ਸ਼ਾਹਰੁਖ ਖਾਨ ਵੱਲੋਂ ਨਵੇਂ ਬਣੇ ਮਾਪਿਆਂ ਦੀਪਿਕਾ ਅਤੇ ਰਣਵੀਰ ਨਾਲ ਮੁਲਾਕਾਤ
ਮੁੰਬਈ:
ਬੌਲੀਵੁਡ ਦੇ ਕਿੰਗ ਸ਼ਾਹਰੁਖ ਖਾਨ ਨੇ ਨਵੇਂ ਬਣੇ ਮਾਪੇ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਨਾਲ ਮੁੰਬਈ ਦੇ ਸਰ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਜਾ ਕੇ ਮੁਲਾਕਾਤ ਕੀਤੀ ਤੇ ਧੀ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਇਸ ਸਬੰਧੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਇਸ ਹਸਪਤਾਲ ਵਿਚ ਸ਼ਾਹਰੁਖ ਖਾਨ ਦੀ ਕਾਰ ਦਾਖਲ ਹੁੰਦੀ ਅਤੇ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਨੇ 8 ਸਤੰਬਰ ਨੂੰ ਧੀ ਨੂੰ ਜਨਮ ਦਿੱਤਾ ਸੀ। ਬੱਚੀ ਦੇ ਜਨਮ ਲੈਣ ਤੋਂ ਬਾਅਦ ਬੌਲੀਵੁਡ ਦੀਆਂ ਉੱਘੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਬੌਲੀਵੁਡ ਜੋੜੇ ਨੂੰ ਵਧਾਈਆਂ ਦਿੱਤੀਆਂ ਸਨ। ਬੱਚੀ ਦੇ ਜਨਮ ਲੈਣ ਤੋਂ ਇਕ ਦਿਨ ਪਹਿਲਾਂ ਦੀਪਕਾ ਤੇ ਰਣਵੀਰ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਸਿੱਧੀਵਿਨਾਇਕ ਮੰਦਰ ਗਏ ਸਨ। ਰਣਵੀਰ ਤੇ ਦੀਪਿਕਾ ਨੇ 14 ਨਵੰਬਰ, 2018 ਨੂੰ ਇਟਲੀ ਦੀ ਲੇਕ ਕੋਮੋ ਵਿਚ ਵਿਆਹ ਕਰਵਾਇਆ ਸੀ। ਇਹ ਦੋਵੇਂ ਸਭ ਤੋਂ ਪਹਿਲਾਂ ਸੰਜੈ ਲੀਲਾ ਭੰਸਾਲੀ ਦੀ ਰੋਮਾਂਟਿਕ ਡਰਾਮਾ ਫਿਲਮ ‘ਗੋਲਿਓਂ ਕੀ ਰਾਸਲੀਲਾ ਰਾਮਲੀਲਾ’ ਦੇ ਸੈੱਟ ’ਤੇ ਮਿਲੇ ਸਨ ਅਤੇ ਬਾਅਦ ਵਿੱਚ ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤ’ ਵਿੱਚ ਵੀ ਕੰਮ ਕੀਤਾ ਸੀ। ਕੰਮ ਦੇ ਮੋਰਚੇ ’ਤੇ ਦੀਪਿਕਾ ਅਗਲੀ ਵਾਰ ‘ਸਿੰਘਮ ਅਗੇਨ’ ਵਿੱਚ ਨਜ਼ਰ ਆਵੇਗੀ, ਜੋ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ। -ਏਐੱਨਆਈ