ਸ਼ਾਹ ਵੱਲੋਂ ਅੰਬੇਡਕਰ ਦਾ ਜਿ਼ਕਰ
ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮੌਕੇ ਸੰਸਦ ਵਿੱਚ ਬਹਿਸ ਚੱਲ ਰਹੀ ਹੈ ਤਾਂ ਇਸ ਦੌਰਾਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਸੰਵਿਧਾਨ ਦੇ ਰਚਣਹਾਰ ਡਾ. ਬੀਆਰ ਅੰਬੇਡਕਰ ਦਾ ਜ਼ਿਕਰ ਆਉਣ ਦੀ ਤਵੱਕੋ ਕੀਤੀ ਹੀ ਜਾ ਰਹੀ ਸੀ ਪਰ ਉਸ ਢੰਗ ਨਾਲ ਬਿਲਕੁਲ ਵੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਜਿਵੇਂ ਮੰਗਲਵਾਰ ਨੂੰ ਰਾਜ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਹੈ। ਸ੍ਰੀ ਸ਼ਾਹ ਨੂੰ ਬਿਲਕੁਲ ਹੱਕ ਹੈ ਕਿ ਆਜ਼ਾਦੀ ਤੋਂ ਬਾਅਦ ਉਹ ਡਾ. ਅੰਬੇਡਕਰ ਪ੍ਰਤੀ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਰਵੱਈਏ ਦੀ ਮਿਸਾਲ ਦੇ ਕੇ ਇਸ ਦੀ ਨੁਕਤਾਚੀਨੀ ਕਰਦੇ ਪਰ ਅਜਿਹਾ ਕਰਦੇ ਕਰਦੇ, ਉਹ ਖ਼ੁਦ ਡਾ. ਅੰਬੇਡਕਰ ਦੇ ਨਾਂ ਅਤੇ ਅਕਸ ਨੂੰ ਪੇਤਲਾ ਪਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ‘ਅੰਬੇਡਕਰ, ਅੰਬੇਡਕਰ... ਕਰਨ ਦਾ ਫ਼ੈਸ਼ਨ ਹੋ ਗਿਆ ਹੈ ਅਤੇ ਜੇ ਐਨੀ ਵਾਰ ਭਗਵਾਨ ਦਾ ਨਾਂ ਲੈਂਦੇ ਤਾਂ ਉਨ੍ਹਾਂ ਨੂੰ ਸੱਤ ਜਨਮਾਂ ਤੱਕ ਸਵਰਗ ਮਿਲ ਜਾਣਾ ਸੀ।’
ਸਾਡੇ ਦੇਸ਼ ਅੰਦਰ ਅੰਬੇਡਕਰ ਦਾ ਨਾਂ ਲੈਣਾ ਕਦੇ ਵੀ ਫ਼ੈਸ਼ਨ ਨਹੀਂ ਰਿਹਾ ਕਿਉਂਕਿ ਬਾਬਾ ਸਾਹਿਬ ਵਰਗੇ ਚਿੰਤਨਸ਼ੀਲ ਕ੍ਰਾਂਤੀਕਾਰੀ ਦਾ ਨਾਂ ਹਮੇਸ਼ਾ ਸਾਹਸ ਅਤੇ ਚੁਣੌਤੀ ਦਾ ਲਖਾਇਕ ਰਿਹਾ ਹੈ। ਉੱਚ ਵਿਦਿਆ ਹਾਸਿਲ ਕਰ ਕੇ ਕਰੀਅਰ ਦੀਆਂ ਬੁਲੰਦੀਆਂ ’ਤੇ ਪਹੁੰਚਣ ਵਾਲੇ ਕਈ ਹੋਰ ਵੀ ਦਲਿਤ ਰਹੇ ਸਨ ਪਰ ਡਾ. ਅੰਬੇਡਕਰ ਨੇ ਆਪਣੇ ਜੀਵਨ ਦੀ ਸਾਰੀ ਪੂੰਜੀ ਸੰਜੋਅ ਕੇ ਜਾਤੀਵਾਦੀ ਫਾਹੀਆਂ ਨੂੰ ਤੋੜਨ ਅਤੇ ਦੱਬੇ-ਕੁਚਲੇ ਤੇ ਮਹਿਰੂਮ ਤਬਕਿਆਂ ਦੇ ਲੋਕਾਂ ਨੂੰ ਬਣਦਾ ਸਨਮਾਨਜਨਕ ਸਥਾਨ ਦਿਵਾਉਣ ਦੀ ਲੜਾਈ ਲੜੀ ਸੀ। ਇਸ ਲਿਹਾਜ਼ ਤੋਂ ਉਹ ਨਾ ਕੇਵਲ ਦੇਸ਼ ਦੇ ਦਲਿਤਾਂ ਦੇ ਮਸੀਹਾ ਸਨ, ਸਗੋਂ ਭਾਰਤੀ ਲੋਕਰਾਜ ਨੂੰ ‘ਮਾਨਵੀ ਚਿਹਰਾ’ ਬਖਸ਼ਣ ਵਾਲੇ ਉਸਰੱਈਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਵੱਡੀਆਂ ਹਸਤੀਆਂ ਅੱਗੇ ਨਤਮਸਤਕ ਹੁੰਦੇ ਨੇ ਅਤੇ ਉਨ੍ਹਾਂ ਦਾ ਮਹਿਮਾ ਗਾਇਨ ਕਰਦੇ ਨਜ਼ਰ ਆਉਂਦੇ ਹਨ। ਹਾਲਾਂਕਿ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਡਾ. ਅੰਬੇਡਕਰ ਵਰਗੇ ਚਿੰਤਕਾਂ ਅਤੇ ਸੰਗਰਾਮੀਆਂ ਦਾ ਫਿੱਟ ਬੈਠਣਾ ਮੁਸ਼ਕਿਲ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਲਗਾਤਾਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਦੱਬੇ-ਕੁਚਲੇ ਅਤੇ ਸ਼ੋਸ਼ਿਤ ਵਰਗਾਂ ਦੇ ਸਰੋਕਾਰਾਂ ਦੀ ਰਾਖੀ ਕਰਨ ਲਈ ਵਚਨਬੱਧ ਹਨ। ਉਂਝ, ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਭਾਜਪਾ ਦੀ ਸਿਆਸੀ ਅਤੇ ਸਮਾਜਿਕ ਵਿਚਾਰਧਾਰਾ ਉੱਚ ਜਾਤੀਆਂ ਦੇ ਦਬਦਬੇ ਨੂੰ ਪ੍ਰਣਾਈ ਹੋਈ ਹੈ ਅਤੇ ਇਸ ਮਾਮਲੇ ਵਿੱਚ ਆਰਐੱਸਐੱਸ ਵੱਲੋਂ ਸਮੇਂ-ਸਮੇਂ ’ਤੇ ਆਪਣੀ ਉੱਚ ਜਾਤੀ ਸਮਝ ਅਤੇ ਪਹੁੰਚ ਨੂੰ ਸਾਹਮਣੇ ਲਿਆਂਦਾ ਜਾਂਦਾ ਰਿਹਾ ਹੈ। ਸ਼ਾਇਦ ਇਸੇ ਕਰਕੇ ਪ੍ਰਧਾਨ ਮੰਤਰੀ ਨੇ ਕਈ ਟਵੀਟ ਕਰ ਕੇ ਸ਼ਾਹ ਦੇ ਭਾਸ਼ਣ ਦੀ ਪ੍ਰੋੜਤਾ ਕੀਤੀ ਹੈ ਅਤੇ ਕਾਂਗਰਸ ਉੱਪਰ ਨਿਸ਼ਾਨਾ ਸੇਧਿਆ ਹੈ।
ਕਾਂਗਰਸ ਅਤੇ ਵਿਰੋਧੀ ਧਿਰ ਦੀਆਂ ਹੋਰਨਾਂ ਪਾਰਟੀਆਂ ਨੇ ਬਾਬਾ ਸਾਹਿਬ ਬਾਰੇ ਅਮਿਤ ਸ਼ਾਹ ਦੀਆਂ ਟਿੱਪਣੀਆਂ ਦਾ ਨੋਟਿਸ ਲੈਂਦਿਆਂ ਇਸ ’ਤੇ ਸਖ਼ਤ ਪ੍ਰਤੀਕਰਮ ਦਿਖਾਇਆ ਹੈ ਅਤੇ ਮੰਗ ਕੀਤੀ ਹੈ ਕਿ ਉਹ ਦੇਸ਼ ਕੋਲੋਂ ਮੁਆਫ਼ੀ ਮੰਗਣ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪਾਰਲੀਮੈਂਟ ਵਿੱਚ ਗੌਤਮ ਅਡਾਨੀ, ਜਗਦੀਪ ਧਨਖੜ ਜਿਹੇ ਮੁੱਦਿਆਂ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਪਹਿਲਾਂ ਹੀ ਠਣੀ ਹੋਈ ਹੈ ਅਤੇ ਹੁਣ ਇਸ ਫਹਿਰਿਸਤ ਵਿੱਚ ਡਾ. ਅੰਬੇਡਕਰ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ।