ਜਿਊਣ ਰੁੱਖਾਂ ਦੀਆਂ ਛਾਵਾਂ...
ਗੁਰਬਿੰਦਰ ਸਿੰਘ ਮਾਣਕ
ਧਰਤੀ ਨੂੰ ਰਹਿਣਯੋਗ ਬਣਾਈ ਰੱਖਣ ਲਈ ਅਤੇ ਵਾਤਾਵਰਨ ਦੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਰੁੱਖਾਂ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸਲ ਅਰਥਾਂ ਵਿੱਚ ਰੁੱਖ ਤਾਂ ਧਰਤੀ ਦਾ ਸ਼ਿੰਗਾਰ ਹੁੰਦੇ ਹਨ। ਜਿਵੇਂ ਕੋਈ ਰੂਪਵਤੀ ਮੁਟਿਆਰ ਆਪਣੇ ਹੁਸਨ ਨੂੰ ਚਾਰ-ਚੰਨ ਲਾਉਣ ਲਈ ਗਹਿਣਿਆਂ ਸਮੇਤ ਕਈ ਤਰ੍ਹਾਂ ਦੇ ਸ਼ਿੰਗਾਰ ਕਰਕੇ ਆਪਣੇ ਹੁਸਨ ਦਾ ਜਲਵਾ ਬਿਖੇਰਦੀ ਹੈ, ਉਸੇ ਤਰ੍ਹਾਂ ਹੀ ਧਰਤੀ ਉੱਤੇ ਠੰਢੀਆਂ ਮਿੱਠੀਆਂ ਛਾਵਾਂ ਦਿੰਦੇ ਸੰਘਣੇ ਰੁੱਖ, ਫ਼ਲਾਂ ਨਾਲ ਲੱਦੇ ਆਪਣੀ ਖ਼ੂਬਸੂਰਤੀ ਦਾ ਪ੍ਰਗਟਾਵਾ ਕਰਦੇ ਰੁੱਖ, ਰੰਗ ਬਿਰੰਗੇ ਫੁੱਲਾਂ ਨਾਲ ਲੱਦੇ ਖ਼ੂਬਸੂਰਤੀ ਤੇ ਤਾਜ਼ਗੀ ਬਖ਼ਸ਼ਦੇ ਅਨੇਕਾਂ ਪ੍ਰਕਾਰ ਦੇ ਰੁੱਖ ਬੂਟੇ ਧਰਤੀ ਦਾ ਸ਼ਿੰਗਾਰ ਹੀ ਤਾਂ ਹਨ।
ਰੁੱਖਾਂ ਤੋਂ ਸੱਖਣੀ ਧਰਤੀ ਦਾ ਕਿਆਸ ਕਰਕੇ ਦੇਖੋ। ਦੂਰ ਤੱਕ ਵੀਰਾਨੀ ਪਸਰੀ ਨਜ਼ਰ ਆਉਂਦੀ ਹੈ। ਜੇ ਘਰ ਦੇ ਵਿਹੜੇ ਵਿੱਚ ਕੋਈ ਰੁੱਖ ਹੋਵੇ ਤਾਂ ਠੰਢੀ ਮਿੱਠੀ ਛਾਂ ਤਾਂ ਮਿਲਦੀ ਹੀ ਹੈ, ਰੁੱਖਾਂ ਉੱਤੇ ਚਹਿ-ਚਹਾਉਂਦੇ ਰੰਗ-ਬਿਰੰਗੇ ਪੰਛੀ ਵੀ ਮਨ ਮੋਹ ਲੈਂਦੇ ਹਨ। ਸੰਘਣੇ ਰੁੱਖਾਂ ਦੀ ਅਣਹੋਂਦ ਕਾਰਨ ਹੁਣ ਕੋਇਲ ਦੀ ਮਿੱਠੀ ਆਵਾਜ਼ ਵੀ ਕਦੇ ਘੱਟ ਵੱਧ ਹੀ ਸੁਣਾਈ ਦਿੰਦੀ ਹੈ। ਚਿੜੀਆਂ ਵਿਚਾਰੀਆਂ ਤਾਂ ਸ਼ਾਇਦ ਸਾਡੇ ਨਾਲ ਰੁੱਸ ਕੇ ਚਿਰਾਂ ਦੀਆਂ ਕਿਤੇ ਦੂਰ ਉਡਾਰੀ ਮਾਰ ਗਈਆਂ ਹਨ। ਕਿਹੋ ਜਿਹੀ ਮਾਨਸਿਕਤਾ ਵਾਲਾ ਹੋ ਗਿਆ ਹੈ ਅਜੋਕਾ ਇਨਸਾਨ ਕਿ ਉਹ ਕੁਦਰਤ ਦੇ ਨੇਮਾਂ ਦੀ ਖਿਲਾਫ਼ਵਰਜ਼ੀ ਕਰਨ ਤੋਂ ਰਤਾ ਨਹੀਂ ਘਬਰਾਉਂਦਾ।
