ਵਿਦਾ ਹੋ ਗਏ ਤਿੱਖੇ ਵਿਅੰਗ ਦੇ ਕਾਰਟੂਨਿਸਟ ‘ਕਾਕ’
ਉੱਘੇ ਵਿਅੰਗਕਾਰ ਤੇ ਦੇਸ਼ ਦੇ ਉੱਘੇ ਕਾਰਟੂਨਿਸਟ ਕਾਕ ਇਸ ਦੁਨੀਆ ’ਚ ਨਹੀਂ ਰਹੇ। ਉਨ੍ਹਾਂ ਦੇ ਇਸ ਦੁਨੀਆ ਤੋਂ ਵਿਦਾ ਹੋਣ ਨਾਲ ਦੇਸ਼ ਦੀ ਜ਼ਮੀਨੀ ਕਾਰਟੂਨਿਸਟਾਂ ਦੀ ਦੁਨੀਆ ਦਾ ਇੱਕ ਅਧਿਆਇ ਖ਼ਤਮ ਹੋ ਗਿਆ। ਉਨ੍ਹਾਂ ਦੀ ਪਛਾਣ ਭਾਰਤ ਦੇ ਸਾਰੇ ਵੱਡੇ ਅਖ਼ਬਾਰਾਂ ਅਤੇ ਵਿਦੇਸ਼ ਦੇ ਉਨ੍ਹਾਂ ਮੈਗਜ਼ੀਨਾਂ ਤੱਕ ਕਾਇਮ ਸੀ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਲੋਕ ਪੜ੍ਹਦੇ ਹਨ। ਭਾਰਤ ਵਿੱਚ ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਵਿੱਚ ‘ਕਾਕ’ ਦੀ ਪਛਾਣ ਉਨ੍ਹਾਂ ਦੇ ਪੇਂਡੂ ਪਹਿਰਾਵੇ ਵਾਲੇ ‘ਬੁੱਢੇ ਕਿਰਦਾਰ’ ਕਰ ਕੇ ਹੈ। ਕਾਕ ਦੇ ਕਾਰਟੂਨ ਦੀ ਪਛਾਣ ਇੱਕ ਬੁੱਢਾ ਪਾਤਰ ਸੀ, ਜਿਹੜਾ ਹਰ ਰੋਜ਼ ਇੱਕ ਨਵੇਂ ਵਿਅੰਗ ਨਾਲ ਵਰਤਮਾਨ ਸਥਿਤੀਆਂ ’ਤੇ ਰਾਜਨੀਤਕ ਚੋਟ ਕਰਦਾ ਸੀ। ਕਾਕ ਇੱਕ ਅਜਿਹੇ ਕਾਰਟੂਨਿਸਟ ਸਨ ਜਿਨ੍ਹਾਂ ਨੇ ਪਿਛਲੇ 60 ਵਰ੍ਹਿਆਂ ’ਚ ਰੋਜ਼ਾਨਾ ਇੱਕ ਕਾਰਟੂਨ ਬਣਾਇਆ। ਉਨ੍ਹਾਂ ਨੇ ਦੁਨੀਆ ਭਰ ਦੇ ਨੇਤਾਵਾਂ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੂੰ ਵੀ ਨਹੀਂ ਬਖ਼ਸ਼ਿਆ ਤੇ ਮਜ਼ੇਦਾਰ ਗੱਲ ਇਹ ਰਹੀ ਕਿ ਸਾਰਿਆਂ ਨੇ ਹੀ ਉਨ੍ਹਾਂ ਦਾ ਸਤਿਕਾਰ ਕੀਤਾ ਕਿਉਂਕਿ ਉਨ੍ਹਾਂ ਦੇ ਵਿਅੰਗ ਵਿੱਚ ਜ਼ਮੀਨੀ ਸਤਹਿ ਤੇ ਹਾਸ਼ੀਏ ਤੋਂ ਬਾਹਰ ਖੜ੍ਹੇ ਆਦਮੀ ਦੀ ਤਰਾਸਦੀ ਦੀ ਝਲਕ ਦਿਖਾਈ ਦਿੰਦੀ ਸੀ।
