ਸ਼ਿੰਦੇ ਧੜਾ ਹੀ ਅਸਲ ਸ਼ਿਵ ਸੈਨਾ: ਸਪੀਕਰ
* ਕੋਈ ਵੀ ਵਿਧਾਇਕ ਅਯੋਗ ਨਾ ਠਹਿਰਾਇਆ
* ਫ਼ੈਸਲੇ ਲਈ ਚੋਣ ਕਮਿਸ਼ਨ ਨੂੰ 1999 ’ਚ ਸੌਂਪਿਆ ਗਿਆ ਸੰਵਿਧਾਨ ਹੀ ਵੈਧ ਮੰਨਿਆ
ਮੁੰਬਈ, 10 ਜਨਵਰੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਉਸ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਧੜੇ ਨੂੰ ਅਸਲ ਸਿਆਸੀ ਪਾਰਟੀ ਐਲਾਨ ਦਿੱਤਾ। ਆਪਣੇ ਫ਼ੈਸਲੇ ਦੇ ਅਹਿਮ ਨੁਕਤਿਆਂ ਨੂੰ 105 ਮਿੰਟ ਤੱਕ ਪੜ੍ਹ ਕੇ ਦੱਸਦਿਆਂ ਰਾਹੁਲ ਨਾਰਵੇਕਰ ਨੇ ਊਧਵ ਠਾਕਰੇ ਧੜੇ ਵੱਲੋਂ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਅਰਜ਼ੀ ਨਕਾਰ ਦਿੱਤੀ। ਜਿਵੇਂ ਹੀ ਨਾਰਵੇਕਰ ਨੇ ਹੁਕਮ ਪੜ੍ਹਨਾ ਬੰਦ ਕੀਤਾ ਤਾਂ ਮੁੱਖ ਮੰਤਰੀ ਸ਼ਿੰਦੇ ਦੇ ਹਮਾਇਤੀਆਂ ਨੇ ਜਸ਼ਨ ਮਨਾਉਂਦਿਆਂ ਆਤਿਸ਼ਬਾਜ਼ੀ ਚਲਾਉਣੀ ਸ਼ੁਰੂ ਕਰ ਦਿੱਤੀ। ਉਧਰ ਸ਼ਿਵ ਸੈਨਾ (ਯੂਬੀਟੀ) ਦੇ ਆਗੂਆਂ ਨੇ ਕਿਹਾ ਕਿ ਉਹ ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ।
ਨਾਰਵੇਕਰ ਨੇ ਕਿਹਾ ਕਿ ਕੋਈ ਵੀ ਪਾਰਟੀ ਅਨੁਸ਼ਾਸਨਹੀਣਤਾ ਜਾਂ ਅਸਹਿਮਤੀ ਲਈ ਸੰਵਿਧਾਨ ਦੀ 10ਵੀਂ ਸੂਚੀ ਦੇ ਪ੍ਰਾਵਧਾਨ ਦੀ ਵਰਤੋਂ ਨਹੀਂ ਕਰ ਸਕਦੀ ਹੈ। ਸ਼ਿੰਦੇ ਅਤੇ ਊਧਵ ਠਾਕਰੇ ਦੀ ਅਗਵਾਈ ਹੇਠਲੇ ਸੈਨਾ ਦੇ ਵੱਖੋ ਵੱਖਰੇ ਧੜਿਆਂ ਵੱਲੋਂ ਇਕ-ਦੂਜੇ ਦੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਦਾਖ਼ਲ ਪਟੀਸ਼ਨਾਂ ’ਤੇ ਆਪਣਾ ਹੁਕਮ ਸੁਣਾਉਂਦਿਆਂ ਨਾਰਵੇਕਰ ਨੇ ਕਿਹਾ ਕਿ ਸੈਨਾ (ਯੂਬੀਟੀ) ਦੇ ਸੁਨੀਲ ਪ੍ਰਭੂ 21 ਜੂਨ, 2022 ਤੋਂ ਵ੍ਹਿੱਪ ਨਹੀਂ ਰਹੇ ਅਤੇ ਸ਼ਿੰਦੇ ਧੜੇ ਦੇ ਭਾਰਤ ਗੋਗਾਵਲੇ ਅਧਿਕਾਰਤ ਵ੍ਹਿੱਪ ਬਣ ਗਏ ਸਨ। ਨਾਰਵੇਕਰ ਨੇ ਕਿਹਾ,‘‘ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਵਾਲੀਆਂ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ ਜਾਂਦੀਆਂ ਹਨ। ਕਿਸੇ ਵੀ ਵਿਧਾਇਕ ਨੂੰ ਅਯੋਗ ਨਹੀਂ ਠਹਿਰਾਇਆ ਜਾਂਦਾ ਹੈ।’’ ਸਪੀਕਰ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ ਪ੍ਰਮੁੱਖ (ਮੁਖੀ) ਕੋਲ ਪਾਰਟੀ ਦੇ ਕਿਸੇ ਵੀ ਆਗੂ ਨੂੰ ਹਟਾਉਣ ਦੀ ਕੋਈ ਵੀ ਤਾਕਤ ਨਹੀਂ ਹੈ। ਉਨ੍ਹਾਂ ਇਸ ਦਲੀਲ ਨੂੰ ਵੀ ਸਵੀਕਾਰ ਨਹੀਂ ਕੀਤਾ ਕਿ ਪਾਰਟੀ ਮੁਖੀ ਦੀ ਇੱਛਾ ਅਤੇ ਪਾਰਟੀ ਦੀ ਇੱਛਾ ਇਕ ਸਮਾਨ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ 1999 ’ਚ ਸੌਂਪਿਆ ਗਿਆ ਸੰਵਿਧਾਨ ਹੀ ਮੁੱਦਿਆਂ ਦੇ ਨਬਿੇੜੇ ਲਈ ਵੈਧ ਸੰਵਿਧਾਨ ਹੈ ਅਤੇ ਠਾਕਰੇ ਧੜੇ ਵੱਲੋਂ 2018 ਦੇ ਸੋਧੇ ਗਏ ਸੰਵਿਧਾਨ ਦੀ ਦਲੀਲ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ 1999 ਦੇ ਸੰਵਿਧਾਨ ’ਚ ਰਾਸ਼ਟਰੀ ਕਾਰਜਕਾਰਨੀ ਬਣਾਈ ਗਈ ਸੀ ਜੋ ਪਾਰਟੀ ਦੀ ਸੁਪਰੀਮ ਇਕਾਈ ਹੁੰਦੀ ਹੈ। ਨਾਰਵੇਕਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਇਆ ਗਿਆ ਸ਼ਿਵ ਸੈਨਾ ਦਾ 1999 ਦਾ ਸੰਵਿਧਾਨ ਹੀ ਅਸਲ ਸੰਵਿਧਾਨ ਹੈ। ਨਾਰਵੇਕਰ ਮੁਤਾਬਕ ਜੂਨ 2022 ’ਚ ਜਦੋਂ ਵਿਰੋਧੀ ਧੜਾ ਉਭਰਿਆ ਸੀ ਤਾਂ ਸ਼ਿੰਦੇ ਧੜੇ ਕੋਲ 54 ’ਚੋਂ 37 ਵਿਧਾਇਕਾਂ ਦਾ ਬਹੁਮਤ ਸੀ। ਬਗ਼ਾਵਤ ਮਗਰੋਂ ਸ਼ਿੰਦੇ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਬਣਿਆ ਸੀ। ਪਿਛਲੇ ਸਾਲ ਜੁਲਾਈ ’ਚ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਅਜੀਤ ਪਵਾਰ ਧੜਾ ਵੀ ਉਨ੍ਹਾਂ ਦੀ ਸਰਕਾਰ ’ਚ ਸ਼ਾਮਲ ਹੋ ਗਿਆ ਸੀ। ਪਿਛਲੇ ਸਾਲ 11 ਮਈ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਉਹ ਊਧਵ ਠਾਕਰੇ ਦੀ ਅਗਵਾਈ ਹੇਠਲੇ ਮਹਾ ਵਿਕਾਸ ਅਗਾੜੀ ਨੂੰ ਬਹਾਲ ਨਹੀਂ ਕਰ ਸਕਦੇ ਹਨ ਕਿਉਂਕਿ ਠਾਕਰੇ ਨੇ ਵਿਧਾਨ ਸਭਾ ’ਚ ਭਰੋਸਗੀ ਮਤੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਉਂਜ ਸੁਪਰੀਮ ਕੋਰਟ ਨੇ ਤਤਕਾਲੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਪਾਰਟੀ ਦਾ ਅੰਦਰੂਨੀ ਝਗੜਾ ਸੁਲਝਾਉਣ ਲਈ ਭਰੋਸਗੀ ਮਤਾ ਲਿਆਉਣ ’ਤੇ ਸਵਾਲ ਖੜ੍ਹੇ ਕੀਤੇ ਸਨ। ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦਾ ਨਾਮ ਅਤੇ ਚੋਣ ਨਿਸ਼ਾਨ ਤੀਰ ਕਮਾਨ ਸ਼ਿੰਦੇ ਦੀ ਅਗਵਾਈ ਹੇਠਲੇ ਧੜੇ ਨੂੰ ਦੇ ਦਿੱਤਾ ਸੀ ਜਦਕਿ ਠਾਕਰੇ ਦੀ ਅਗਵਾਈ ਹੇਠਲੇ ਧੜੇ ਨੂੰ ਸ਼ਿਵ ਸੈਨਾ (ਯੂਬੀਟੀ) ਨਾਮ ਅਤੇ ਚੋਣ ਨਿਸ਼ਾਨ ‘ਮਸ਼ਾਲ’ ਮਿਲਿਆ ਸੀ। ਮਹਾਰਾਸ਼ਟਰ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -ਪੀਟੀਆਈ
ਸਪੀਕਰ ਦੇ ਫੈਸਲੇ ਤੋਂ ਕੋਈ ਹੈਰਾਨੀ ਨਹੀਂ: ਪਵਾਰ
ਪੁਣੇ: ਐੱਨਸੀਪੀ ਪ੍ਰਮੁੱਖ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਸ਼ਿਵ ਸੈਨਾ ਵਿਧਾਇਕਾਂ ਦੀ ਅਯੋਗਤਾ ਬਾਰੇ ਸਪੀਕਰ ਦੇ ਫੈਸਲੇ ਨਾਲ ਕੋਈ ਹੈਰਾਨੀ ਨਹੀਂ ਹੋਈ ਹੈ। ਪਰ ਇਸ ਨੂੰ ਊਧਵ ਠਾਕਰੇ ਦੇ ਧੜੇ ਵੱਲੋਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ। ਪਵਾਰ ਨੇ ਕਿਹਾ ਕਿ ਸਪੀਕਰ ਦੇ ਫੈਸਲੇ ਨੂੰ ਦੇਖ ਕੇ ਲੱਗਦਾ ਹੈ ਕਿ ਠਾਕਰੇ ਧੜਾ ਸੁਪਰੀਮ ਕੋਰਟ ਜਾਵੇਗਾ। ਪਵਾਰ ਨੇ ਕਿਹਾ ਕਿ ਮਹਾ ਵਿਕਾਸ ਅਗਾੜੀ ਦੇ ਸਾਰੇ ਭਾਈਵਾਲਾਂ ਦੀ ਪਹਿਲਾਂ ਹੀ ਇਹ ਸਾਂਝੀ ਰਾਇ ਸੀ ਕਿ ਫੈਸਲਾ ਠਾਕਰੇ ਧੜੇ ਦੇ ਹੱਕ ਵਿਚ ਨਹੀਂ ਆਵੇਗਾ। -ਪੀਟੀਆਈ
ਮਹਾਰਾਸ਼ਟਰ ਦੇ ਲੋਕਾਂ ਦੀ ਹਮਦਰਦੀ ਊਧਵ ਨਾਲ: ਚਵਾਨ
ਛਤਰਪਤੀ ਸੰਭਾਜੀਨਗਰ: ਕਾਂਗਰਸ ਆਗੂ ਅਸ਼ੋਕ ਚਵਾਨ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਲੋਕਾਂ ਦੀ ਹਮਦਰਦੀ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨਾਲ ਹੈ ਅਤੇ ਉਨ੍ਹਾਂ ਨੂੰ ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ’ਚ ਲੋਕਤੰਤਰ ਬਚਾਉਣ ਦੀ ਜੰਗ ਹੈ। ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦਿਆਂ ਸਪੀਕਰ ਦਾ ਫ਼ੈਸਲਾ ਅਣਕਿਆਸਾ ਨਹੀਂ ਹੈ। ਇਹ ਇਕੱਲੇ ਊਧਵ ਠਾਕਰੇ ਦੀ ਜੰਗ ਨਹੀਂ ਹੈ ਸਗੋਂ ਇਹ ਲੋਕਤੰਤਰ ਦੀ ਸੁਰੱਖਿਆ ਦੀ ਜੰਗ ਹੈ। -ਪੀਟੀਆਈ
