈ ਕਿ ਹੁਣੇ ਹੁਣੇ ਅਕਾਲੀ ਦਲ ਵਿੱਚ 10,000 ਤਾਜ਼ਾ ਰੰਗਰੂਟ ਭਰਤੀ ਕੀਤੇ ਗਏ ਹਨ।’’
28 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਣ ਵਾਲੀ ਇਕੱਤਰਤਾ ਬਾਰੇ ਜਾਰੀ ਇਸ਼ਤਿਹਾਰ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ ਇਉਂ ਸਨ, ‘‘ਹਰ ਇੱਕ ਅਕਾਲੀ ਜਥਾ ਸੌ ਪਿੱਛੇ ਪੰਜ ਪੰਜ ਪ੍ਰਤੀਨਿਧ ਭੇਜੇ, ਇਸ ਤੋਂ ਪਹਿਲਾਂ ਆਪੋ ਆਪਣੇ ਜਥਿਆਂ ਦੀਆਂ ਲਿਸਟਾਂ ਦਫਤਰ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਜੀ ਨੂੰ ਭੇਜ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਪ੍ਰਤੀਨਿਧ ਲੈਣ ਸਮੇਂ ਕੋਈ ਅਉਕੜ (ਔਕੜ) ਪੇਸ਼ ਨਾ ਆਵੇ।’’ ਇਸ ਤੋਂ ਹੇਠਾਂ ਲਿਖੇ ਨੋਟ ਵਿੱਚ ‘ਪ੍ਰਤੀਨਿਧਾਂ ਦੀ ਧਾਰਨਾ’ ਇਹ ਦੱਸੀ ਗਈ ਸੀ: 1. ਅੰਮ੍ਰਿਤਧਾਰੀ, 2. ਪੰਜਾਂ ਬਾਣੀਆਂ ਦਾ ਨੇਮੀ, 3. ਪੰਜ ਕਕਾਰ ਦੀ ਰੈਹਤ ਵਾਲਾ, 4. ਦਸਵੰਧ ਦੇਣ ਵਾਲਾ, 5. ਅੰਮ੍ਰਿਤ ਵੇਲੇ ਉੱਠਣ ਵਾਲਾ। ਇਸ ਤਰ੍ਹਾਂ ਕੀਤੀ ਭਰਤੀ ਦੇ ਆਧਾਰ ਉੱਤੇ ਖੜ੍ਹੇ ਕੀਤੇ ਅਕਾਲੀ ਦਲ, ਜਿਸ ਦਾ ਪਿੱਛੋਂ ਨਾਮਕਰਨ ‘ਸ਼੍ਰੋਮਣੀ ਅਕਾਲੀ ਦਲ’ ਕੀਤਾ ਗਿਆ, ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਤਾਬੇਦਾਰੀ ਛੱਡ ਕੇ ਸੁਤੰਤਰ ਹੋਂਦ ਬਣਾ ਲਈ ਅਤੇ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਉੱਤੇ ਹਾਵੀ ਹੋ ਗਿਆ।
ਸਿਆਣਪ ਬੀਤੇ ਤੋਂ ਸਬਕ ਲੈਣ ਵਿੱਚ ਮੰਨੀ ਜਾਂਦੀ ਹੈ। ਇਸ ਕਰਕੇ 2025 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਰਾਹੀਂ ਇਸ ਦਾ ਪੁਨਰ-ਗਠਨ ਕਰਨ ਵੇਲੇ ਪਹਿਲੀ ‘ਪੱਕੀ ਭਰਤੀ’ ਦੇ ਇਨ੍ਹਾਂ ਨਿਯਮਾਂ ਨੂੰ ਧਿਆਨ ਗੋਚਰੇ ਰੱਖਣਾ ਵੀ ਲਾਹੇਵੰਦ ਹੋਵੇਗਾ। ਯਕੀਨਨ ਪਿਛਲੀ ਕਸਵੱਟੀ ਉੱਤੇ ਪੂਰਾ ਉਤਰਨ ਵਾਲੇ ਵਿਅਕਤੀ ਇੱਕੋ ਸਮੇਂ ਪੰਥਕ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਯੋਗ ਹੋਣਗੇ।
ਸੰਪਰਕ: 94170-49417
ਅਕਾਲੀ ਦਲ ਦੀ ਪੱਕੀ ਚੋਣ ਬਾਰੇ ਇਸ਼ਤਿਹਾਰ
ਹਿੰਦੋਸਤਾਨ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਵੱਲੋਂ 19 ਜੁਲਾਈ 1921 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਣ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਬਦਨਾਮ ਮਹੰਤਾਂ ਦੇ ਕਬਜ਼ੇ ਵਿਚਲੇ ਗੁਰਦੁਆਰਿਆਂ ਨੂੰ ਜਨਤਕ ਬਲ ਦੇ ਆਸਰੇ ਆਪਣੇ ਕੰਟਰੋਲ ਹੇਠ ਲਿਆਉਣ ਲਈ ਲੋੜੀਂਦੇ ਵਾਲੰਟੀਅਰ ਦੇਣ ਵਾਲੀ ਜਥੇਬੰਦੀ ਦੇ ਰੂਪ ਵਿੱਚ ਹੀ ਚਲਾਇਆ ਜਾ ਰਿਹਾ ਸੀ ਅਤੇ ਦੋਵਾਂ ਜਥੇਬੰਦੀਆਂ ਵੱਲੋਂ ਆਪਣੇ ਤੌਰ ਉੱਤੇ ਅੰਗਰੇਜ਼ ਸਰਕਾਰ ਵਿਰੁੱਧ ਕਿਸੇ ਪ੍ਰਕਾਰ ਦਾ ਪੈਂਤੜਾ ਨਹੀਂ ਸੀ ਲਿਆ ਜਾ ਰਿਹਾ। ਸਗੋਂ ਸੱਚ ਤਾਂ ਇਹ ਹੈ ਕਿ ਅਗਲੇ ਲਗਭਗ ਡੇਢ ਸਾਲ ਤੱਕ ਅਕਾਲੀ ਆਗੂ ਜਥਿਆਂ ਨੂੰ ਰਾਜਸੀ ਖੇਤਰ ਵਿੱਚ ਸਰਗਰਮ ਸਿੱਖ ਜਥੇਬੰਦੀ ਸਿੱਖ ਲੀਗ ਦੀ ਅਗਵਾਈ ਵਿੱਚ ਕੰਮ ਕਰਨ ਲਈ ਆਖ ਰਹੇ ਸਨ। ਅਖ਼ਬਾਰ ‘ਅਕਾਲੀ’ ਦੇ 8 ਜਨਵਰੀ 1922 ਵਾਲੇ ਅੰਕ ਵਿੱਚ ਸ. ਖੜਕ ਸਿੰਘ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਵੱਲੋਂ ਅਕਾਲੀ ਜਥਿਆਂ ਦੇ ਨਾਉਂ ਜਾਰੀ ਇਹ ਹਦਾਇਤ ਛਪੀ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਅਕਾਲੀ ਬਣਾਇਆ ਜਾਵੇ ਅਤੇ ਇਹ ਅਕਾਲੀ ਫ਼ੌਜ ਸਿੱਖ ਲੀਗ ਦੇ ਹੇਠਾਂ ਕੰਮ ਕਰੇਗੀ।
ਅਕਾਲੀ ਦਲ ਦੀ ਦਲ ਦੀ ਪੱਕੀ ਚੋਣ
ਮੇਰੀ ਬੇਨਤੀ ਬੀਰ ਅਕਾਲੀਓ ਜੀ, ਦੋ ਕਰ ਜੋੜ ਮੈਂ ਕਰਾਂ ਪੁਕਾਰ ਭਾਈ।
ਪਹਿਲਾਂ ਵਾਹਿਗੁਰੂ ਫਤਿਹ ਪ੍ਰਵਾਨ ਕਰਨੀ, ਅੱਗੇ ਦਿਊਂ ਫਿਰ ਅਰਜ ਗੁਜਾਰ ਭਾਈ।
ਪ੍ਰਤੀਨਿਧਾਂ ਦਾ ਠੀਕ ਇਕੱਠ ਹੋਸੀ, ਸੁਧਾਸਰ ਜੀ ਗੁਰੂ ਦਰਬਾਰ ਭਾਈ।
ਅਕਾਲ ਤਖਤ ਨੂੰ ਜਾਣਦੀ ਕੁੱਲ ਦੁਨੀਆ, ਜਿੱਥੇ ਬੈਠੇ ਸਨ ਛੇਵੇਂ ਅਵਤਾਰ ਭਾਈ।
28 ਜੂਨ ਤੇ 15 ਹਾੜ ਸਮਝੋ, ਟਿਕੀ ਤਰੀਕ ਹੈ ਕਰੋ ਸ਼ਮਾਰ ਭਾਈ।
ਪ੍ਰਤੀਨਿਧ ਹੁਣ ਭੇਜ ਨਿਹਾਲ ਕਰਿਓ, ਮੈਂਬਰ ਸੌ ਚੋਂ ਪੰਜ ਵਿਚਾਰ ਭਾਈ।
ਕੰਮ ਆਪਣਾ ਸਮਝ ਜਰੂਰ ਕਰਨਾ, ਨਾਲ ਆਵਣਾ ਡਾਢੇ ਪਿਆਰ ਭਾਈ।
ਜਥੇਬੰਦੀ ਤੋਂ ਜੇਕਰਾਂ ਰਹੇ ਲਾਂਭੇ, ਫਿਰ ਪਛਤਾਵਸੋਗੇ ਬਾਰ ਬਾਰ ਭਾਈ।
ਢਾਈ ਪਾ ਜੇ ਖਿਚੜੀ ਅੱਡ ਰਿੰਨੀ, ਵਿਚ ਹੋਵੋਗੇ ਜੱਗ ਖੁਆਰ ਭਾਈ।
ਮਿਲੋ ਵੀਰ ਨੂੰ ਵੀਰ ਗਲਵੱਕੜੀ ਪਾ, ਜੇਕਰ ਜੀਵਣਾ ਵਿਚ ਸੰਸਾਰ ਭਾਈ।
ਜਥੇਬੰਦੀ ਜੇ ਤੁਸਾਂ ਪ੍ਰਵਾਨ ਕੀਤੀ, ਰਾਖਾ ਹੋਵਸੀ ਤੁਸਾਂ ਕਰਤਾਰ ਭਾਈ।
ਜਥੇ ਨਾਲ ਅਕਾਲੀ ਦਲ ਮੇਲ ਦੇਵੋ, ਸੱਚ ਕਹਾਂ ਮੈਂ ਤੁਸਾਂ ਉਚਾਰ ਭਾਈ।
ਹੱਥ ਵੀਰ ਦਾ ਵੀਰ ਵਟਾਇ ਕੇ ਤੇ, ਗੁਰੂਦੁਆਰਿਆਂ ਲਓ ਸੁਧਾਰ ਭਾਈ।