ਕਾਕ ਹੁਰਾਂ ਨੇ ਜ਼ਮੀਨੀ ਪੱਧਰ ਦੇ ਆਦਮੀ ਨੂੰ ਆਪਣੀ ਪਛਾਣ ਲਈ ਵਿਅੰਗ ਦੀ ਸ਼ੈਲੀ ਅਤੇ ਹਾਸੇ-ਮਜ਼ਾਕ ਵਿੱਚ ਇੱਕ ਵੱਖਰੀ ਪਛਾਣ ਦਿੱਤੀ। ਕਾਕ ਦੀ ਕਾਰਟੂਨਿਸਟ ਪਛਾਣ ਵਿੱਚ ਹਰ ਰੋਜ਼ ਦੀਆਂ ਰਾਜਨੀਤਕ ਘਟਨਾਵਾਂ ਦਾ ਸਟੀਕ ਤੇ ਤਿੱਖਾ ਵਿਸ਼ਲੇਸ਼ਣ ਹੁੰਦਾ ਸੀ। ਦੇਸ਼ ਦੀ ਹਿੰਦੀ ਪੱਟੀ ਦੇ ਪਾਠਕਾਂ ਵਿੱਚ ਉਹ ਬੇਹੱਦ ਪ੍ਰਸਿੱਧ ਕਾਰਟੂਨਿਸਟ ਸਨ। ਉਨ੍ਹਾਂ ਦਾ ਪਹਿਲਾ ਕਾਰਟੂਨ 1967 ਵਿੱਚ ਹਿੰਦੀ ‘ਦੈਨਿਕ ਜਾਗਰਣ’ ਵਿੱਚ ਛਪਿਆ ਤੇ ਅੰਤਿਮ ਵੀ। ਉਨ੍ਹਾਂ ਨੇ ਹਿੰਦੁਸਤਾਨ ਦੇ ਦੂਸਰੇ ਵੱਡੇ ਅਖ਼ਬਾਰਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦਾ ਪੂਰਾ ਨਾਮ ਹਰੀਸ਼ ਚੰਦਰ ਸ਼ੁਕਲਾ ਸੀ ਅਤੇ ਇਸ ਬੁੱਧਵਾਰ ਉਨ੍ਹਾਂ ਨੇ ਆਪਣੇ ਅੰਤਿਮ ਸਾਹ ਲਏ। ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਰਹੇ ਹਰੀਸ਼ ਚੰਦ ਸ਼ੁਕਲਾ ਉਰਫ਼ ‘ਕਾਕ’ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ 16 ਮਾਰਚ, 1940 ਨੂੰ ਉਨਾਓ ਜ਼ਿਲ੍ਹੇ ਦੇ ਪਿੰਡ ਪੁਰਾ ਵਿੱਚ ਹੋਇਆ ਸੀ। ਕਾਕ ਨੇ ਬੜੇ ਸੰਘਰਸ਼ ਨਾਲ ਭਾਰਤ ਦੇ ਅਖ਼ਬਾਰਾਂ ’ਚ ਆਪਣੀ ਜਗ੍ਹਾ ਬਣਾਈ। ਉਨਾਂ ਦਾ ਅਸਲੀ ਯੁੱਗ 1983 ਤੋਂ 1990 ਤੱਕ ਮੰਨਿਆ ਜਾਂਦਾ ਹੈ ਜਦੋਂ ਉਹ ਕਾਰਟੂਨਾਂ ਨਾਲ ਭਾਰਤ ਦੇ ਹਰ ਵੱਡੇ ਛੋਟੇ ਅਖ਼ਬਾਰਾਂ ਵਿੱਚ ਛਾਏ ਰਹੇ। ਅੰਤਿਮ ਦਿਨਾਂ ਤੱਕ ਹਿੰਦੀ ਦੇ ਵੱਡੇ ਟਾਈਮਜ਼ ਗਰੁੱਪ ਤੋਂ ਲੈ ਕੇ ਚੰਡੀਗੜ੍ਹ ਦੇ ‘ਦੈਨਿਕ ਟ੍ਰਿਬਿਊਨ’ ਤੱਕ ਉਨ੍ਹਾਂ ਦੇ ਕਾਰਟੂਨ ਪੂਰੀ ਦੁਨੀਆ ਨੂੰ ਹਸਾਉਂਦੇ ਰਹੇ ਤੇ ਵਿਅੰਗ ਬਾਣ ਚਲਾਉਂਦੇ ਰਹੇ।
