ਮਾਤਾ ਗੰਗਾ ਦੇ ਜੀਵਨ ’ਤੇ ਚਾਨਣਾ ਪਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵੱਲੋਂ ਡਾ. ਪ੍ਰੋਫੈਸਰ ਚਰਨ ਸਿੰਘ (ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਦੀ ਪ੍ਰੇਰਨਾ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਚ ‘ਇਤਿਹਾਸ ਵਿੱਚ ਸਿੱਖ ਬੀਬੀਆਂ’ ਲੜੀ ਤਹਿਤ ਨੌਵਾਂ ਵਿਸ਼ੇਸ਼ ਲੈਕਚਰ ਗੁਰੂ ਅਰਜਨ ਦੇਵ ਦੇ ਮਹਿਲ ਮਾਤਾ ਗੰਗਾ ਦੇ ਜੀਵਨ ਇਤਿਹਾਸ ਸਬੰਧੀ ਕਰਵਾਇਆ ਗਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀਆਂ ਵੱਲੋਂ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਸੰਸਥਾ ਦੇ ਡਾਇਰੈਕਟਰ ਡਾਕਟਰ ਹਰਬੰਸ ਕੌਰ ਸਾਗੂ ਨੇ ਆਏ ਵਿਦਵਾਨਾਂ ਅਤੇ ਸੰਗਤ ਨੂੰ ਜੀ ਆਇਆਂ ਆਖਿਆ ਅਤੇ ਮੁੱਖ ਵਕਤਾ ਡਾ. ਬੇਅੰਤ ਕੌਰ, ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਇੰਦਰਜੀਤ ਕੌਰ ਸੇਠੀ ਅਤੇ ਡਾ. ਕੰਵਲ ਕੋਹਲੀ ਦਾ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਵਕਤਾ ਡਾ. ਬੇਅੰਤ ਕੌਰ ਨੇ ਗੁਰੂ ਅਰਜਨ ਦੇਵ ਦੇ ਮਹਿਲ ਮਾਤਾ ਗੰਗਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਬੜੇ ਦ੍ਰਿੜ ਹਿਰਦੇ ਨਾਲ ਜਰਨ ਵਾਲੇ ਮਾਤਾ ਗੰਗਾ ਨੇ 11 ਸਾਲ ਦੇ ਬਾਲ ਹਰਿਗੋਬਿੰਦ ਦੀ ਪਰਵਰਿਸ਼ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਗਏ ਮਹਾਨ ਕਾਰਜਾਂ ਜਿਵੇਂ ਅਕਾਲ ਤਖ਼ਤ ਦੀ ਉਸਾਰੀ, ਸਿੱਖਾਂ ਨੂੰ ਸ਼ਸਤਰ ਧਾਰੀ ਬਣਾਉਣ, ਮੀਰੀ ਪੀਰੀ ਦੇ ਸਿਧਾਂਤ ਦੀ ਸਥਾਪਨਾ ਅਤੇ ਸਿੱਖ ਸਮਾਜ ਨੂੰ ਵਿਕਸਿਤ ਕਰਨ ’ਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮਿਆਂ ਦਾ ਸੰਗ੍ਰਹਿ ਵਿਆਖਿਆਕਾਰ ਦਲਜੀਤ ਸਿੰਘ ਜਾਵਾ ਤੇ ਦਰਸ਼ਨ ਕੌਰ ਉੱਪਲ ਵੱਲੋਂ ਅਨੁਵਾਦਿਤ ਹਿੰਦੀ ਪੁਸਤਕ ‘ਆਜ ਕਾ ਹੁਕਮ’ ਵੀ ਰਿਲੀਜ਼ ਕੀਤੀ ਗਈ। ਡਾ. ਇੰਦਰਜੀਤ ਕੌਰ ਸੇਠੀ ਅਤੇ ਕੰਵਲ ਕੋਹਲੀ ਨੇ ਵੀ ਮਾਤਾ ਗੰਗਾ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।