ਕਬਜ਼ਾ ਗੈਰਾਂ ਦਾ ਠੀਕ ਉਠਾਵਣਾ ਜੇ, ਲੱਕ ਬੰਨ ਕੇ ਹੋਵੋ ਤਿਆਰ ਭਾਈ।
ਇਕੱਠੇ ਹੋਏ ਕੇ ਪ੍ਰਣ ਇਹ ਕਰੋ ਸਾਰੇ, ਠੀਕ ਲੇਵਣੇ ਗੁਰੂ ਦਰਬਾਰ ਭਾਈ।
ਇਕੱਠੇ ਹੋਏ ਕੇ ਹੰਬਲਾ ਮਾਰਿਆ ਜੇ, ਪਾਪੀ ਹੋਣਗੇ ਤਦੋਂ ਫਰਾਰ ਭਾਈ।
ਬੇਨਤੀ ਹੈ ਕਿ ਅਕਾਲੀ ਦਲ ਦੀ ਪੱਕੀ ਚੋਣ ਕਰਨ ਲਈ 15 ਹਾੜ ਅਨੁਸਾਰ 28 ਜੂਨ 1921 ਨੂੰ ਇੱਕ ਬੜਾ ਭਾਰੀ ਇਕੱਠ ਸ੍ਰੀ ਅੰਮ੍ਰਿਤਸਰ ਜੀ ਅਕਾਲ ਤਖਤ ਹੋਵੇਗਾ। ਹਰ ਇੱਕ ਅਕਾਲੀ ਜਥਾ ਸੌ ਪਿੱਛੇ ਪੰਜ ਪੰਜ ਪ੍ਰਤੀਨਿਧ ਭੇਜੇ। ਇਸ ਤੋਂ ਪਹਿਲਾਂ ਆਪੋ ਆਪਣੇ ਜਥਿਆਂ ਦੀਆਂ ਲਿਸਟਾਂ ਦਫਤਰ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਜੀ ਨੂੰ ਭੇਜ ਦੇਣੀਆਂ ਚਾਹੀਦੀ ਦੀਆਂ ਹਨ ਤਾਂ ਕਿ ਪ੍ਰਤੀਨਿਧ ਲੈਣ ਸਮੇਂ ਕੋਈ ਔਕੜ ਪੇਸ਼ ਨਾ ਆਵੇ ਔਰ ਹਰ ਇੱਕ ਅਕਾਲੀ ਜਥੇ ਨੂੰ ਅਕਾਲੀ ਦਲ ਨਾਲ ਸਬੰਧਤ ਹੋਣਾ ਜ਼ਰੂਰੀ ਹੈ।
ਨੋਟ 1. ਪ੍ਰਤੀਨਿਧਾਂ ਦੀ ਧਾਰਨਾ 1. ਅੰਮ੍ਰਿਤਧਾਰੀ, 2. ਪੰਜਾ ਬਾਣੀਆਂ ਦਾ ਨਿੱਤਨੇਮੀ, 3. ਪੰਜ ਕਕਾਰ ਦੀ ਰਹਿਤ ਵਾਲਾ, 4. ਦਸਵੰਧ ਦੇਣ ਵਾਲਾ, 5. ਅੰਮ੍ਰਿਤ ਵੇਲੇ ਉੱਠਣ ਵਾਲਾ ਅਰਥਾਤ ਅਕਾਲ ਤਖਤ ਦੇ ਹੁਕਮਨਾਮੇ ਅਨੁਸਾਰ।
ਨੋਟ 2. ਖਾਲਸਾ ਜੀ ਪ੍ਰਣ ਪੱਤ੍ਰਕਾ ਭਰਾ ਕੇ ਛੇਤੀ ਅਕਾਲੀ ਦਲ ਦੇ ਦਫਤਰ ਨੂੰ ਭੇਜੋ। ਅਜੇ ਬਹੁਤ ਥੋੜੇ ਪ੍ਰਣ ਪੱਤਰ ਦਫ਼ਤਰ ਵਿੱਚ ਪੁੱਜੇ ਹਨ।
ਦਾਸ: ਕਿਸ਼ਨ ਸਿੰਘ, ਸਕੱਤਰ ਅਕਾਲੀ ਦਲ, ਦਫਤਰ ਗੁਰੂ ਕਾ ਬਾਗ, ਸ੍ਰੀ ਅੰਮ੍ਰਿਤਸਰ ਜੀ
(ਗਿਆਨ ਪ੍ਰੈੱਸ ਅੰਮ੍ਰਿਤਸਰ ਵਿੱਚ ਭਾਈ ਮੋਹਨ ਸਿੰਘ ਮੈਨੇਜਰ ਦੇ ਯਤਨ ਨਾਲ ਛਪਿਆ)