ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ
ਸਰਬਜੀਤ ਿਸੰਘ ਭੰਗੂ
ਪਟਿਆਲਾ, 28 ਸਤੰਬਰ
ਇੱਥੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਰਸਿਟੀ ਪਟਿਆਲਾ ਨੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ। ਸਕੂਲ ਦੇ ਐੱਨਸੀਸੀ ਏਅਰ ਵਿੰਗ ਦੇ ਕੈਡੇਟ ਪ੍ਰਭਲੀਨ ਕੌਰ, ਖੁਸ਼ਮਨ ਕੌਰ ਅਤੇ ਬ੍ਰਹਮ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਸੁਤੰਤਰਤਾ ਸੰਗਰਾਮ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ। ਸਕੂਲ ਦੇ ਏਐੱਨਓ ਸਤਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸ਼ਹੀਦ ਦੇ ਜੀਵਨ ਤੋਂ ਸੇਧ ਲੈਣ ਲਈ ਸੁਨੇਹਾ ਦਿੱਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਸਵਿੰਦਰ ਸਿੰਘ ਰੇਖੀ, ਪ੍ਰੋ. ਸਵਰਨ ਕੌਰ, ਪ੍ਰੋ. ਤਰਨ ਅਤੇ ਦਫਤਰ ਦੇ ਸੁਪਰਡੈਂਟ ਗੀਤਾ ਰਾਣੀ, ਨਵੀਨ ਕੁਮਾਰ ਰਵਿੰਦਰ ਸਿੰਘ, ਭਲਿੰਦਰ ਕੌਰ ਤੇ ਅਨੰਤਪਾਲ ਵੀ ਸ਼ਾਮਲ ਹੋਏ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਜੀਪੀਐਫ ਕੰਪਲੈਕਸ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਸਾਂਝੇ ਰੂਪ ਵਿੱਚ ਮਨਾਇਆ ਗਿਆ। ਮਾਸਟਰ ਰਘਬੀਰ ਭੁਟਾਲ ਦੇ ਮੰਚ ਸੰਚਾਲਨ ਹੇਠ ਸਮਾਗਮ ਦੀ ਸ਼ੁਰੂਆਤ ਡਾ. ਜਗਦੀਸ਼ ਪਾਪੜਾ ਦੇ ਇਨਕਲਾਬੀ ਗੀਤਾਂ ਨਾਲ ਹੋਈ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਵਰਨ ਸਿੰਘ ਤੇ ਸੁਖਵਿੰਦਰ ਸਿੰਘ ਘੋੜੇਨਾਬ ls ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਿੰਦਰ ਸਿੰਘ ਖੋਖਰ ਆਦਿ ਹਾਜ਼ਰ ਸਨ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਘਲੋੜੀ ਗੇਟ ਵਿਖੇ ਪ੍ਰੋਗਰਾਮ ’ਚ ਏਡੀਸੀ (ਜ) ਦੇ ਹੁਕਮਾਂ ਦੇ ਬਾਵਜੂਦ ਇੱਥੇ ਪੁਲੀਸ ਦੀ ਕੋਈ ਟੁਕੜੀ ਸਲਾਮੀ ਦੇਣ ਨਹੀਂ ਪੁੱਜੀ, ਜਦਕਿ ਇੱਥੇ ਇਨਕਲਾਬੀ ਨੌਜਵਾਨ ਸਭਾ ਤੋਂ ਇਲਾਵਾ ਕਾਂਗਰਸ ਸਮੇਤ ਕਈ ਸਾਰੀਆਂ ਸੰਸਥਾਵਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਨੌਜਵਾਨ ਸਭਾ ਦੇ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਰਾਬਤਾ ਕਰਨ ਦੇ ਬਾਵਜੂਦ ਪੁਲੀਸ ਟੁੱਕੜੀ ਇੱਥੇ ਸਲਾਮੀ ਦੇਣ ਨਹੀਂ ਪੁੱਜੀ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਸ਼ਹੀਦ-ਏਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਉਨ੍ਹਾਂ ਦੇ ਸਮਾਰਕ ਘਲੋੜੀ ਗੇਟ ਵਿਖੇ ਮਨਾਇਆ ਗਿਆ। ਇਸੇ ਤਰ੍ਹਾਂ ਅੱਜ ਅਣਖੀ ਭਵਨ ਵਿਖੇ ਪਾਵਰਕੌਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਦੀ ਸਰਕਲ ਪ੍ਰਧਾਨ ਚਰਨ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਜਨਮ ਦਿਨ ਦੇ ਮੌਕੇ ਇੱਕ ਦੂਜੇ ਨੂੰ ਜਨਮ ਦਿਨ ਦੀਆਂ ਵਧਾਈ ਦਿੱਤੀ ਗਈ। ਇਸੇ ਤਰ੍ਹਾਂ ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਨੇ ਭੁਪਿੰਦਰ ਰੋਡ ਪਾਰਕ ਵੈੱਲਫੇਅਰ ਐਸੋਸੀਏਸ਼ਨ ਦੁਆਰਾ ਆਯੋਜਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਰੰਗ ਮੰਚ ਦੇ ਪ੍ਰਸਿੱਧ ਅਦਾਕਾਰ ਗੋਪਾਲ ਸ਼ਰਮਾ ਦੁਆਰਾ ਨਿਰਦੇਸ਼ਤ ਨਾਟਕ ‘ਬੁੱਤ ਜਾਗ ਪਿਆ’ ਦਾ ਸਫਲ ਮੰਚਨ ਭੁਪਿੰਦਰਾ ਰੋਡ ਪਾਰਕ ਵਿੱਚ ਕੀਤਾ।
ਸਮਾਣ (ਸੁਭਾਸ਼ ਚੰਦਰ): ਪਬਲਿਕ ਕਾਲਜ ਸਮਾਣਾ ਅਤੇ ਇਸ ਕਾਲਜ ਅਧੀਨ ਚੱਲ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਐੱਨਐੱਸਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਹ ਸਮਾਗਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨਾਲ ਸਬੰਧਤ ਸੀ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਦੇ ਤੌਰ ’ਤੇ ਡਾ. ਸ਼ਮਸ਼ੇਰ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਭਗਤ ਸਿੰਘ ਦੇ ਜੀਵਨ ਤੇ ਫਲਸਫੇ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਕੁਰਬਾਨੀ ਅੰਦਰਲੀ ਭਾਵਨਾ ਨੂੰ ਬਿਆਨ ਕਰਦੇ ਇਤਿਹਾਸ ਦੀ ਗੱਲ ਰੱਖੀ। ਨੋਡਲ ਅਫਸਰ ਪ੍ਰੋ. ਹਰਪ੍ਰੀਤ ਕੌਰ ਨੇ ਸਮਾਗਮ ਲਈ ਵਧਾਈ ਦਿੱਤੀ।
ਜਨਮ ਦਿਹਾੜੇ ਮੌਕੇ ਖੂਨਦਾਨ ਕੈਂਪ ਲਾਏ
ਦੇਵੀਗੜ੍ਹ (ਪੱਤਰ ਪ੍ਰੇਰਕ)
ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 37ਵਾਂ ਵਿਸ਼ਾਲ ਖੂਨਦਾਨ ਕੈਂਪ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇਵੀਗੜ੍ਹ ਦੇ ਸਹਿਯੋਗ ਨਾਲ ਡੀਏਵੀ ਹਾਈ ਸਕੂਲ ਦੇਵੀਗੜ੍ਹ ਵਿੱਚ ਲਗਾਇਆ ਗਿਆ। ਮੰਚ ਦੇ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਈਸ਼ਰਹੇੜੀ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਕੈਂਪ ਵਿੱਚ 72 ਵਿਅਕਤੀਆਂ ਨੇ ਖ਼ੂਨਦਾਨ ਕੀਤਾ।
ਪਾਤੜਾਂ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਨਿਊ ਪੰਜਾਬ ਕਲੀਨੀਕਲ ਲੈਬਾਰਟਰੀ ਵੱਲੋਂ ਸ਼ਹੀਦ ਊਧਮ ਸਿੰਘ ਯੂਥ ਕਲੱਬ ਪਾਤੜਾਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਟੈਕਸੀ ਸਟੈਂਡ ਯੂਨੀਅਨ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਕਿਸ਼ਨ ਮੈਮੋਰੀਅਲ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਕਰਨ ਭਟਰਾਗਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਡਾਕਟਰ ਕੇ.ਕੇ ਜੋਹਰੀ ਬਲੱਡ ਬੈਂਕ ਸਮਾਣਾ ਦੀ ਟੀਮ ਨੇ 101 ਯੂਨਿਟ ਖੂਨ ਇਕੱਤਰ ਕੀਤਾ।