ਸਦੀਆ ਤੋਂ ਮਨੁੱਖ ਰੁੱਖਾਂ ਦੇ ਅੰਗ ਸੰਗ ਜੀਵਨ ਬਸਰ ਕਰਦਾ ਆ ਰਿਹਾ ਹੈ। ਧਰਤੀ ਦੇ ਅਦਿਕਾਲੀ ਬਸ਼ਿੰਦਿਆਂ ਦਾ ਜੀਵਨ ਤਾਂ ਸਦੀਆਂ ਤੱਕ ਦਰਿਆਵਾਂ ਦੇ ਕੰਢਿਆਂ ’ਤੇ ਸੰਘਣੇ ਜੰਗਲਾਂ ਵਿੱਚ ਬੀਤਿਆ। ਜੰਗਲੀ ਫੁੱਲ, ਫ਼ਲ, ਪੱਤੇ ਤੇ ਹੋਰ ਜੜ੍ਹੀਆਂ ਬੂਟੀਆਂ ਅਤੇ ਜੰਗਲੀ ਜਾਨਵਰ ਹੀ ਉਸ ਦੀ ਖੁਰਾਕ ਦਾ ਹਿੱਸਾ ਬਣਦੇ ਰਹੇ। ਇੰਜ ਕੁਦਰਤ ਦੀ ਆਗੋਸ਼ ਵਿੱਚ ਵਿਚਰਦਾ ਮਨੁੱਖ ਕੁਦਰਤ ਤੋਂ ਭੈਅ ਖਾਂਦਾ ਸੀ। ਵਿਕਾਸ ਦੀਆਂ ਪੌੜੀਆਂ ਚੜ੍ਹਨ ਦੀ ਦੌੜ ਵਿੱਚ ਮਨੁੱਖ ਇਸ ਕਦਰ ਬੇਪਰਵਾਹ ਹੋ ਗਿਆ ਹੈ ਕਿ ਉਸ ਨੇ ਕੁਦਰਤੀ ਨੇਮਾਂ ਨੂੰ ਅੰਨ੍ਹੇਵਾਹ ਉਲੰਘ ਕੇ ਆਪਣੇ ਜੀਵਨ ਲਈ ਅਨੇਕਾਂ ਅਲਾਮਤਾਂ ਸਹੇੜ ਲਈਆਂ ਹਨ। ਰੁੱਖਾਂ ਪ੍ਰਤੀ ਮਨੁੱਖ ਦੀ ਉਦਾਸੀਨਤਾ ਵੀ ਅਜਿਹੀ ਸੋਚ ਦਾ ਹੀ ਨਤੀਜਾ ਹੈ। ਹਾਲਾਂਕਿ ਰੁੱਖ ਤਾਂ ਮਨੁੱਖ ਦੇ ਜਨਮ ਤੋਂ ਲੈ ਕੇ ਆਖਰੀ ਸਾਹਾਂ ਤੱਕ ਉਸ ਦਾ ਸਾਥ ਨਿਭਾਉਂਦੇ ਰਹੇ ਹਨ। ਖੇਤੀਬਾੜੀ ਦੇ ਸੰਦ, ਘਰ ਬਣਾਉਣ, ਬੱਚਿਆਂ ਲਈ ਖਿਡਾਉਣੇ, ਬਾਲਣ, ਘਰ ਦੀ ਲੋੜ ਲਈ ਅਨੇਕਾਂ ਚੀਜ਼ਾਂ ਤੇ ਵਸਤਾਂ ਬਣਾਉਣ ਅਤੇ ਆਖਰੀ ਸਮੇਂ ਭਾਵ ਮੌਤ ਤੋਂ ਬਾਅਦ ਵੀ ਰੁੱਖ ਹੀ ਹਨ ਜਿਹੜੇ ਮਨੁੱਖ ਦੇ ਸੱਚੇ ਸਾਥੀ ਕਹੇ ਜਾ ਸਕਦੇ ਹਨ।