ਉਨ੍ਹਾਂ ਦਾ ਕਹਿਣਾ ਸੀ ਕਿ ਕਾਰਟੂਨ ਦੇਖਦਿਆਂ ਹੀ ਜੇ ਆਦਮੀ ਦਾ ਸਿਰ ਨਹੀਂ ਘੁੰਮਦਾ ਤਾਂ ਫਿਰ ਕਾਰਟੂਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਤਿੱਖੇ ਵਿਅੰਗਾਤਮਕ ਸ਼ੈਲੀ ਦੇ ਕਾਰਟੂਨ ਬਣਾਏ। ਉਨ੍ਹਾਂ ਨੇ ਅਜਿਹੇ ਕਾਰਟੂਨ ਵੀ ਬਣਾਏ ਕਿ ਤਤਕਾਲੀ ਪ੍ਰਧਾਨ ਮੰਤਰੀ ਵਾਜਪਈ ਤੱਕ ਨੂੰ ਆਪਣੇ ਕਾਰਟੂਨਾਂ ਵਿੱਚ ਨਹੀਂ ਬਖਸ਼ਿਆ। ਕਾਕ ਦੇ ਯੋਗਦਾਨ ਸਦਕਾ ਉਨ੍ਹਾਂ ਨੂੰ ਕਈ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ। ਉਨ੍ਹਾਂ ਨੂੰ ਹਿੰਦੀ ਅਕੈਡਮੀ ਅਤੇ ਕਾਕਾ ਹਾਥਰਸੀ ਸਨਮਾਨ, ਕੇਰਲਾ ਲਲਿਤ ਕਲਾ ਅਕੈਡਮੀ ਤੇ ਭਾਰਤੀ ਕਾਰਟੂਨ ਅਕੈਡਮੀ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਹ ਸੱਤਵੀਂ ਜਮਾਤ ਵਿੱਚ ਹੀ ਪੜ੍ਹਦੇ ਸਨ ਜਦੋਂ ਉਨ੍ਹਾਂ ਨੇ ਬਾਂਦਰ ਤੇ ਉਹਦੀਆਂ ਸ਼ਰਾਰਤਾਂ ਨੂੰ ਲੈ ਕੇ ਸਕੈੱਚ ਬਣਾਏ ਸਨ ਅਤੇ ਇਹ ਹੀ ਬਾਅਦ ਵਿੱਚ ਉਨ੍ਹਾਂ ਦੇ ਕਾਰਟੂਨਿਸਟ ਬਣਨ ਦਾ ਆਧਾਰ ਬਣ ਗਏ। 