ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੈਕਸੀਨ ਬਾਰੇ ਜਾਣਕਾਰੀ ਸਾਂਝੀ ਕਰਨਾ ਸਮੇਂ ਦੀ ਲੋੜ

06:29 AM May 25, 2024 IST

ਕੇਕੇ ਤਲਵਾਰ
Advertisement

ਐਸਟਰਾ ਜ਼ੈਨੇਕਾ (ਏਜ਼ੀ) ਦਾ ਖੁਲਾਸਾ ਹੈ ਕਿ ਇਸ ਦਾ ਕੋਵਿਡ-19 ਟੀਕਾ, ਕੋਵੀਸ਼ੀਲਡ ਜਾਂ ਵੈਕਸਜ਼ੇਵਰੀਆ, ਵਿਰਲੇ-ਟਾਵੇਂ ਕੇਸ ਵਿੱਚ ਥ੍ਰੋਂਬੋਸਾਇਟੋਪੇਨੀਆ ਸਿੰਡਰੋਮ (ਟੀਟੀਐੱਸ) ਨਾਲ ਥ੍ਰੋਂਬੋਸਿਸ ਦਾ ਕਾਰਨ ਬਣ ਸਕਦਾ ਹੈ ਜਿਸ ਦੇ ਸਿੱਟੇ ਵਜੋਂ ਰਗ਼ਾਂ ਤੇ ਨਾੜੀਆਂ ’ਚ ਖ਼ੂਨ ਜੰਮਣ (ਕਲੌਟ ਬਣਨ) ਨਾਲ ਤੰਤੂਆਂ, ਹਿਰਦੇ, ਫੇਫਡਿ਼ਆਂ ਅਤੇ ਸਰੀਰ ਦੇ ਹੋਰਨਾਂ ਅੰਗਾਂ ਨਾਲ ਸਬੰਧਿਤ ਸਮੱਸਿਆਵਾਂ ਆ ਸਕਦੀਆਂ ਹਨ। ਗੰਭੀਰ ਸਮੱਸਿਆਵਾਂ ਜਿਵੇਂ ਦਿਮਾਗ ਦੀ ਨਾੜੀ ਫਟਣਾ ਤੇ ਦਿਲ ਦਾ ਦੌਰਾ ਪੈਣਾ ਆਦਿ ਪੈਦਾ ਹੋ ਸਕਦੀਆਂ ਹਨ ਹਾਲਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬੇਹੱਦ ਘੱਟ ਵਾਪਰੀਆਂ ਹਨ। ਮੈਲਬਰਨ ਟੀਕਾਕਰਨ ਜਾਗਰੂਕਤਾ ਕੇਂਦਰ ਮੁਤਬਿਕ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜੋਖ਼ਮ ਟੀਕਾਕਰਨ ਕਰਾ ਚੁੱਕੇ ਇਕ ਲੱਖ ਵਿਅਕਤੀਆਂ ਪਿੱਛੇ ਕੇਵਲ 2.6 ਜਣਿਆਂ ਨੂੰ ਹੈ ਜੋ ਬਹੁਤ ਥੋੜ੍ਹਾ (0.0026) ਹੈ। ਜਿ਼ਆਦਾਤਰ ਕੇਸ ਟੀਕਾਕਰਨ ਦੇ ਪਹਿਲੇ ਚਾਰ ਹਫ਼ਤਿਆਂ ਵਿੱਚ ਹੀ ਸਾਹਮਣੇ ਆ ਜਾਂਦੇ ਹਨ। ਇਸ ਤੋਂ ਬਾਅਦ ਖ਼ੂਨ ਜੰਮਣ ਦੀ ਸੰਭਾਵਨਾ ਲਗਭਗ ਸਿਫ਼ਰ ਹੈ।
ਏਜ਼ੀ ਦੇ ਇਸ ਇਕਬਾਲ ਮਗਰੋਂ ਲੋਕਾਂ ਅੰਦਰ ਵਿਆਪਕ ਪੱਧਰ ’ਤੇ ਚਿੰਤਾ ਹੈ। ਬਾਅਦ ’ਚ ਕੰਪਨੀ ਵੱਲੋਂ ਵੈਕਸੀਨ ਵਾਪਸ ਮੰਗਵਾਉਣ ਨਾਲ ਇਸ ਫਿ਼ਕਰ ਵਿੱਚ ਸਗੋਂ ਹੋਰ ਵਾਧਾ ਹੋਇਆ ਹੈ ਹਾਲਾਂਕਿ ਫਰਮ ਦਾ ਦਾਅਵਾ ਹੈ ਕਿ ਇਹ ਫ਼ੈਸਲਾ ਬਾਜ਼ਾਰ ਵਿੱਚ ਵੈਕਸੀਨ ‘ਸਰਪਲੱਸ’ ਹੋਣ ਕਾਰਨ ਕਰਨਾ ਪਿਆ ਹੈ। ਇਸ ਦੇ ਬਾਵਜੂਦ ਲੋਕਾਂ ਅੰਦਰ ਫਿ਼ਕਰ ਦੇਖਿਆ ਗਿਆ ਹੈ।
ਇਹ ਜਾਣਕਾਰੀ ਅਸਲ ਵਿੱਚ ਨਵੀਂ ਨਹੀਂ ਹੈ। ਕਲੀਨਿਕਲ ਪਰਖ ਤੋਂ ਬਾਹਰ ਆਕਸਫੋਰਡ-ਏਜ਼ੀ ਵੈਕਸੀਨ ਦੀ ਪਹਿਲੀ ਖੁਰਾਕ 2 ਜਨਵਰੀ 2021 ਨੂੰ ਦਿੱਤੀ ਗਈ ਸੀ। ਖ਼ੂਨ ਜੰਮਣ ਦੀ ਪਹਿਲੀ ਘਟਨਾ ਫਰਵਰੀ 2021 ਵਿਚ ਸਾਹਮਣੇ ਆਈ। ਉਸ ਸਮੇਂ ਆਲਮੀ ਪੱਧਰ ’ਤੇ ਕੋਵਿਡ-19 ਦਾ ਬੋਝ ਬਹੁਤ ਜਿ਼ਆਦਾ ਸੀ ਤੇ ਹਰ ਹਫ਼ਤੇ ਲਗਭਗ 40 ਲੱਖ ਕੇਸ ਸਾਹਮਣੇ ਆ ਰਹੇ ਸਨ। ਇਸ ਲਈ ਡਬਲਿਊਐੱਚਓ ਤੇ ‘ਯੂਰੋਪੀਅਨ ਮੈਡੀਸਿਨਜ਼ ਏਜੰਸੀ’ ਨੇ ਇਹੀ ਉਭਾਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਵੈਕਸੀਨ ਦੇ ਲਾਭ ਸੰਭਾਵੀ ਖ਼ਤਰਿਆਂ ਤੋਂ ਕਿਤੇ ਵੱਧ ਹਨ। ਪੂਰੇ ਸਾਲ ਦੌਰਾਨ ਕਰੀਬ 2.5 ਅਰਬ ਡੋਜ਼ਾਂ (ਖੁਰਾਕਾਂ) ਦਿੱਤੀਆਂ ਗਈਆਂ ਤੇ ਸਿਹਤ ਸੰਸਥਾਵਾਂ ਦਾ ਅਨੁਮਾਨ ਹੈ ਕਿ ਵੈਕਸੀਨ ਨੇ ਲਗਭਗ 63 ਲੱਖ ਜਾਨਾਂ ਬਚਾਈਆਂ। ਅਪਰੈਲ 2021 ਵਿੱਚ ਕਰੋਨਾ ਦੇ ਡੈਲਟਾ ਸਰੂਪ ਨੇ ਭਾਰਤ ਵਿੱਚ ਤਬਾਹੀ ਮਚਾਈ। ਸੰਕਟ ਨਾਲ ਨਜਿੱਠਣ ਲਈ ਸਿਹਤ ਵਰਕਰਾਂ ਕੋਲ ਗਿਣਤੀ ਦੇ ਸਾਧਨ ਮੌਜੂਦ ਸਨ ਜਿਨ੍ਹਾਂ ਵਿੱਚ ਕੋਵੀਸ਼ੀਲਡ ਸ਼ਾਮਿਲ ਸੀ।
ਫਿਰ ਕਿਸੇ ਦਾ ਸ਼ਾਇਦ ਇਹ ਪੁੱਛਣਾ ਢੁੱਕਵਾਂ ਹੋਵੇਗਾ ਕਿ ਹੁਣ ਹੀ ਕਿਉਂ ਟੀਟੀਐੱਸ ਦਾ ਮੁੱਦਾ ਉਭਰਿਆ ਹੈ। ਵਿਆਪਕ ਘਬਰਾਹਟ ਦੇ ਕੇਸਾਂ ਵਿੱਚ ਹਮੇਸ਼ਾ ਸੋਸ਼ਲ ਮੀਡੀਆ ਤੇ ਪ੍ਰੈੱਸ ਦੀ ਭੂਮਿਕਾ ਹੁੰਦੀ ਹੈ। ਜਿ਼ਆਦਾਤਰ ਭਾਰਤੀ ਆਬਾਦੀ ਦਾ ਟੀਕਾਕਰਨ ਕੋਵੀਸ਼ੀਲਡ ਨਾਲ ਕੀਤਾ ਗਿਆ ਹੈ। ਸਿੱਟੇ ਵਜੋਂ ਲੋਕ ਹੁਣ ਆਪਣੀ ਸਿਹਤ ਅਤੇ ਸੁਰੱਖਿਆ ਦਾ ਫਿ਼ਕਰ ਕਰਨ ਲੱਗੇ ਹਨ। ਹਾਲ ਹੀ ਵਿੱਚ ਕਾਰ ’ਚ ਕਿਤੇ ਜਾਂਦਿਆਂ ਮੇਰੇ ਡਰਾਈਵਰ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਕੋਵਿਡ ਡੋਜ਼ ਦੇ ਗੰਭੀਰ ਮਾੜੇ ਅਸਰ (ਸਾਈਡ ਇਫੈਕਟਸ) ਹੁੰਦੇ ਹਨ ਤੇ ਉਹ ਫਿਕਰਮੰਦ ਹੈ ਕਿਉਂਕਿ ਉਸ ਨੇ ਵੈਕਸੀਨ ਦੀਆਂ ਦੋ ਖੁਰਾਕਾਂ ਲਈਆਂ ਸਨ। ਮੈਂ ਉਸ ਨੂੰ ਇਹ ਭਰੋਸਾ ਦਿਵਾਇਆ ਕਿ ਮੈਂ ਖ਼ੁਦ ਤਿੰਨ ਖੁਰਾਕਾਂ ਲਈਆਂ ਹਨ!
ਵਾਕਈ, ਇਸ ਪੱਧਰ ’ਤੇ ਹੁਣ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ। ਇਸ ਸਥਿਤੀ ਵਿੱਚ ਇਹ ਬਹੁਤ ਮਹੱਤਵਪੂਰਨ ਹੈ ਕਿ ਲੋਕਾਂ ਅੱਗੇ ਵਿਗਿਆਨਕ ਜਾਣਕਾਰੀ ਜਨਤਕ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾ ਸਕਣ ਤੇ ਨਾਲ ਹੀ ਉਨ੍ਹਾਂ ਨੂੰ ਵੈਕਸੀਨ ਵਿਰੋਧੀ ਪ੍ਰਚਾਰਕਾਂ ਵੱਲੋਂ ਫੈਲਾਈ ਜਾ ਰਹੀ ਗੁਮਰਾਹਕੁਨ ਜਾਣਕਾਰੀ ਤੋਂ ਬਚਾਇਆ ਜਾ ਸਕੇ। ਸਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੋਵਿਡ ਤੋਂ ਪੀੜਤ ਮਰੀਜ਼ਾਂ ਅੰਦਰ ‘ਕਲੌਟ’ ਉਨ੍ਹਾਂ ਲੋਕਾਂ ਤੋਂ ਕਿਤੇ ਜਿ਼ਆਦਾ ਬਣਦਾ ਹੈ ਜਿਨ੍ਹਾਂ ਏਜ਼ੀ ਵੈਕਸੀਨ ਲਗਵਾਈ ਹੋਈ ਹੈ।
ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਬਰਤਾਨੀਆ, ਇਟਲੀ ਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਦੇ ਸਿਹਤ ਸੰਭਾਲ ਢਾਂਚੇ ਵੀ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲੇ ਅਤੇ ਮੌਤਾਂ ਅਚਾਨਕ ਵਧਣ ਕਾਰਨ ਢਹਿ-ਢੇਰੀ ਹੋਣ ਲੱਗ ਪਏ ਸਨ। ਲੌਕਡਾਊਨ ਦੀ ਭਿਆਨਕਤਾ ਨੇ ਸਾਡੇ ਸਾਰਿਆਂ ਦੀਆਂ ਯਾਦਾਂ ਵਿੱਚ ਨਾ ਮਿਟਣ ਵਾਲਾ ਦਾਗ਼ ਛੱਡਿਆ ਹੈ। ਹਾਲਾਤ ਦੀ ਗੰਭੀਰਤਾ ਤੇ ਲੋੜ ਨੇ ਸਰਕਾਰਾਂ, ਕੰਪਨੀਆਂ ਤੇ ਖੋਜ ਸੰਸਥਾਵਾਂ ਨੂੰ ਬੇਮਿਸਾਲ ਤੇਜ਼ੀ ਤੇ ਸਮਰੱਥਾ ਨਾਲ ਵੈਕਸੀਨ ਬਣਾਉਣ ਲਈ ਮਜਬੂਰ ਕਰ ਦਿੱਤਾ। ਜਿਹੜੀ ਵੈਕਸੀਨ ਪਹਿਲਾਂ ਲਗਭਗ 10-15 ਸਾਲਾਂ ਵਿਚ ਬਣਦੀ ਸੀ, ਉਸ ਨੂੰ ਕੁਝ ਮਹੀਨਿਆਂ ਵਿੱਚ ਤਿਆਰ ਕੀਤਾ ਗਿਆ। ਇਹ ਬੇਸ਼ੱਕ ਵਿਗਿਆਨ ਦੀ ਲਾਮਿਸਾਲ ਪ੍ਰਾਪਤੀ ਹੈ।
ਫਾਈਜ਼ਰ ਬਾਇਓਐਨਟੈੱਕ ਦੀ ਐੱਮਆਰਐੱਨਏ ਵੈਕਸੀਨ ਨੂੰ ਬਰਤਾਨੀਆ ਵਿੱਚ ਦਸੰਬਰ 2020 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਛੇਤੀ ਹੀ ਕੁਝ ਹੋਰਨਾਂ ਦੇਸ਼ਾਂ ਨੇ ਵੀ ਐੱਮਆਰਐੱਨਏ ਪਲੈਟਫਾਰਮ ’ਤੇ ਐਮਰਜੈਂਸੀ ਵਰਤੋਂ ਵਾਸਤੇ ਹੋਰ ਵੈਕਸੀਨਾਂ ਲਈ ਮਨਜ਼ੂਰੀ ਦੇ ਦਿੱਤੀ ਅਤੇ ਫਿਰ ਅਡੈਨੋਵਾਇਰਸ ਵੈਕਟਰ ਆਧਾਰਿਤ ਵੈਕਸਜ਼ੈਵਰੀਆ (ਔਕਸਫੋਰਡ-ਏਜ਼ੀ) ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਔਕਸਫੋਰਡ ਏਜ਼ੀ ਦੀ ਵੈਕਸੀਨ ਤਿਆਰ ਕਰ ਕੇ ਇਸ ਨੂੰ ਕੋਵੀਸ਼ੀਲਡ ਦਾ ਨਾਂ ਦਿੱਤਾ ਸੀ। ਇਸ ਨੂੰ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਸੰਸਾਰ ਸਿਹਤ ਸੰਸਥਾ ਦੀ ਐਮਰਜੈਂਸੀ ਵਰਤੋਂ ਦੀ ਸੂਚੀ ਵਿਚ ਇਸ ਦਾ ਜਿ਼ਕਰ ਕੀਤਾ ਗਿਆ ਸੀ। ਲਗਭਗ ਉਸੇ ਸਮੇਂ ਚੀਨ ਅਤੇ ਰੂਸ ਵਿਚ ਘਰੋਗੀ ਵੈਕਸੀਨਾਂ ਤਿਆਰ ਕਰ ਲਈਆਂ ਗਈਆਂ ਸਨ ਅਤੇ ਇਸ ਤੋਂ ਬਾਅਦ ਭਾਰਤ ਨੇ ਵੀ ਆਪਣੀ ਘਰੋਗੀ ਕੋਵੈਕਸਿਨ ਨਾਂ ਦੀ ਵੈਕਸੀਨ ਤਿਆਰ ਕਰ ਲਈ ਜੋ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਸੀ।
ਦੁਨੀਆ ਭਰ ਵਿੱਚ ਕਾਫ਼ੀ ਜਿ਼ਆਦਾ ਸੰਖਿਆ ਵਿੱਚ ਇਨ੍ਹਾਂ ਵੈਕਸੀਨਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਇਨ੍ਹਾਂ ਨੂੰ ਮੁਬਲਤਨ ਸੁਰੱਖਿਅਤ ਕਰਾਰ ਦਿੱਤਾ ਗਿਆ ਸੀ। ਇਕੱਲੇ ਭਾਰਤ ਵਿੱਚ ਹੀ ਕੋਵੀਸ਼ੀਲਡ ਦੀਆਂ ਕਰੀਬ 170 ਕਰੋੜ ਖੁਰਾਕਾਂ (90 ਫ਼ੀਸਦ ਵੈਕਸੀਨ ਯੁਕਤ ਲੋਕਾਂ ਨੂੰ) ਦਿੱਤੀਆਂ ਗਈਆਂ ਸਨ। ਕਾਰਗਰ ਐਂਟੀਵਾਇਰਲ ਦਵਾਈਆਂ ਦੀ ਅਣਹੋਂਦ ਵਿੱਚ ਵਾਇਰਸ ਦੇ ਪਸਾਰ ਦੀ ਰੋਕਥਾਮ ਲਈ ਮਹਿਜ਼ ਔਜ਼ਾਰ ਦੇ ਰੂਪ ਵਿਚ ਇਨ੍ਹਾਂ ਵੈਕਸੀਨਾਂ ਦਾ ਇਸਤੇਮਾਲ ਕੀਤਾ ਗਿਆ ਸੀ। ਆਲਮੀ ਪੱਧਰ ’ਤੇ ਇਨ੍ਹਾਂ ਦੀ ਵੱਡੇ ਪੱਧਰ ’ਤੇ ਵਰਤੋਂ ਅਤੇ ਇਨ੍ਹਾਂ ਦੀ ਸੁਰੱਖਿਆ ਅਤੇ ਕਾਰਗਰਤਾ ਦਾ ਪ੍ਰਮਾਣ ਹੈ। ਐੱਮਆਰਐੱਨਏ ਵੈਕਸੀਨਾਂ (ਫਾਈਜ਼ਰ ਬਾਇਓਐਨਟੈੱਕ ਅਤੇ ਮੋਡਰਨਾ) ਦੀ ਜਿ਼ਆਦਾ ਲਾਗਤ ਅਤੇ ਭੰਡਾਰਨ ਤੇ ਟ੍ਰਾਂਸਪੋਰਟੇਸ਼ਨ ਜਿਹੇ ਤਕਨੀਕੀ ਮੁੱਦਿਆਂ ਕਰ ਕੇ ਦੇਸ਼ ਵਿੱਚ ਵਰਤੋਂ ਨਹੀਂ ਕੀਤੀ ਗਈ ਸੀ। ਸਤੰਬਰ 2023 ਵਿਚ ਯੂਐੱਸਐੱਫਡੀਏ ਨੇ ਫਾਈਜ਼ਰ ਬਾਇਓਐਨਟੈੱਕ ਕੋਵਿਡ ਵੈਕਸੀਨ ਦੀ ਐਮਰਜੈਂਸੀ ਵਰਤੋਂ ਵਿਚ ਸੋਧ ਕਰ ਕੇ ਇਸ ਨੂੰ ਰੈਗੂਲਰ ਪ੍ਰਵਾਨਗੀ ਦੇ ਰੂਪ ਵਿੱਚ 2023-24 ਦੇ ਫਾਰਮੂਲੇ ਵਿੱਚ ਸ਼ਾਮਿਲ ਕਰ ਲਿਆ। ਨਵੇਂ ਫਾਰਮੂਲਿਆਂ ਨਾਲ ਇਨ੍ਹਾਂ ਵੈਕਸੀਨਾਂ ਦੀ ਢੋਆ-ਢੁਆਈ ਅਤੇ ਭੰਡਾਰਨ ਲਈ ਵਿਸ਼ੇਸ਼ ਕਿਸਮ ਦੀ ਰੈਫਰੀਜਰੇਸ਼ਨ ਮੁਤੱਲਕ ਸ਼ੁਰੂਆਤੀ ਸਰੋਕਾਰ ਦਾ ਸਮਾਧਾਨ ਕੀਤਾ ਗਿਆ। ਇਸ ਤੋਂ ਇਲਾਵਾ ਜਦੋਂ ਵਾਇਰਸ ਦੇ ਨਵੇਂ ਰੂਪ ਵਿਕਸਤ ਹੁੰਦੇ ਹਨ ਤਾਂ ਐੱਮਆਰਐੱਨਏ ਵੈਕਸੀਨਾਂ ਨੂੰ ਅਪਡੇਟ ਕਰਨਾ ਜਿ਼ਆਦਾ ਸਰਲ ਹੁੰਦਾ ਹੈ।
ਏਜ਼ੀ ਵੈਕਸੀਨ ਵਾਪਸ ਲੈਣ ਦਾ ਮਾਮਲਾ ਇਸ ਦੀਆਂ ਟੀਟੀਐੱਸ ਗੁੰਝਲਾਂ ਜੋ ਬਹੁਤ ਟਾਵੀਆਂ ਮੰਨੀਆਂ ਜਾਂਦੀਆਂ ਹਨ, ਨਾਲ ਨਹੀਂ ਜੁਡਿ਼ਆ ਹੋਇਆ। ਬਰਤਾਨੀਆ ਵਿਚ ਹਰਜਾਨੇ ਦੇ ਦਾਅਵੇ ਦਾ ਸਾਹਮਣਾ ਕਰ ਰਹੀ ਇਸ ਕੰਪਨੀ ਨੇ ਜ਼ਾਹਿਰਾ ਤੌਰ ’ਤੇ ਇਹ ਵੈਕਸੀਨ ਵਾਪਸ ਲੈ ਲਈ ਸੀ ਕਿਉਂਕਿ ਕੋਵਿਡ ਮਹਾਮਾਰੀ ਦਾ ਖ਼ਤਰਾ ਘਟ ਗਿਆ ਸੀ ਅਤੇ ਇਸ ਕਰ ਕੇ ਵੀ ਕਿ ਉੱਨਤ ਐੱਮਆਰਐੱਨਏ ਵੈਕਸੀਨਾਂ ਉਪਲਬਧ ਹੋ ਗਈਆਂ ਹਨ। ਕੋਵਿਡ ਵੈਕਸੀਨ ਨੂੰ ਸਿਹਤ ਦੇ ਗੰਭੀਰ ਸੰਕਟ ਨਾਲ ਸਿੱਝਣ ਦਾ ਬਣਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।
*ਲੇਖਕ ਪੀਜੀਆਈ ਚੰਡੀਗੜ੍ਹ ਦਾ ਸਾਬਕਾ ਡਾਇਰੈਕਟਰ ਹੈ।

Advertisement
Advertisement
Advertisement