Shimla Weather: ਬਰਫ਼ਬਾਰੀ ਕਾਰਨ 87 ਸੜਕਾਂ ਆਵਾਜਾਈ ਲਈ ਬੰਦ
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 09 ਦਸੰਬਰ
ਦਿਲਕਸ਼ ਪਹਾੜੀਆਂ ਅਤੇ ਸੈਰ ਸਪਾਟੇ ਹਰ ਇਕ ਦੀ ਪਸੰਦੀਦਾ ਜਗ੍ਹਾ ਸ਼ਿਮਲਾ ਸਮੇਤ ਸਮੇਤ ਸੂਬੇ ਭਰ ਵਿਚ ਹੋਈ ਬਰਫ਼ਬਾਰੀ ਕਾਰਨ 87 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਤਾਜ਼ਾ ਰਿਪੋਰਟਾਂ ਅਨੁਸਾਰ ਖੋਕਸਰ (6.7 ਸੈਂਟੀਮੀਟਰ), ਖਦਰਾਲਾ (5 ਸੈਂਟੀਮੀਟਰ), ਸਾਂਗਲਾ (3.6 ਸੈਂਟੀਮੀਟਰ), ਕੇਲੌਂਗ (3.0 ਸੈਂਟੀਮੀਟਰ), ਅਤੇ ਸ਼ਿਮਲਾ (2.5 ਸੈਂਟੀਮੀਟਰ) ਵਿੱਚ ਬਰਫ਼ਬਾਰੀ ਦਰਜ ਕੀਤੀ ਗਈ। ਕਈ ਥਾਵਾਂ ’ਤੇ ਹਲਾਕ ਮੀਂਹ ਵੀ ਪਿਆ।
ਸ਼ਿਮਲਾ ਜ਼ਿਲ੍ਹੇ ਵਿੱਚ ਰੋਹੜੂ, ਜੁਬਲ ਅਤੇ ਕੋਟਖਾਈ ਦੀਆਂ ਸਬ-ਡਿਵੀਜ਼ਨਾਂ ਵਿੱਚ 58 ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਬਰਫ਼ਬਾਰੀ ਕਾਰਨ ਕਿਨੌਰ ਵਿੱਚ 17 ਸੜਕਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੂਹ (12) ਅਤੇ ਕਲਪਾ ਬਲਾਕ ਵਿੱਚ ਹਨ।
ਗੌਰਤਲਬ ਹੈ ਕਿ ਰੋਹਤਾਂਗ ਪਾਸ ਨੈਸ਼ਨਲ ਹਾਈਵੇ ਨੂੰ ਗੁਲਾਬਾ ਚੈੱਕ ਪੋਸਟ ਤੋਂ ਅੱਗੇ ਬਰਫ਼ ਹੋਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। 1990 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਸ਼ਿਮਲਾ ਵਿੱਚ ਦਸੰਬਰ ਦੇ ਸ਼ੁਰੂ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਹਾਲਾਂਕਿ ਬਰਫ਼ਬਾਰੀ ਕਾਰਨ ਬਿਜਲੀ ਵੀ ਪ੍ਰਭਾਵਿਤ ਹੋਈ, ਜਿਸ ਕਾਰਨ ਚੰਬਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ 457 ਤੋਂ ਵੱਧ ਲਾਈਨਾਂ ਵਿਘਨ ਪਈਆਂ।
ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਘੰਟਿਆਂ ਦੌਰਾਨ ਲਾਹੌਲ ਅਤੇ ਸਪਿਤੀ, ਕੁੱਲੂ ਅਤੇ ਕਿਨੌਰ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਲ੍ਹਾ ਸਿਰਮੌਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।