‘ਵਨਵਾਸ’ ਮੇਰੇ ਦਿਲ ਦੇ ਬੇਹੱਦ ਕਰੀਬ: ਨਾਨਾ ਪਾਟੇਕਰ
ਮੁੰਬਈ:
ਫਿਲਮਕਾਰ ਅਨਿਲ ਸ਼ਰਮਾ ਨੇ ਸੋਮਵਾਰ ਨੂੰ ਆਪਣੀ ਅਗਲੀ ਫਿਲਮ ‘ਵਨਵਾਸ’ ਦਾ ਟਰੇਲਰ ਜਾਰੀ ਕੀਤਾ। ਇਸ ਫਿਲਮ ਦੇ ਅਦਾਕਾਰ ਨਾਨਾ ਪਾਟੇਕਰ ਨੇ ਕਿਹਾ ਕਿ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਕਰੀਬ ਹੈ। ਅਦਾਕਾਰ ਨੇ ਕਿਹਾ ਕਿ ‘ਵਨਵਾਸ’ ਸਿਰਫ਼ ਇੱਕ ਕਹਾਣੀ ਨਹੀਂ ਹੈ ਬਲਕਿ ਇਹ ਅੰਦਰ ਤਕ ਜੁੜੀ ਹੋਈ ਹੈ। ਉਸ ਨੇ ਕਿਹਾ ਕਿ ਇਹ ਫਿਲਮ ਉਸ ਦੀ ਆਤਮਾ ਦੀ ਆਵਾਜ਼ ਹੈ। ਉਸ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਦਰਸ਼ਕ ਇਸ ਨੂੰ ਖੁ਼ਦ ਨਾਲ ਜੋੜਨਗੇ। ‘ਵਨਵਾਸ’ ਅਜਿਹੀ ਭਾਵਨਾਤਮਕ ਕਹਾਣੀ ਹੈ ਜੋ ਮਨੁੱਖੀ ਸਬੰਧਾਂ ਨਾਲ ਜੁੜੀਆਂ ਉਲਝਣਾਂ ਦੀ ਗਹਿਰਾਈ ਦੀ ਗੱਲ ਕਰਦੀ ਹੈ। ਇਸ ਫਿਲਮ ਵਿੱਚ ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਵੀ ਨਜ਼ਰ ਆਉਣਗੇ। ਇਹ ਟਰੇਲਰ ਕਰੀਬ ਤਿੰਨ ਮਿੰਟਾਂ ਦਾ ਹੈ। ਨਿਰਦੇਸ਼ਕ ਅਨਿਲ ਇਸ ਤੋਂ ਪਹਿਲਾਂ ‘ਅਪਨੇ’, ‘ਗ਼ਦਰ: ਏਕ ਪ੍ਰੇਮ ਕਥਾ’ ਅਤੇ ‘ਗਦਰ 2’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਪ੍ਰੇਮ, ਤਿਆਗ ਅਤੇ ਪਰਿਵਾਰ ਦੇ ਅਸਲ ਭਾਵ ਦੁਆਲੇ ਘੁੰਮਦੀ ਹੈ। ਇਸ ਫਿਲਮ ਵਿੱਚ ਨਾਨਾ, ਉਤਕਰਸ਼, ਸਿਮਰਤ, ਰਾਜਪਾਲ ਯਾਦਵ ਅਤੇ ਹੋਰ ਕਲਾਕਾਰਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਅਨਿਲ ਨੇ ਕਿਹਾ ਕਿ ਇਹ ਫਿਲਮ ਇਸ ਸਾਲ 20 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਫਿਲਮਕਾਰ ਨੇ ਪਿਛਲੇ ਮਹੀਨੇ ਇੱਕ ਗੀਤ ‘ਬੰਧਨ’ ਸਾਂਝਾ ਕੀਤਾ ਸੀ। ਇਸ ਵਿੱਚ ਉਤਕਰਸ਼ ਅਤੇ ਸਿਮਰਤ ਜਿੱਥੇ ਨਵੇਂ ਜ਼ਮਾਨੇ ਦੀ ਗੱਲ ਕਰਦੇ ਹਨ, ਉੱਥੇ ਹੀ ਨਾਨਾ ਪਾਟੇਕਰ ਪੁਰਾਣੇ ਸਮੇਂ ਦੀ ਝਲਕ ਪੇਸ਼ ਕਰਨਗੇ। -ਆਈਏਐੱਨਐੱਸ