ਸ਼ਹੀਦ ਬੱਬਰ ਅਕਾਲੀ ਧੰਨਾ ਸਿੰਘ ਬਹਬਿਲਪੁਰ
ਸੀਤਾ ਰਾਮ ਬਾਂਸਲ
ਸ਼ਹੀਦੀ ਦੇ ਸੌ ਵਰ੍ਹੇ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ’ਤੇ ਕਾਬਜ਼ ਹੁੰਦਿਆਂ ਸਾਰ ਅੰਗਰੇਜ਼ਾਂ ਨੇ ਪੰਜਾਬੀਆਂ ਦੇ ਸਿਆਸੀ, ਸਮਾਜਿਕ ਅਤੇ ਧਾਰਮਿਕ ਮਸਲਿਆਂ ਵਿਚ ਸਿੱਧਾ ਦਖ਼ਲ ਸ਼ੁਰੂ ਕਰ ਦਿੱਤਾ। ਅਕਾਲੀਆਂ ਦੇ ਗਰਮ ਖਿਆਲ ਨੇਤਾ ਇਹ ਦਖ਼ਲ ਬਰਦਾਸ਼ਤ ਨਾ ਕਰ ਸਕੇ ਅਤੇ ਉਨ੍ਹਾਂ ਬੱਬਰ ਅਕਾਲੀ ਜਥਾ ਬਣਾ ਕੇ ਝੋਲੀ ਚੁੱਕਾਂ ਦਾ ਸੁਧਾਰ ਸ਼ੁਰੂ ਕੀਤਾ।
ਬੱਬਰ ਧੰਨਾ ਸਿੰਘ ਦਾ ਜਨਮ 1891 ਵਿਚ ਇੰਦਰ ਸਿੰਘ ਨਾਗਰਾ ਅਤੇ ਅੱਛਰੋ ਦੇ ਘਰ ਪਿੰਡ ਬਹਬਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਗੁਰਦੁਆਰਾ ਸੁਧਾਰ ਸਮੇਂ ਅਕਾਲੀ ਲਹਿਰ ’ਤੇ ਹੋਈ ਧੱਕੇਸ਼ਾਹੀ ਨੇ ਉਸ ਨੂੰ ਅੰਗਰੇਜ਼ ਸਰਕਾਰ ਦਾ ਦੁਸ਼ਮਣ ਬਣਾ ਦਿੱਤਾ। ਦਲੀਲ ਤੇ ਵਿਦਵਤਾ ਵਿਚ ਉਹ ਬੱਬਰ ਅਕਾਲੀ ਆਗੂਆਂ ਨੂੰ ਕੀਲ ਲੈਂਦਾ ਸੀ ਜਿਸ ਕਰ ਕੇ ਉਸ ਦੀ ਹਰ ਮਤੇ ਵਿਚ ਸਲਾਹ ਲਈ ਜਾਂਦੀ ਸੀ। ਉਸ ਦੀ ਸ਼ਮੂਲੀਅਤ ਇਸ ਹਥਿਆਰਬੰਦ ਲਹਿਰ ਵਿਚ ਸਰਬਵਿਆਪਕ ਸੀ। ਸਾਰੀਆਂ ਮੀਟਿੰਗਾਂ, ਮਾਇਆ, ਬਸਤਰਾਂ, ਹਥਿਆਰਾਂ, ਅਖਬਾਰ ਦੀ ਛਪਾਈ ਤੇ ਵੰਡਾਈ, ਦੀਵਾਨਾਂ ਵਿਚ ਸਰਕਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਕੇ ਬਗਾਵਤ ਲਈ ਪ੍ਰੇਰਨਾ, ਹਿਮਾਚਲ ਵਿਚਲੀਆਂ ਰਿਆਸਤਾਂ ਵਿਚੋਂ ਰਿਵਾਲਵਰ ਤੇ ਗੋਲੀ ਸਿੱਕਾ ਖਰੀਦ ਕੇ ਲਿਆਉਣ ਅਤੇ ਸਾਥੀਆਂ ਲਈ ਠਾਹਰਾਂ ਦੇ ਪ੍ਰਬੰਧ ਦੀ ਯੋਜਨਾਬੰਦੀ ਵਿਚ ਬੱਬਰ ਧੰਨਾ ਸਿੰਘ ਦੀ ਕਮਾਲ ਦੀ ਪਕੜ ਸੀ।
ਸਰਕਾਰੀ ਇਨਾਮ ਹਾਸਲ ਕਰਨ ਦੇ ਲਾਲਚ ਵਿਚ ਬਹਬਿਲਪੁਰ ਦੇ ਸਫੈਦਪੋਸ਼ ਹਜ਼ਾਰਾ ਸਿੰਘ ਨੇ ਅਕਾਲੀ ਜਥੇਦਾਰ ਧੰਨਾ ਸਿੰਘ ਦੇ ਵਾਰੰਟ ਕਢਵਾਏ ਹੋਏ ਸਨ। ਧੰਨਾ ਸਿੰਘ ਹੁਰਾਂ ਦੀ ਸਾਂਝੀ ਹਵੇਲੀ ਵਿਚ ਸਰਕਾਰ ਨੇ ਪੁਲੀਸ ਚੌਕੀ ਬਣਾ ਦਿੱਤੀ ਸੀ ਜਿਸ ਦਾ ਸਾਰਾ ਖਰਚਾ ਪਿੰਡ ਵਾਲਿਆਂ ’ਤੇ ਪਾਇਆ ਸੀ।
ਧੰਨਾ ਸਿੰਘ ਦਾ ਵਿਆਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੀੜ੍ਹਾਂ (ਨੇੜੇ ਸੈਲਾ ਖੁਰਦ) ਵਿਚ ਨਰਾਇਣ ਸਿੰਘ ਭੱਟੀ ਦੀ ਧੀ ਮਹਾਂ ਕੌਰ ਨਾਲ ਹੋਇਆ। ਵੱਡੇ ਪੁੱਤਰ ਮੋਹਣ ਸਿੰਘ ਦੀ 40 ਸਾਲ ਉਮਰ ਵਿਚ ਟਾਈਫਾਈਡ ਨਾਲ ਮੌਤ ਹੋ ਗਈ ਸੀ। ਉਹ ਅਣਵਿਆਹਿਆ ਸੀ। ਧੀ ਸਵਰਨ ਕੌਰ ਸੀ ਅਤੇ ਬਖਸ਼ੀਸ ਸਿੰਘ ਨਾਗਰਾ ਦੀ ਪਿਤਾ ਦੀ ਸ਼ਹੀਦੀ ਵਾਲੇ ਦਿਨ ਉਮਰ ਪੌਣੇ ਤਿੰਨ ਸਾਲ ਸੀ।
ਬੇਲਾ ਸਿੰਘ ਜਿਆਣ ਨੇ ਆਪਣੇ ਛੋਟੇ ਭਰਾ ਜਵਾਲਾ ਸਿੰਘ ਨੂੰ ਬੱਬਰਾਂ ਮਗਰ ਲਾ ਦਿੱਤਾ ਤਾਂ ਕਿ ਉਹ ਉਨ੍ਹਾਂ ਨੂੰ ਆਪਣੇ ਜਾਲ਼ ਵਿਚ ਫਸਾ ਕੇ ਸਰਕਾਰੀ ਇਨਾਮ ਲੈ ਸਕੇ। ਗਦਰੀ ਸੂਰਮਿਆਂ ਨਾਲ ਗੱਦਾਰੀ ਕਰਨ ਬਦਲੇ ਬੇਲਾ ਸਿੰਘ ਨੂੰ ਸਰਕਾਰ ਨੇ ਮੀਆਂ ਚੰਨੂ ਚੱਕ ਨੰਬਰ 96 ਜਿ਼ਲ੍ਹਾ ਮੁਲਤਾਨ ਵਿਚ ਛੇ ਮੁਰੱਬੇ (150 ਏਕੜ) ਜ਼ਮੀਨ ਇਨਾਮ ਦਿੱਤੀ ਸੀ। ਜਵਾਲਾ ਸਿੰਘ ਜਿਆਣ ਨੇ ਪਿੰਡ ਦੇ ਗੁਰਦੁਆਰੇ ਵਿਚ ਸੰਤ ਹਰੀ ਸਿੰਘ ਜਿਆਣ ਵਾਲਿਆਂ ਤੋਂ ਅਰਦਾਸਾ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਹੁੰ ਖਾਧੀ ਸੀ ਕਿ ਉਹ ਬੱਬਰ ਅਕਾਲੀਆਂ ਦੀ ਸੇਵਾ ਕਰੇਗਾ ਅਤੇ ਆਪਣੇ ਭਰਾ ਸਿਰ ਲੱਗੇ ਕਲੰਕ ਨੂੰ ਧੋਵੇਗਾ। ਦਰਅਸਲ ਇਹ ਛਲਾਵਾ ਸੀ। ਦਲੀਪਾ ਸਿੰਘ ਅਤੇ ਧੰਨਾ ਸਿੰਘ ਇਤਬਾਰ ਕਰ ਕੇ ਇਸ ਵਿਚ ਫਸ ਗਏ।
ਕਰਤਾਰ ਸਿੰਘ ਬੂੜੋਬਾੜੀਆਂ, ਬੇਲਾ ਸਿੰਘ ਜਿਆਣ ਤੇ ਜਵਾਲਾ ਸਿੰਘ ਜਿਆਣ ਮਾਮੇ-ਭੂਆ ਦੇ ਪੁੱਤ ਭਰਾ ਸਨ। ਕਰਮ ਸਿੰਘ ਮੰਨਣਹਾਣਾ ਇਸੇ ਕਰਤਾਰ ਸਿੰਘ ਦਾ ਸਾਲਾ ਸੀ। ਇਨ੍ਹਾਂ ਨੇ ਰਲ਼ ਕੇ ਦਲੀਪਾ ਸਿੰਘ ਧਾਮੀਆਂ ਅਤੇ ਧੰਨਾ ਸਿੰਘ ਬੱਬਰ ਨੂੰ ਗ੍ਰਿਫਤਾਰ ਕਰਾਉਣ ਦੀ ਸਕੀਮ ਘੜੀ। ਪਹਿਲਾਂ ਤਾਂ ਜਵਾਲਾ ਸਿੰਘ ਧੰਨਾ ਸਿੰਘ ਦੀ ਇਜਾਜ਼ਤ ਨਾਲ਼ ਦਲੀਪੇ ਨੂੰ ਪੁਲੀਸ ਤੋਂ ਬਚਾਉਣ ਦਾ ਬਹਾਨਾ ਬਣਾ ਕੇ ਮੀਆਂ ਚੰਨੂ ਲਿਜਾ ਕੇ ਗ੍ਰਿਫਤਾਰ ਕਰਵਾ ਕੇ ਵਾਪਸ ਆ ਗਿਆ। ਧੰਨਾ ਸਿੰਘ ਉਸ ਨੂੰ ਮਿਲਣ ਜਿਆਣ ਆਇਆ ਤਾਂ ਉਸ ਨੂੰ ਕਮਾਦ ਦੇ ਖੇਤ ਵਿਚ ਬਿਠਾ ਕੇ ਮਾਹਿਲਪੁਰ ਦੇ ਥਾਣੇਦਾਰ ਨੂੰ ਲੈ ਕੇ ਹੁਸ਼ਿਆਰਪੁਰ ਪੁਲੀਸ ਕਪਤਾਨ ਹੌਰਟਨ ਨੂੰ ਜਾ ਮਿਲਿਆ। ਹੌਰਟਨ ਨੇ ਸਲਾਹ ਦਿੱਤੀ ਕਿ ਉਹ ਧੰਨਾ ਸਿੰਘ ਨੂੰ ਕੱਲ੍ਹ ਮੰਨਣਹਾਣੇ ਕਰਮ ਸਿੰਘ ਦੀ ਹਵੇਲੀ ਲੈ ਕੇ ਚਲਿਆ ਜਾਵੇ। 24 ਅਕਤੂਬਰ 1923 ਦੀ ਰਾਤ ਨੂੰ ਜਵਾਲਾ ਸਿੰਘ ਅਤੇ ਕਰਮ ਸਿੰਘ ਧੰਨਾ ਸਿੰਘ ਲਾਗੇ ਮੰਜਿਆਂ ’ਤੇ ਸੌਂ ਗਏ। ਹੌਰਟਨ 40 ਘੋੜ ਸਵਾਰ ਅਤੇ ਪੁਲੀਸ ਵਾਲਿਆਂ ਦੀ ਪਾਰਟੀ ਨਾਲ ਕਰਮ ਸਿੰਘ ਦੀ ਹਵੇਲੀ ਪਹੁੰਚ ਗਿਆ। ਉਸੇ ਸਮੇਂ ਧੰਨਾ ਸਿੰਘ ਕੋਲੋਂ ਦੋਵੇਂ ਜਣੇ ਉਠ ਕੇ ਭੱਜ ਗਏ। ਧੰਨਾ ਸਿੰਘ ਨੂੰ ਭੱਜਣ ਲੱਗੇ ਨੂੰ ਕਿੱਲੇ ਵਿਚ ਵੱਜ ਕੇ ਡਿੱਗੇ ਨੂੰ ਪੁਲੀਸ ਨੇ ਦਬੋਚ ਕੇ ਹੱਥਕੜੀ ਲਾ ਲਈ। ਉਸ ਨੇ ਕੂਹਣੀ ਦਾ ਝਟਕਾ ਮਾਰ ਕੇ ਸੱਜੀ ਬਾਂਹ ਥੱਲੇ ਲੁਕੋਇਆ ਬੰਬ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬਾਹਾਂ ਫੜੀਆਂ ਹੋਣ ਕਰ ਕੇ ਅਸਫਲ ਰਿਹਾ। ਸੱਜੀ ਬਾਂਹ ਹੇਠਾਂ ਬੰਨ੍ਹੇ ਮਿਲਜ ਬੰਬ ਦੀ ਪਿੰਨ ਨਾਲ਼ ਛੱਲਾ ਪਾ ਕੇ ਉਸ ਨਾਲ ਰੇਸ਼ਮ ਦੀ ਮੋਟੀ ਡੋਰ ਗੁੱਟ ਤੱਕ ਧਾਗਾ ਬੰਨ੍ਹ ਕੇ ਉਸ ਦੇ ਮੂਹਰੇ ਛੱਲਾ ਬੰਨ੍ਹਿਆ ਹੋਇਆ ਸੀ। ਮੌਕਾ ਮਿਲਦਿਆਂ ਧੰਨਾ ਸਿੰਘ ਨੇ ਝਟਕੇ ਨਾਲ਼ ਛੱਲਾ ਜ਼ੋਰ ਨਾਲ਼ ਖਿੱਚਿਆ ਤਾਂ ਬੰਬ ਧਮਾਕਾ ਹੁੰਦਿਆਂ ਧੰਨਾ ਸਿੰਘ ਨਾਲ਼ ਪੰਜ ਪੁਲੀਸ ਵਾਲਿਆਂ ਦੇ ਤੂੰਬੇ ਤੂੰਬੇ ਉੱਡ ਗਏ। ਹੌਰਟਨ ਦੀਆਂ ਦੋਵੇਂ ਲੱਤਾਂ ਉੱਡ ਚੁੱਕੀਆਂ ਸਨ। ਇਕ ਸਿਪਾਹੀ ਮਾਹਿਲਪੁਰ ਡਿਸਪੈਂਸਰੀ ’ਚ ਮਰ ਗਿਆ। ਸਹਾਇਕ ਪੁਲੀਸ ਕਪਤਾਨ ਜੈਨਕਨਿ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਮਿਲਟਰੀ ਹਸਪਤਾਲ ਜਲੰਧਰ ਵਿਚ ਹੌਰਟਨ, ਜੈਨਕਨਿ ਅਤੇ ਗੁਲਜ਼ਾਰਾ ਸਿੰਘ ਥਾਣੇਦਾਰ ਦਾ ਇਲਾਜ ਹੋਇਆ। ਹੌਰਟਨ ਇਕ ਰਾਤ ਰੌਲਾ ਪਾਉਣ ਲੱਗ ਪਿਆ ਕਿ ਧੰਨਾ ਸਿੰਘ ਆ ਗਿਆ। ਉਹ ਮੰਜੇ ਤੋਂ ਸਿਰ ਭਾਰ ਡਿਗਦਿਆਂ ਮਰ ਗਿਆ। ਥੋੜ੍ਹੇ ਦਿਨਾਂ ਬਾਅਦ ਗੁਲਜ਼ਾਰਾ ਸਿੰਘ ਵੀ ਮਰ ਗਿਆ। ਜੈਨਕਨਿ ਉੱਚੇ ਅਹੁਦੇ ਤੋਂ ਰਿਟਾਇਰ ਹੋ ਕੇ ਵਲਾਇਤ ਚਲਾ ਗਿਆ। ਧੰਨਾ ਸਿੰਘ ਨੂੰ ਇਹ ਬੰਬ ਬੱਬਰ ਛੱਜਾ ਸਿੰਘ ਚਾਨਸੂ ਨੇ ਦਿੱਤਾ ਸੀ ਜੋ ਉਸ ਨੇ ਫੌਜ ਵਿਚੋਂ ਚੋਰੀ ਕਰ ਕੇ ਲਿਆਂਦਾ ਸੀ। ਛੱਜਾ ਸਿੰਘ ਨੂੰ ਇਸ ਬਦਲੇ ਸਜ਼ਾ ਮਿਲੀ ਸੀ।
ਫਰਵਰੀ 1937 ਵਿਚ ਧੀ ਸਵਰਨ ਕੌਰ ਦਾ ਵਿਆਹ ਅਰਜਨ ਸਿੰਘ ਸੱਚ ਖੜੌਦੀ ਨੇ ਆਪਣੇ ਭਤੀਜੇ ਕਰਮ ਸਿੰਘ ਗਿੱਲ ਨਾਲ ਕਰਾਇਆ ਸੀ। ਮਾਸਟਰ ਮੋਤਾ ਸਿੰਘ ਨੇ ਲਾਵਾਂ ਪੜ੍ਹੀਆਂ ਤੇ ਹਰੀ ਸਿੰਘ ਸੂੰਢ, ਕਰਤਾਰ ਸਿੰਘ ਗੋਂਦਪੁਰ ਅਤੇ ਸੁੰਦਰ ਸਿੰਘ ਮਖਸੂਸਪੁਰੀ ਨੇ ਪੱਲੇ ਦੀ ਰਸਮ ਅਦਾ ਕੀਤੀ। ਸਾਰੇ ਬੱਬਰ ਅਕਾਲੀਆਂ ਨੇ ਵਿਆਹ ਵਿਚ ਹਾਜ਼ਰੀ ਲੁਆ ਕੇ ਆਪਣੇ ਸ਼ਹੀਦ ਸਾਥੀ ਦੀ ਧੀ ਦੀ ਜਿ਼ੰਮੇਵਾਰੀ ਆਪ ਨਿਭਾਈ ਸੀ।
