ਜਪਾਨ ’ਚ ‘ਜਵਾਨ’ ਨੂੰ ਭਰਵੇਂ ਹੁੰਗਾਰੇ ਲਈ ਸ਼ਾਹਰੁਖ ਵੱਲੋਂ ਪ੍ਰਸ਼ੰਸਕਾਂ ਦਾ ਧੰਨਵਾਦ
ਨਵੀਂ ਦਿੱਲੀ: ਫਿਲਮ ਅਦਾਕਾਰ ਸ਼ਾਹਰੁਖ ਖ਼ਾਨ ਨੇ ਜਪਾਨ ’ਚ 29 ਨਵੰਬਰ ਨੂੰ ਰਿਲੀਜ਼ ਹੋਈ ਉਸ ਦੀ ਫ਼ਿਲਮ ‘ਜਵਾਨ’ ਨੂੰ ਮਿਲੇ ਹੁੰਗਾਰੇ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਐਟਲੀ ਵੱਲੋਂ ਨਿਰਦੇਸ਼ਤ ਸ਼ਾਹਰੁਖ਼ ਦੀ ਇਹ ਫ਼ਿਲਮ ਸਤੰਬਰ 2023 ’ਚ ਰਿਲੀਜ਼ ਹੋਈ ਸੀ ਅਤੇ ਇਸ ਨੇ 1,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸ਼ਾਹਰੁਖ ਦੇ ਪ੍ਰਸ਼ੰਸਕਾਂ ਦੇ ਇੱਕ ਪੇਜ ’ਤੇ ਜਪਾਨ ਦੇ ਇੱਕ ਸਿਨੇਮਾ ਹਾਲ ’ਚ ਦਿਖਾਈ ਜਾ ਰਹੀ ਇਸ ਫਿਲਮ ਦੇ ਪੋਸਟਰ ਦੀ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ। ਇਸ ਦੇ ਜਵਾਬ ’ਚ ਅਦਾਕਾਰ ਨੇ ਲਿਖਿਆ, ‘‘ਫਿਲਮ ‘ਜਵਾਨ’ ਨੂੰ ਜਪਾਨ ’ਚ ਮਿਲ ਰਹੇ ਪਿਆਰ ਬਾਰੇ ਪੜ੍ਹ ਰਿਹਾ ਹਾਂ। ਤੁਹਾਡਾ ਸਭ ਦਾ ਧੰਨਵਾਦ ਅਤੇ ਉਮੀਦ ਹੈ ਕਿ ਤੁਸੀਂ ਆਪਣੇ ਮੁਲਕ ’ਚ ਇਸ ਫ਼ਿਲਮ ਦਾ ਆਨੰਦ ਮਾਣ ਰਹੇ ਹੋਵੇਗੇ।’’ ਸ਼ਾਹਰੁਖ ਖ਼ਾਨ ਨੇ ਪੋਸਟ ’ਚ ਲਿਖਿਆ, ‘‘ਅਸੀਂ ਭਾਰਤ ਵਿੱਚ ਦੁਨੀਆ ਲਈ ਇਹ (ਫ਼ਿਲਮ) ਬਣਾਈ.... ਅਤੇ ਸਾਨੂੰ ਖ਼ੁਸ਼ੀ ਹੈ ਕਿ ਪੂਰੀ ਦੁਨੀਆ ’ਚ ਇਸ ਦਾ ਆਨੰਦ ਮਾਣਿਆ ਜਾ ਰਿਹਾ ਹੈ। ਜਪਾਨ ’ਚ ਇਹ ਫ਼ਿਲਮ ਦੇਖਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ।’’ ਦੱਸਣਯੋਗ ਹੈ ਕਿ ਫ਼ਿਲਮ ‘ਜਵਾਨ’ ਵਿੱਚ ਸ਼ਾਹਰੁਖ ਖ਼ਾਨ ਨਾਲ ਨਯਨਤਾਰਾ, ਵਿਜੈ ਸੇਤੂਪਤੀ, ਦੀਪਿਕਾ ਪਾਦੂਕੋਨ ਤੇ ਸੰਜੈ ਦੱਤ ਨੇ ਕੰਮ ਕੀਤਾ ਹੈ। -ਪੀਟੀਆਈ