ਮੈਂ ਫਿਲਮਾਂ ’ਚ ਵਾਪਸੀ ਦਾ ਸਹੀ ਮੌਕਾ ਦੇਖ ਰਹੀ ਹਾਂ: ਪੂਜਾ ਬੱਤਰਾ
ਮੁੰਬਈ:
ਅਦਾਕਾਰਾ ਪੂਜਾ ਬੱਤਰਾ ਨੇ ਕਿਹਾ ਕਿ ਉਹ ਵੱਡੇ ਪਰਦੇ ’ਤੇ ਵਾਪਸੀ ਕਰਨ ਬਾਰੇ ਸੋਚ ਰਹੀ ਹੈ। ਉਸ ਨੇ ਕਿਹਾ ਕਿ ਉਹ ਕਿਸੇ ਢੁੱਕਵੇਂ ਮੌਕੇ ਦੀ ਤਲਾਸ਼ ਕਰ ਰਹੀ ਹੈ। ਪੂਜਾ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ ਪਰ ਅਸਲ ਵਿੱਚ ਉਹ ਫਿਲਮਾਂ ਵਿੱਚ ਵਾਪਸੀ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਜੇ ਉਸ ਨੂੰ ਕੋਈ ਸਹੀ ਮੌਕਾ ਮਿਲਦਾ ਹੈ ਤਾਂ ਉਹ ਦੁਬਾਰਾ ਫਿਲਮ ਕਰੇਗੀ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇਗੀ। ‘ਨਸ਼ੇ ਮੇਂ ਹਾਈ’ ਗੀਤ ਦੇ ਰਿਲੀਜ਼ ਸਮੇਂ ਪੂਜਾ ਨੇ ਇਸ ਦਾ ਖ਼ੁਲਾਸਾ ਕੀਤਾ। ਇਹ ਗੀਤ ਪੂਨਮ ਝਾਅ ਨੇ ਗਾਇਆ ਹੈ। 48 ਸਾਲਾ ਅਦਾਕਾਰਾ ਨੇ ਸਾਲ 1997 ’ਚ ਫਿਲਮ ‘ਵਿਰਾਸਤ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਦਾਕਾਰਾ ਨੇ ਕਿਹਾ ਕਿ ਪੂਨਮ ਦੇ ਗੀਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਪਣੇ ਦਿਲ ਦੀ ਗੱਲ ਸੁਣਨ ਦੀ ਕੋਈ ਉਮਰ ਨਹੀਂ ਹੁੰਦੀ। ਉਸ ਨੇ ਇਸ ਗੀਤ ਲਈ ਗਾਇਕਾ ਪੂਨਮ ਨੂੰ ਵਧਾਈ ਦਿੱਤੀ ਹੈ। ਉਸ ਨੇ ਪੂਨਮ ਅਤੇ ਉਸ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਗੀਤ ਬਣਾਇਆ ਹੈ ਜੋ ਇਸ ਸਾਲ ਪਾਰਟੀਆਂ ਦੀ ਸ਼ਾਨ ਬਣਿਆ ਰਹੇਗਾ। ਅਦਾਕਾਰਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਕੰਮ ਕਰਨ। -ਆਏਐੱਨਐੱਸ