ਸ਼ਾਰਪ ਸ਼ੂਟਰ ਅਮਨ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਜਤਿੰਦਰ ਗੋਗੀ-ਯੋਗੇਸ਼ ਟੁੰਡਾ-ਮੌਂਟੀ ਮਾਨ ਅਪਰਾਧ ਸਿੰਡੀਕੇਟ ਦੇ ਸ਼ਾਰਪ ਸ਼ੂਟਰ ਅਮਨ ਉਰਫ਼ ਸ਼ੇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਨਾਮ ਨੰਗਲੋਈ ਵਿੱਚ ਪਲਾਈਵੁੱਡ ਦੀ ਦੁਕਾਨ ਵਿੱਚ ਫਿਰੌਤੀ ਲਈ ਗੋਲੀਬਾਰੀ ਦੀ ਘਟਨਾ ਵਿੱਚ ਆਇਆ ਸੀ। ਮੁਲਜ਼ਮਾਂ ਕੋਲੋਂ ਇੱਕ ਅਰਧ-ਆਟੋਮੈਟਿਕ ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ ਸਨ। ਸਪੈਸ਼ਲ ਸੈੱਲ ਐੱਨਆਰ ਅਤੇ ਐਸਟੀਐਫ ਦੀ ਟੀਮ ਨੇ ਹਰਿਆਣਾ ਦੇ ਸੋਨੀਪਤ ਦੇ ਕੁੰਡਲੀ ਦੇ ਰਹਿਣ ਵਾਲੇ ਅਮਨ ਨੂੰ ਇੱਥੋਂ ਦੇ ਅਲੀਪੁਰ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਨੰਗਲੋਈ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਪਲਾਈਵੁੱਡ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਗੋਗੀ ਗੈਂਗ ਦੇ ਸ਼ਾਰਪਸ਼ੂਟਰਾਂ ਨੇ ‘ਪ੍ਰੋਟੈਕਸ਼ਨ ਮਨੀ’ ਵਜੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਸੀ। ਸ਼ੂਟਰਾਂ ਨੇ ਦੁਕਾਨ ’ਤੇ ਗੈਂਗ ਦੇ ਪਰਚੇ ਵੀ ਸੁੱਟੇ। ਪਰਚਿਆਂ ਵਿੱਚ ਜੇਲ੍ਹ ਵਿੱਚ ਬੰਦ ਅਪਰਾਧੀਆਂ ਦੇ ਨਾਂ ਅਤੇ ਮ੍ਰਿਤਕ ਗੈਂਗਸਟਰ ਜਤਿੰਦਰ ਗੋਗੀ ਅਤੇ ਕੁਲਦੀਪ ਫੱਜਾ ਦੀਆਂ ਫੋਟੋਆਂ ਦਾ ਜ਼ਿਕਰ ਕੀਤਾ ਗਿਆ ਸੀ।