ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਦਸੰਬਰ
ਪੰਜ-ਆਬ ਸੇਵਾ ਮੰਚ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੋ ਦਿਨਾਂ ਸਾਲਾਨਾ ਸਮਾਗਮ ਭੁੱਨਰਹੜੀ ਵਿੱਚ ਕਰਵਾਇਆ ਗਿਆ, ਜਿਸ ਵਿੱਚ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗਿਆਨੀ ਹਰਪਾਲ ਸਿੰਘ ਨੇ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ਨੂੰ ਸੰਗਤ ਸਾਹਮਣੇ ਰੱਖਿਆ। ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਵਿਆਖਿਆ ਕਰਦਿਆਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਤੋਂ ਲੈਕੇ ਪਰਿਵਾਰ ਵਿਛੋੜੇ, ਚਮਕੌਰ ਸਾਹਿਬ ਦੀ ਗੜ੍ਹੀ, ਸਰਹਿੰਦ ਦੀ ਲਾਸਾਨੀ ਸ਼ਹਾਦਤਾਂ ਦੇ ਕੁਰਬਾਨੀ ਭਰੇ ਇਤਿਹਾਸ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨਾਲ ਸੂਬਾ ਸਰਹਿੰਦ ਵਜ਼ੀਰ ਖਾਂ ਦੁਆਰਾ ਕੀਤੇ ਗਏ ਅੱਤਿਆਚਾਰ ਦੀ ਦਾਸਤਾਨ ਸਾਂਝੀ ਕੀਤੀ। ਇਸ ਧਾਰਮਿਕ ਸਮਾਗਮ ਵਿਚ ਭਾਈ ਅਕਾਸ਼ਦੀਪ ਸਿੰਘ ਰਾਗੀ ਜਥਾ ਫਤਿਹਗੜ੍ਹ ਸਾਹਿਬ, ਭਾਈ ਢਾਡੀ ਸਤਪਾਲ ਸਿੰਘ ਐੱਮ ਏ, ਕਵੀਸ਼ਰੀ ਜਥਾ ਭਗਤ ਸਿੰਘ ਗੁਰਦਾਸਪੁਰ, ਰਾਗੀ ਭਾਈ ਸਰਬਜੀਤ ਸਿੰਘ, ਭਾਈ ਸੰਦੀਪ ਸਿੰਘ ਨੂਰਪੁਰੀ ਕਪੂਰਥਲਾ, ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਸਰੋਆ, ਪੰਜ-ਆਬ ਸੇਵਾ ਮੰਚ ਦੇ ਚੇਅਰਮੈਨ ਕੁਲਜੀਤ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਲਾਲੀ ਮਹਿਮੂਦਪੁਰ, ਗੁਰਵਿੰਦਰ ਸਿੰਘ ਕਾਹਲੋਂ, ਪਰਮਜੀਤ ਸਿੰਘ ਮਹਿਮੂਦਪੁਰ, ਹਰਮਨਜੀਤ ਸਿੰਘ ਕਲੇਰ, ਜਥੇਦਾਰ ਗੁਲਜਾਰ ਸਿੰਘ ਭੁਨਰਹੇੜੀ ਨੇ ਹਾਜ਼ਰੀ ਲਵਾਈ।
ਗਿਆਨੀ ਹਰਪ੍ਰੀਤ ਸਿੰਘ ਬਾਰੇ ਫ਼ੈਸਲਾ ਅਕਾਲ ਤਖਤ ਲਵੇ: ਭਾਈ ਪਿੰਦਰਪਾਲ ਸਿੰਘ
ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੋਈ ਵੀ ਫ਼ੈਸਲਾ ਸ੍ਰੀ ਅਕਾਲ ਤਖ਼ਤ ਨੂੰ ਲੈਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸਿੱਖ ਪੰਥ ਦੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਨੇ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਨ ਤੋਂ ਪਹਿਲਾਂ ਪੱਤਰਕਾਰਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਕਿਹਾ ਕਿ ਜੋ ਵੀ ਫ਼ੈਸਲਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬਾਰੇ ਲਿਆ ਗਿਆ ਹੈ। ਅਜਿਹੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਹੀ ਵਿਚਾਰਿਆ ਜਾਣੇ ਚਾਹੀਦੇ ਹਨ ਕਿਉਂ ਕਿ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ।