ਨਿਕਾਰਾਗੁਆ ਦੀ ਸ਼ੇਨਿਸ ਦੇ ਸਿਰ ਸਜਿਆ ਮਿਸ ਯੂਨੀਵਰਸ ਦਾ ਤਾਜ
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿੱਚ ਇਸ ਸਾਲ ਕਰਵਾਏ ਗਏ 72ਵੇਂ ਮਿਸ ਯੂਨੀਵਰਸਸ 2023 ਮੁਕਾਬਲੇ ਦੀ ਜੇਤੂ ਇਸ ਸਾਲ ਨਿਕਾਰਾਗੁਆ ਦੀ ਸ਼ੇਨਿਸ ਪੈਲਾਸਿਓਸ ਬਣੀ ਹੈ। ਨਿਕਾਰਾਗੁਆ ਲਈ ਇਹ ਖਿਤਾਬ ਜਿੱਤਣ ਵਾਲੀ ਸ਼ੇਨਿਸ ਦੇਸ਼ ਦੀ ਪਹਿਲੀ ਸੁੰਦਰੀ ਬਣ ਗਈ ਹੈ। ਇਹ ਮੁਕਾਬਲਾ ਸ਼ਨਿਚਰਵਾਰ ਰਾਤ ਨੂੰ ਅਲ ਸਲਵਾਡੋਰ ਦੇ ਸੈਨ ਸਲਵਾਡੋਲ ਸਥਿਤ ਜੋਸ ਐਡੋਲਫੋ ਪਿਨੇਡਾ ਅਰੇਨਾ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਮਿਸ ਥਾਈਲੈਂਡ ਐਂਟੋਨੀਆ ਪੋਰਸਿਲਡ ਦੂਸਰੇ ਅਤੇ ਮਿਸ ਆਸਟਰੇਲੀਆ ਮੁਰਾਇਆ ਵਿਲਸਨ ਤੀਸਰੇ ਸਥਾਨ ’ਤੇ ਰਹੀਆਂ। ਇਸ ਮੌਕੇ ਪਿਛਲੇ ਸਾਲ ਦੀ ਬ੍ਰਹਿਮੰਡ ਸੁੰਦਰੀ ਰਹੀ ਸੰਯੁਕਤ ਰਾਸ਼ਟਰ ਦੀ ਆਰ ਬੋਨੀ ਗੇਬਰੀਅਲ ਨੇ ਇਸ ਸਾਲ ਦੀ ਬ੍ਰਹਿਮੰਡ ਸੁੰਦਰੀ ਦੇ ਸਿਰ ਤਾਜ ਸਜਾਇਆ। ਮਿਸ ਯੂਨੀਵਰਸ ਬਣੀ ਸ਼ੇਨਿਸ ਪੈਲਾਸਿਓਸ ਨੇ ਆਪਣੀ ਜਿੱਤ ਦੀ ਖੁਸ਼ੀ ਇੰਸਟਾਗ੍ਰਾਮ ’ਤੇ ਵੀ ਸਾਂਝੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਨਿਸ ਮਾਨਸਿਕ ਸਿਹਤ ਕਾਰਕੁਨ ਅਤੇ ਮਾਨਾਗੁਆ ਵਿੱਚ ਆਡੀਓਵਿਜ਼ੂਅਲ ਨਿਰਮਾਤਾ ਵੀ ਹੈ। -ਪੀਟੀਆਈ
ਚੰਡੀਗੜ੍ਹ ਦੀ ਸ਼ਵੇਤਾ ਨੇ ਭਾਰਤ ਦੀ ਨੁਮਾਇੰਦਗੀ ਕੀਤੀ
ਮਿਸ ਯੂਨੀਵਰਸ 2023 ਮੁਕਾਬਲੇ ਵਿੱਚ ਭਾਰਤ ਵੱਲੋਂ ਭਾਗ ਲੈਣ ਵਾਲੀ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ (23) ਨੇ ਸੈਮੀ ਫਾਈਨਲ ਤੱਕ ਆਪਣੀ ਥਾਂ ਬਣਾਈ ਰੱਖੀ। ਇਸ ਦੇ ਨਾਲ ਹੀ ਸ਼ਵੇਤਾ ਮਿਸ ਦਿਵਾ ਇੰਡੀਆ 2023 ਦਾ ਖਿਤਾਬ ਜਿੱਤ ਚੁੱਕੀ ਹੈ। ਸ਼ਵੇਤਾ ਨੇ ਕਿਹਾ, ‘ਭਾਰਤ ਵੱਲੋਂ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਮਹੱਤਵਪੂਰਨ ਪੜਾਵਾਂ ਤੱਕ ਪਹੁੰਚਣ ਦਾ ਇਹ ਸਫ਼ਰ ਮੇਰੇ ਲਈ ਬਹੁਤ ਹੀ ਮਾਣ ਵਾਲਾ ਰਿਹਾ ਹੈ।’ ਸ਼ਵੇਤਾ ਨੇ ਕਿਹਾ ਕਿ ਉਸਦਾ ਸੁਫ਼ਨਾ ਹੈ ਕਿ ਉਹ ਬ੍ਰਹਿਮੰਡ ਸੁੰਦਰੀ ਦਾ ਖਿਤਾਬ ਇੱਕ ਵਾਰ ਮੁੜ ਭਾਰਤ ਦੀ ਝੋਲੀ ਪਾਵੇ। ਜ਼ਿਕਰਯੋਗ ਹੈ ਕਿ ਮੂਲ ਰੂਪ ਵਿੱਚ ਚੰਡੀਗੜ੍ਹ ਦੀ ਵਸਨੀਕ ਸ਼ਵੇਤਾ ਆਪਣੇ ਸੁਫ਼ਨੇ ਪੂਰੇ ਕਰਨ ਲਈ 16 ਸਾਲਾਂ ਦੀ ਉਮਰ ’ਚ ਮੁੰਬਈ ਚਲੀ ਗਈ ਸੀ। ਸ਼ਵੇਤਾ ਹੁਣ ਤੱਕ ‘ਡਾਂਸ ਇੰਡੀਆ ਡਾਂਸ 6’, ‘ਡਾਂਸ ਦੀਵਾਨੇ’ ਅਤੇ ‘ਝਲਕ ਦਿਖਲਾਜਾ’ ਮੁਕਾਬਲਿਆਂ ਵਿੱਚ ਵੀ ਭਾਗ ਲੈ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਲਈ ਬ੍ਰਹਿਮੰਡ ਸੁੰਦਰੀ ਦਾ ਖਿਤਾਬ 1994 ਵਿਚ ਸੁਸ਼ਮਿਤਾ ਸੇਨ, 2000 ਵਿੱਚ ਲਾਰਾ ਦੱਤਾ ਅਤੇ 2022 ਵਿੱਚ ਹਰਨਾਜ਼ ਸੰਧੂ ਨੇ ਜਿੱਤਿਆ ਹੈ।