ਦੇਸ਼ ਆਜ਼ਾਦ ਹੋਣ ਮਗਰੋਂ ਪ੍ਰਤਾਪ ਸਿੰਘ ਕੈਰੋਂ ਨੇ ਬਹਬਿਲਪੁਰ ਵਿਚ ਪਸ਼ੂਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਧੰਨਾ ਸਿੰਘ ਮੈਮੋਰੀਅਲ ਹਸਪਤਾਲ, ਕੋਟਫਤੂਹੀ ਤੋਂ ਬਹਬਿਲਪੁਰ ਮਾਰਗ ਦਾ ਉਦਘਾਟਨ ਗਿਆਨੀ ਜ਼ੈਲ ਸਿੰਘ ਨੇ 26 ਮਾਰਚ 1973 ਨੂੰ ਕੀਤਾ। ਮਾਹਿਲਪੁਰ ਫਗਵਾੜਾ ਸੜਕ ’ਤੇ ਕੋਟਫਤੂਹੀ ਮੋੜ ’ਤੇ ਸ਼ਹੀਦ ਧੰਨਾ ਸਿੰਘ ਯਾਦਗਾਰੀ ਗੇਟ ਸਰਕਾਰ ਨੇ ਅਪਰੈਲ 1983 ਨੂੰ ਬਣਾਇਆ। ਇਨ੍ਹਾਂ ’ਚੋਂ ਬਹੁਤੇ ਕੰਮ ਬਖਸ਼ੀਸ਼ ਸਿੰਘ ਨਾਗਰਾ ਦੇ ਸਰਪੰਚ ਹੁੰਦਿਆਂ ਸ਼ੁਰੂ ਹੋਏ ਸਨ।
ਅੰਗਰੇਜ਼ ਸਰਕਾਰ ਨੇ ਸਦਰ ਥਾਣਾ ਹੁਸ਼ਿਆਰਪੁਰ ਲਾਗੇ ਬਗੀਚੀ ਵਿਚ ਸੰਗਮਰਮਰ ਉੱਤੇ ਧਮਾਕੇ ਵਿਚ ਮਰੇ ਪੁਲੀਸ ਵਾਲਿਆਂ ਦੇ ਨਾਮ ਲਿਖ ਕੇ ਹੌਰਟਨ ਦਾ ਬੁੱਤ ਲਾ ਦਿੱਤਾ ਜਿਸ ਨੂੰ ਆਜ਼ਾਦ ਭਾਰਤ ਦੀਆਂ ਸਰਕਾਰਾਂ 28 ਸਾਲਾਂ ਤੱਕ ਨਹੀਂ ਹਟਾ ਸਕੀਆਂ। ਬਖਸ਼ੀਸ਼ ਸਿੰਘ ਨਾਗਰਾ ਅਤੇ ਸਾਥੀਆਂ ਦੇ ਯਤਨਾਂ ਸਦਕਾ ਗਿਆਨੀ ਜ਼ੈਲ ਸਿੰਘ ਦੇ ਹੁਕਮਾਂ ’ਤੇ ਹੌਰਟਨ ਦਾ ਬੁੱਤ ਹਟਾ ਕੇ ਉੱਥੇ ਸ਼ਹੀਦ ਬੱਬਰ ਧੰਨਾ ਸਿੰਘ ਯਾਦਗਾਰੀ ਪਾਰਕ ਬਣਾ ਦਿੱਤਾ ਗਿਆ।
103 ਸਾਲ ਦੇ ਬਖਸ਼ੀਸ਼ ਸਿੰਘ ਨਾਗਰਾ ਵਿਕਟੋਰੀਆ/ਸਰੀ (ਕੈਨੇਡਾ) ਵਿਚ ਆਪਣੇ ਲੜਕਿਆਂ ਸਤਵੰਤ ਸਿੰਘ, ਅਜੀਤ ਸਿੰਘ, ਸਰਬਜੀਤ ਸਿੰਘ ਅਤੇ ਗੁਰਦੀਪ ਸਿੰਘ ਦੇ ਵੱਡੇ ਪਰਿਵਾਰ ਨਾਲ ਰਹਿੰਦੇ ਹਨ। ਰਹਿੰਦੀ ਦੁਨੀਆ ਤੱਕ ਸ਼ਹੀਦ ਬੱਬਰ ਧੰਨਾ ਸਿੰਘ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਰਹੇਗਾ।
ਸੰਪਰਕ: 75892-56092