1965 ਵਿੱਚ ਉਨ੍ਹਾਂ ਦਾ ਮੁੱਢਲਾ ਅਧੂਰਾ ਕਾਰਟੂਨ ‘ਰਾਮਰਾਜਯ’ ਅਖ਼ਬਾਰ ਵਿੱਚ ਛਪਿਆ ਸੀ। ਕਾਰਟੂਨ ਦਾ ਆਧਾਰ ਕੀ ਹੋਣਾ ਚਾਹੀਦਾ ਹੈ, ਬਾਰੇ ਪੁੱਛਣ ’ਤੇ ਕਾਕ ਦਾ ਕਹਿਣਾ ਸੀ ਕਿ ਤਿੱਖਾ ਵਿਅੰਗ ਉਹ ਹੁੰਦਾ ਹੈ ਜੋ ਦਿਲ ਤੇ ਦਿਮਾਗ਼ ਦੋਵਾਂ ਨੂੰ ਤਿੱਖੇ ਤੌਰ ’ਤੇ ਚੁੱਭਣ ਵਾਲਾ ਅਤੇ ਸ਼ਾਲੀਨਤਾ ਵਿੱਚ ਭਿੱਜਿਆ ਹੋਇਆ ਤੁਹਾਨੂੰ ਸੋਚਣ ਵਾਸਤੇ ਮਜਬੂਰ ਕਰੇ। ਕਾਰਟੂਨਿਸਟ ਆਮ ਆਦਮੀ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈ ਤੇ ਜੇ ਉਹ ਪਾਠਕ ਨੂੰ ਟੁੰਬਦਾ ਹੀ ਨਹੀਂ ਤਾਂ ਫ਼ਿਰ ਉਹ ਕਾਰਟੂਨ ਨਹੀਂ ਹੋ ਸਕਦਾ। ਇੱਥੇ ਇਹ ਵੀ ਸੱਚ ਹੈ ਕਿ ‘ਦਿਨਮਾਨ’ ਵਰਗੀ ਪੱਤ੍ਰਿਕਾ ਦੇ ਟਾਈਟਲ ਪੇਜ਼ ’ਤੇ ਵੀ ਕਾਕ ਦੇ ਕਾਰਟੂਨ ਛਪੇ ਸਨ ਪ੍ਰੰਤੂ ਉਨ੍ਹਾਂ ਅਨੁਸਾਰ ਪੱਤਰਕਾਰੀ ਦਾ ਉਹ ਯੁੱਗ ਜ਼ਮੀਨ ਨਾਲ ਜੁੜਿਆ ਹੋਇਆ ਸੀ। ਕਾਰਟੂਨਿਸਟ ਇੰਡੀਆ ਅਤੇ ਕਾਰਟੂਨਿਸਟ ਵਰਲਡ ਬੁੱਕ ਵਿੱਚ ਵੀ ਉਨ੍ਹਾਂ ਦੇ ਕਾਰਟੂਨ ਨੂੰ ਥਾਂ ਮਿਲੀ ਸੀ।
ਕਾਕ ਭਾਰਤੀ ਪੱਤਰਕਾਰੀ ਵਿੱਚ ਤੇ ਕਾਰਟੂਨਿਸਟ ਪੱਤਰਕਾਰੀ ਦੀ ਪੈਂਠ ਜਮਾਉਣ ਵਿੱਚ ਬਹੁਤ ਸਫ਼ਲ ਰਹੇ। ਰਾਸ਼ਟਰੀ ਅਖਬਾਰਾਂ ਦੇ ਪਹਿਲੇ ਪੰਨੇ ’ਤੇ ਪਹਿਲੇ ਕਾਲਮ ਵਿੱਚ ਉਨ੍ਹਾਂ ਦਾ ਕਾਰਟੂਨ ਕਾਕ ਦੇ ਨਾਮ ਨਾਲ ਜਦੋਂ ਹਰ ਸਵੇਰ ਛਪਦਾ ਸੀ ਤਾਂ ਦੇਖਣ ਵਾਲਿਆਂ ਦੀ ਅਖ਼ਬਾਰੀ ਵਿਅੰਗ ਦੀ ਭੁੱਖ ਨੂੰ ਪੂਰਾ ਕਰਦਾ ਸੀ। ਭਾਰਤੀ ਪੱਤਰਕਾਰੀ ਦੇ ਇਤਿਹਾਸ ਵਿੱਚ ਜਦੋਂ ਵੀ ਕਾਕ ਦਾ ਨਾਮ ਲਿਆ ਜਾਏਗਾ ਤਾਂ ਉਹ ਲਕਸ਼ਮਣ ਵਰਗੇ ਪੁਰਾਣੇ ਕਾਰਟੂਨਿਸਟਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਅਜਿਹੇ ਕਾਰਟੂਨਿਸਟ ਦੀ ਤਰ੍ਹਾਂ ਸਾਹਮਣੇ ਆਉਣਗੇ ਜਿਨ੍ਹਾਂ ਨੇ ਉੱਤਰ ਭਾਰਤ ਤੋਂ ਲੈ ਕੇ ਦੱਖਣ ਭਾਰਤ ਤੱਕ ਦੀਆਂ ਸਾਰੀਆਂ ਅਖ਼ਬਾਰਾਂ ਵਿੱਚ ਆਪਣੇ ਨੁਕੀਲੇ ਵਿਅੰਗਬਾਣਾਂ ਨਾਲ ਹਰ ਪਾਠਕ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਸੀ। ਅਸਲ ’ਚ ਕਾਕ ਨੇ ਉਨ੍ਹਾਂ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਆਪਣੇ ਕਾਰਟੂਨਾਂ ਦੁਆਰਾ ਪ੍ਰਸਤੁਤ ਕੀਤਾ ਜਿਨ੍ਹਾਂ ਤੋਂ ਕਈ ਵਾਰ ਕਈ ਸੰਪਾਦਕ ਵੀ ਬੇਮੁੱਖ ਹੋ ਕੇ ਜਗ੍ਹਾ ਨਹੀਂ ਸੀ ਦਿੰਦੇ। ਅੱਜ ਕੱਲ੍ਹ ਇਹੀ ਦੌਰ ਹੈ ਪ੍ਰੰਤੂ ਉਹ ਮੰਨਦੇ ਸਨ ਕਿ ਕਾਰਟੂਨ ਇੱਕ ਅਖ਼ਬਾਰੀ ਖ਼ਬਰ ਤੋਂ ਕਿਤੇ ਜ਼ਿਆਦਾ ਸਮਾਜ ਦੀ ਉਸ ਪ੍ਰਤੀਨਿਧਤਾ ਦਾ ਪਾਤਰ ਹੈ, ਜਿਸ ਪ੍ਰਤੀਨਿਧਤਾ ਦੀ ਅਤੇ ਸਮੱਸਿਆਵਾਂ ਦੀ ਕਦੀ ਕੋਈ ਖ਼ਬਰ ਨਹੀਂ ਛਪਦੀ। ਜੇ ਛਪਦੀ ਵੀ ਹੈ ਤਾਂ ਉਸਦਾ ਕੋਈ ਫਾਲੋਅਪ ਐਕਸ਼ਨ ਨਹੀਂ ਹੁੰਦਾ। ਉਨ੍ਹਾਂ ਦੇ ਕਾਰਟੂਨ ਦਾ ਬੁੱਢਾ ਕਿਰਦਾਰ ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਸਰਕਾਰ ’ਤੇ ਸਿੱਧੀ ਚੋਟ ਕਰਦਾ ਸੀ।
ਕਾਕ ਦੇ ਚਲੇ ਜਾਣ ਨਾਲ ਭਾਰਤੀ ਕਾਰਟੂਨਿਸਟ ਸੰਸਾਰ ਦੇ ਵਿਅੰਗ ਬਾਣ ਮੌਨ ਹੋ ਗਏ ਹਨ ਤੇ ਫ਼ਿਰ ਅਜਿਹਾ ਘਾਟਾ ਪੂਰਾ ਹੋਣਾ ਮੁਸ਼ਕਿਲ ਹੈ। ਬਹੁਤ ਦੇਰ ਬਾਅਦ ਇੱਕ ਜ਼ਹੀਨ ਕਲਾਕਾਰ ਅਸਰਦਾਰ ਕਾਰਟੂਨਿਸਟ ਪੈਦਾ ਹੁੰਦਾ ਹੈ। ਅਲਵਿਦਾ ਕਾਕ।
* ਲੇਖਕ ਉੱਘੇ ਬ੍ਰਾਡਕਾਸਟਰ ਤੇ ਮੀਡੀਆ ਵਿਸ਼ਲੇਸ਼ਕ ਹਨ।
ਸੰਪਰਕ: 94787-30156