For the best experience, open
https://m.punjabitribuneonline.com
on your mobile browser.
Advertisement

ਸਾਰਥਿਕ ਸੁਨੇਹਾ ਦਿੰਦੀ ‘ਸ਼ਿੰਦਾ ਸ਼ਿੰਦਾ ਨੋ ਪਾਪਾ’

10:31 AM May 25, 2024 IST
ਸਾਰਥਿਕ ਸੁਨੇਹਾ ਦਿੰਦੀ ‘ਸ਼ਿੰਦਾ ਸ਼ਿੰਦਾ ਨੋ ਪਾਪਾ’
Advertisement

ਰਜਵਿੰਦਰ ਪਾਲ ਸ਼ਰਮਾ

Advertisement

ਅਜੋਕੇ ਸਮੇਂ ਵਿੱਚ ਪੰਜਾਬੀ ਸਿਨੇਮਾ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਫਿਲਮਾਂ ਬਣਾਉਣ ਵਿੱਚ ਚੰਗਾ ਕੰਮ ਕਰ ਰਿਹਾ ਹੈ। ਸਮੇਂ ਸਮੇਂ ’ਤੇ ਪੰਜਾਬੀ ਸੱਭਿਆਚਾਰ, ਵਿਰਸੇ, ਸਾਹਿਤ, ਖੇਡਾਂ ਅਤੇ ਪੰਜਾਬ ਦੇ ਹਾਲਾਤ ਨੂੰ ਦਰਸਾਉਂਦੀਆਂ ਫਿਲਮਾਂ ਸਿਨੇਮਾ ਦਾ ਸ਼ਿੰਗਾਰ ਬਣੀਆਂ ਹਨ ਜਿਨ੍ਹਾਂ ਨੇ ਸਮਾਜ ਨੂੰ ਮਨੋਰੰਜਨ ਦੇ ਨਾਲ ਨਾਲ ਚੰਗੀ ਸੇਧ ਵੀ ਦਿੱਤੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਵਿੱਚ, ਜਿਸ ਦਾ ਵਿਸ਼ਾ ਬੱਚਿਆਂ ਦੇ ਪਾਲਣ-ਪੋਸ਼ਣ ਨਾਲ ਸਬੰਧ ਰੱਖਦਾ ਹੈ।
ਫਿਲਮ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਵਿਦੇਸ਼ ਵਿੱਚ ਰਹਿਣ ਵਾਲੇ ਬੱਚਿਆਂ ਅਤੇ ਪੰਜਾਬ ਵਿੱਚ ਰਹਿਣ ਵਾਲੇ ਬੱਚਿਆਂ ਦੇ ਖਾਣ-ਪੀਣ, ਰਹਿਣ- ਸਹਿਣ ਅਤੇ ਕਾਰ-ਵਿਹਾਰ ਵਿੱਚ ਵੱਡਾ ਫ਼ਰਕ ਪੈਦਾ ਹੋ ਚੁੱਕਿਆ ਹੈ। ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਗੋਪੀ (ਗਿੱਪੀ ਗਰੇਵਾਲ), ਨਿੱਕੀ (ਹਿਨਾ ਖ਼ਾਨ) ਅਤੇ ਉਨ੍ਹਾਂ ਦੇ ਪੁੱਤਰ ਸ਼ਿੰਦੇ (ਸ਼ਿੰਦਾ ਗਰੇਵਾਲ) ਤੋਂ ਜੋ ਕੈਨੇਡਾ ਵਿੱਚ ਰਹਿੰਦੇ ਹਨ। ਗੋਪੀ ਅਜੇ ਵੀ ਪੰਜਾਬ ਨੂੰ ਭੁੱਲ ਨਹੀਂ ਸਕਿਆ। ਉਸ ਦੇ ਅੰਦਰ ਪੰਜਾਬ ਹੁਣ ਵੀ ਜਿਊਂਦਾ ਹੈ। ਭਾਰਤ ਅਤੇ ਕੈਨੇਡਾ ਦੇ ਕਾਨੂੰਨਾਂ ਅਤੇ ਜੀਵਨਸ਼ੈਲੀ ਵਿੱਚ ਬਹੁਤ ਫ਼ਰਕ ਹੈ। ਕੈਨੇਡਾ ਵਿੱਚ ਕਾਨੂੰਨ ਇਸ ਪ੍ਰਕਾਰ ਬਣੇ ਹੋਏ ਹਨ ਕਿ ਜੇਕਰ ਮਾਤਾ-ਪਿਤਾ ਬੱਚੇ ਨੂੰ ਝਿੜਕ ਵੀ ਦੇਣ ਤਾਂ ਬੱਚੇ ਦੀ ਰਿਪੋਰਟ ’ਤੇ ਪੁਲੀਸ ਕਾਰਵਾਈ ਕਰ ਕੇ ਸਜ਼ਾ ਦੇ ਸਕਦੀ ਹੈ ਜਦਕਿ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੁੰਦਾ।
ਗੋਪੀ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ। ਜੇਲ੍ਹ ਜਾਣ ਦੇ ਡਰ ਕਰ ਕੇ ਉਹ ਕਦੇ ਵੀ ਆਪਣੇ ਪੁੱਤਰ ਸ਼ਿੰਦੇ ਨੂੰ ਡਾਂਟ ਨਹੀਂ ਸਕਦਾ। ਸ਼ਿੰਦਾ ਉਸ ਨੂੰ ਵਾਰ ਵਾਰ ਪੁਲੀਸ ਰਿਪੋਰਟ ਕਰਨ ਦੀ ਧਮਕੀ ਦਿੰਦਾ ਰਹਿੰਦਾ ਹੈ। ਇਸ ਮੁਸ਼ਕਿਲ ਦੇ ਹੱਲ ਲਈ ਗੋਪੀ ਆਪਣੇ ਭਰਾ ਦੇ ਕਹਿਣ ’ਤੇ ਆਪਣੇ ਪਿਤਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਪਰਿਵਾਰ ਸਮੇਤ ਪੰਜਾਬ ਆ ਜਾਂਦਾ ਹੈ। ਪੰਜਾਬ ਆ ਕੇ ਸ਼ਿੰਦਾ ਦੇਖਦਾ ਹੈ ਕਿ ਇੱਥੇ ਤਾਂ ਬੱਚਿਆਂ ਨੂੰ ਮਾਪਿਆਂ ਤੋਂ ਡਾਂਟ ਅਤੇ ਛਿੱਤਰ ਪੈਂਦੇ ਹੀ ਰਹਿੰਦੇ ਹਨ। ਜਦੋਂ ਬੱਚਾ ਕੋਈ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਸੁਧਾਰਨ ਲਈ ਡਾਂਟਣ ਦੇ ਨਾਲ ਨਾਲ ਕਦੇ ਕਦੇ ਹੱਥ ਚੁੱਕਣਾ ਵੀ ਜ਼ਰੂਰੀ ਸਮਝਿਆ ਜਾਂਦਾ ਹੈ। ਸ਼ਿੰਦਾ ਇਸ ਦਾ ਵਿਰੋਧ ਕਰਦਾ ਹੈ ਅਤੇ ਪੁਲੀਸ ਸਟੇਸ਼ਨ ਵਿੱਚ ਭੁੱਖ ਹੜਤਾਲ ਦੀ ਧਮਕੀ ਦੇ ਕੇ ਰਿਪੋਰਟ ਦਰਜ ਕਰਵਾ ਦਿੰਦਾ ਹੈ।
ਫਿਲਮ ਦੀ ਕਹਾਣੀ ਪੰਜਾਬ ਵਿੱਚੋਂ ਵਿਦੇਸ਼ ਗਏ ਅਤੇ ਵਿਦੇਸ਼ ਦੇ ਮਾਹੌਲ ਵਿੱਚ ਜੰਮੇ ਬੱਚਿਆਂ ਦੇ ਹਾਲਾਤ ਅਤੇ ਮਾਨਸਿਕ ਸਥਿਤੀਆਂ ਨੂੰ ਬਾਖੂਬੀ ਬਿਆਨ ਕਰਦੀ ਹੈ। ਪੰਜਾਬੀ ਮਾਪਿਆਂ ਨੂੰ ਵਿਦੇਸ਼ ਵਿੱਚ ਜੰਮੇ ਪਲੇ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਬੱਚਿਆਂ ਵਿੱਚ ਇਹੀ ਘਾਟ ਮਾਪਿਆਂ ਦਾ ਚੈਨ ਖੋਹ ਲੈਂਦੀ ਹੈ, ਉਹ ਪਰੇਸ਼ਾਨ ਰਹਿੰਦੇ ਹਨ। ਫਿਲਮ ਹਾਸੇ ਠੱਠੇ ਦੇ ਨਾਲ ਨਾਲ ਇਹ ਸੰਦੇਸ਼ ਦੇਣ ਵਿੱਚ ਵੀ ਸਫਲ ਹੋਈ ਹੈ ਕਿ ਬੱਚਿਆਂ ਨੂੰ ਲੋੜ ਅਨੁਸਾਰ ਦਿੱਤੀ ਹੋਈ ਝਿੜਕ ਉਨ੍ਹਾਂ ਦੇ ਚੰਗੇ ਭਵਿੱਖ ਲਈ ਜ਼ਰੂਰੀ ਹੈ। ਪ੍ਰਿੰਸ ਕੰਵਲਜੀਤ, ਨਿਰਮਲ ਰਿਸ਼ੀ ਅਤੇ ਜਸਵਿੰਦਰ ਭੱਲਾ ਦੁਆਰਾ ਕੀਤੀ ਅਦਾਕਾਰੀ ਵੀ ਦਰਸ਼ਕਾਂ ਨੂੰ ਫਿਲਮ ਨਾਲ ਬੰਨ੍ਹ ਕੇ ਰੱਖਦੀ ਹੈ। ਲੜਾਈ ਝਗੜੇ ਤੋਂ ਦੂਰ ਇਹ ਫਿਲਮ ਸਮਾਜ ਨੂੰ ਚੰਗਾ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ।
ਸਾਰੇਗਾਮਾ, ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਅਤੇ ਏ-ਯੁਡਲੀ ਵੱਲੋਂ ਸਾਂਝੇ ਤੌਰ ’ਤੇ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਸਹਿ ਨਿਰਮਾਣਕਾਰ ਭਾਨਾ ਲਾ, ਵਿਨੋਦ ਅਸਵਾਲ ਅਤੇ ਸਾਹਿਲ ਐੱਸ ਸ਼ਰਮਾ ਹਨ, ਜਦਕਿ ਨਿਰਦੇਸ਼ਨ ਅਮਰਪ੍ਰੀਤ ਸਿੰਘ ਛਾਬੜਾ ਦਾ ਹੈ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਸੁਪਰਹਿੱਟ ਫਿਲਮ ‘ਹਨੀਮੂਨ’ ਦਾ ਵੀ ਨਿਰਦੇਸ਼ਨ ਕਰ ਚੁੱਕਾ ਹੈ।
ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ ਜੋ ਇਸ ਤੋਂ ਪਹਿਲਾਂ ਕਈ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ। ਇਸ ਫਿਲਮ ਨੇ ਗਿੱਪੀ ਗਰੇਵਾਲ ਦੀ ਹੀ ਹਾਲੀਆ ਫਿਲਮ ‘ਜੱਟ ਨੂੰ ਚੁੜੇਲ ਟੱਕਰੀ ਨੂੰ’ ਵੀ ਕਮਾਈ ਦੇ ਮਾਮਲੇ ਵਿੱਚ ਪਛਾੜ ਦਿੱਤਾ ਹੈ। ਇਹ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਦੇ ਨਾਲ-ਨਾਲ ਤਕਨੀਕੀ ਸਿਰਜਨਾਤਮਕਤਾ ਨੂੰ ਵੀ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ।
ਸੰਪਰਕ: 70873-67969

Advertisement
Author Image

joginder kumar

View all posts

Advertisement
Advertisement
×