ਸਪੀਕਰ ਦਾ ਹੁਕਮ ਲੋਕਤੰਤਰ ਦੀ ਹੱਤਿਆ, ਸੁਪਰੀਮ ਕੋਰਟ ਜਾਵਾਂਗੇ: ਊਧਵ ਠਾਕਰੇ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਵੱਲੋਂ ਸ਼ਿੰਦੇ ਧੜੇ ਨੂੰ ਅਸਲ ਸ਼ਿਵ ਸੈਨਾ ਐਲਾਨਣਾ ਲੋਕਤੰਤਰ ਦੀ ਹੱਤਿਆ ਹੈ ਅਤੇ ਇਹ ਸੁਪਰੀਮ ਕੋਰਟ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਅਤੇ ਸਪੀਕਰ ਖ਼ਿਲਾਫ਼ ਮਾਣਹਾਨੀ ਦੀ ਅਰਜ਼ੀ ਦਾਖ਼ਲ ਕਰਨ ਬਾਰੇ ਵੀ ਵਿਚਾਰ ਕਰੇਗੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਸਪੀਕਰ ਨੇ ਸੁਪਰੀਮ ਕੋਰਟ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਨੂੰ ਅਣਗੌਲਿਆ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੇਸ ਦਲਬਦਲ ਵਿਰੋਧੀ ਕਾਨੂੰਨ ਤਹਿਤ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਮਾਮਲਾ ਸੀ ਪਰ ਕਿਸੇ ਵੀ ਧੜੇ ਦੇ ਇਕ ਵੀ ਵਿਧਾਇਕ ਨੂੰ ਅਯੋਗ ਨਹੀਂ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕਰਨ ਦੇ ਨਾਲ ਉਸ ਨੂੰ ਅਪੀਲ ਕਰਨਗੇ ਕਿ ਉਹ ਚੋਣਾਂ ਤੋਂ ਪਹਿਲਾਂ ਇਸ ਸਬੰਧੀ ਫ਼ੈਸਲਾ ਸੁਣਾਏ। ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਮਹਾਰਾਸ਼ਟਰ ਦੇ ਲੋਕ ਇਨ੍ਹਾਂ ਗੱਦਾਰਾਂ ਨੂੰ ਸੈਨਾ ਵਜੋਂ ਸਵੀਕਾਰ ਨਹੀਂ ਕਰਨਗੇ। ਪਾਰਟੀ ਆਗੂ ਸੰਜੈ ਰਾਊਤ ਨੇ ਸਪੀਕਰ ਦੇ ਫ਼ੈਸਲੇ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ‘ਮਰਾਠੀ ਮਾਨੂਸ’ ਲਈ ਕਾਲਾ ਦਿਨ ਹੈ। ਉਨ੍ਹਾਂ ਨਾਰਵੇਕਰ ’ਤੇ ਦੋਸ਼ ਲਾਇਆ ਕਿ ਉਹ ਦਿੱਲੀ ਦੇ ਹੁਕਮਾਂ ’ਤੇ ਕੰਮ ਕਰ ਰਿਹਾ ਹੈ। -ਪੀਟੀਆਈ
ਲੋਕਤੰਤਰ ’ਚ ਵਿਧਾਇਕਾਂ ਦੀ ਗਿਣਤੀ ਅਹਿਮ: ਸ਼ਿੰਦੇ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਲੋਕਤੰਤਰ ’ਚ ਵਿਧਾਇਕਾਂ ਦੀ ਗਿਣਤੀ ਅਹਿਮ ਹੁੰਦੀ ਹੈ ਅਤੇ ਸ਼ਿਵ ਸੈਨਾ ਦੀ ਅਗਵਾਈ ਹੇਠਲੇ ਧੜੇ ਕੋਲ ਇਹ ਗਿਣਤੀ ਹੈ। ਸਪੀਕਰ ਦੇ ਫ਼ੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਸ਼ਿੰਦੇ ਨੇ ਕਿਹਾ ਕਿ ਪਾਰਟੀ ਮੁਖੀ ਦੀ ਨਿੱਜੀ ਰਾਏ ਨੂੰ ਪੂਰੀ ਪਾਰਟੀ ਦੀ ਰਾਏ ਨਹੀਂ ਮੰਨਿਆ ਜਾ ਸਕਦਾ ਹੈ। ਸ਼ਿੰਦੇ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਵੀ ਉਨ੍ਹਾਂ ਦੇ ਧੜੇ ਨੂੰ ਸ਼ਿਵ ਸੈਨਾ ਦਾ ਨਾਮ ਅਤੇ ਉਸ ਦਾ ਚੋਣ ਨਿਸ਼ਾਨ ਅਲਾਟ ਕੀਤਾ ਹੈ। -ਪੀਟੀਆਈ