ਸ਼ਾਹਿਦ ਕਪੂਰ ਨੇ ਪੱਗ ਬੰਨ੍ਹ ਕੇ ਤਸਵੀਰਾਂ ਸਾਂਝੀਆਂ ਕੀਤੀਆਂ
ਮੁੰਬਈ: ਬੌਲੀਵੁੱਡ ਸਟਾਰ ਸ਼ਾਹਿਦ ਕਪੂਰ ਦਾ ਅੱਜ ਅੰਦਰਲਾ ਪੰਜਾਬੀ ਜਾਗ ਪਿਆ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਪੱਗ ਬੰਨ੍ਹ ਕੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇਕ ਤਸਵੀਰ ਵਿੱਚ ਸ਼ਾਹਿਦ ਤਿਆਰ ਹੋ ਰਿਹਾ ਹੈ, ਦੂਜੀ ਤਸਵੀਰ ਵਿੱਚ ਉਹ ਪੱਗ ਬੰਨ੍ਹ ਰਿਹਾ ਹੈ। ਇੱਕ ਹੋਰ ਤਸਵੀਰ ਵਿੱਚ ਉਹ ਆਪਣੇ ਪਿਤਾ ਨਾਲ ਪੱਗ ਬੰਨ੍ਹ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਸ਼ਾਹਿਦ ਨੇ ਕਾਲਾ ਕੁੜਤਾ ਪਾਇਆ ਹੋਇਆ ਹੈ ਤੇ ਕਰੀਮ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਇਸੇ ਤਰ੍ਹਾਂ ਪੰਕਜ ਕਪੂਰ ਨੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਕਰੀਮ ਰੰਗ ਦੀ ਪੱਗ ਦੇ ਨਾਲ ਇੱਕ ਵੇਸਟ ਕੋਟ ਪਹਿਨਿਆ ਹੋਇਆ ਹੈ। ਸ਼ਾਹਿਦ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਹੈ, ‘‘ਪਿਤਾ ਜੀ ਹਮੇਸ਼ਾ ਕਹਿਤੇ ਹੈਂ ਘਰ ਪੇ ਸ਼ਾਦੀ ਹੋਗੀ ਤੋ ਪੱਗ ਪਾਏਗਾ ਨਾ।’’ ਹਾਲਾਂਕਿ ਅਦਾਕਾਰ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਸ ਨੇ ਇਹ ਪਹਿਰਾਵਾ ਕਦੋਂ ਤੇ ਕਿਉਂ ਪਹਿਨਿਆ। ਇਨ੍ਹਾਂ ਤਸਵੀਰਾਂ ਹੇਠ ਟਿੱਪਣੀਆਂ ਕਰਦਿਆਂ ਇੱਕ ਪ੍ਰਸ਼ੰਸਕ ਨੇ ਲਿਖਿਆ,‘‘ਪਿਆਰਾ ਜਿਹਾ ਪੰਜਾਬੀ ਮੁੰਡਾ।’’ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ ਹੈ,‘‘ਯਾਰ ਕਦੇ ਤਾਂ ਬੁਰਾ ਦਿਖ ਜਾਇਆ ਕਰ।’’ -ਆਈਏਐੱਨਐੱਸ