ਧਰਤੀ ਦੇ ਕਿਸੇ ਵੀ ਟੁਕੜੇ ’ਤੇ ਕੁਦਰਤੀ ਵਾਤਾਵਰਨ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਘੱਟੋ-ਘੱਟ ਤੀਜੇ ਹਿੱਸੇ ਉੱਤੇ ਜੰਗਲਾਂ ਦਾ ਹੋਣਾ ਲਾਜ਼ਮੀ ਹੈ। ਭਾਰਤ ਵਿੱਚ ਜੰਗਲਾਂ ਦੀ ਇਹ ਸਥਿਤੀ ਕੁੱਲ ਖੇਤਰਫਲ ਦੇ ਕੇਵਲ 24% ਰਕਬੇ ਤੋਂ ਵੀ ਘੱਟ ਹੈ। ਅੰਕੜਿਆਂ ਦੀ ਇਹ ਸਥਿਤੀ ਵੀ ਵਿਸ਼ਵਾਸਯੋਗ ਨਹੀਂ ਕਹੀ ਜਾ ਸਕਦੀ। ਪਿਛਲੇ ਕੁਝ ਸਾਲਾਂ ਵਿੱਚ ਜਿਹੜੇ ਖੇਤਰਾਂ ਵਿੱਚ ਕੁਦਰਤੀ ਜੰਗਲ ਸਨ, ਉਨ੍ਹਾਂ ਉੱਤੇ ਏਨੀ ਬੇਰਹਿਮੀ ਨਾਲ ਕੁਹਾੜਾ ਚਲਾਇਆ ਗਿਆ ਹੈ ਕਿ ਵਾਤਾਵਰਨ ਦਾ ਸੰਤੁਲਨ ਤਾਂ ਵਿਗੜਨਾ ਹੀ ਸੀ, ਉੱਥੇ ਸਦੀਆਂ ਤੋਂ ਵਸਦੇ ਲੋਕ ਜਿਨ੍ਹਾਂ ਲਈ ਜ਼ਮੀਨ ਤੇ ਜੰਗਲ ਹੀ ਸਭ ਕੁੱਝ ਸੀ, ਵੀ ਕੁਰਲਾ ਉੱਠੇ ਹਨ। ਸੜਕਾਂ, ਮਕਾਨਾਂ, ਉਦਯੋਗਿਕ ਕੇਂਦਰਾਂ ਅਤੇ ਦਿਉ-ਕੱਦ ਮਾਲ’ਜ਼ ਦੀ ਉਸਾਰੀ ਲਈ ਬਿਨਾਂ ਕਿਸੇ ਨੀਤੀ ਅਤੇ ਯੋਜਨਾ ਦੇ ਰੁੱਖਾਂ ਬੂਟਿਆਂ ਨੂੰ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਵਿਕਾਸ ਦੇ ਨਾਂ ਉੱਤੇ ਵਿਨਾਸ਼ ਦੀ ਇਹ ਲੀਲ੍ਹਾ ਨਿਰੰਤਰ ਜਾਰੀ ਹੈ।
ਪੰਜਾਬ ਵਿੱਚ ਸੜਕਾਂ ਨੂੰ ਚਾਰ-ਮਾਰਗੀ ਬਣਾਉਣ ਲਈ ਕਈ ਸੜਕਾਂ ਉਤੋਂ ਪੰਜਾਹ ਪੰਜਾਹ ਸਾਲ ਪੁਰਾਣੇ ਰੁੱਖਾਂ ਦਾ ਵੀ ਸਫਾਇਆ ਕਰ ਦਿੱਤਾ ਗਿਆ ਹੈ। ਬਦਲ ਰਹੇ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਹੋਣਾ ਜ਼ਰੂਰੀ ਹੈ, ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਇਹ ਵਿਕਾਸ ਯੋਜਨਾਵੱਧ ਤਰੀਕੇ ਨਾਲ ਹੋਣਾ ਚਾਹੀਦਾ ਹੈ। ਜੇ ਰੁੱਖਾਂ ਦੀ ਕਟਾਈ ਬਿਨਾਂ ਨਾ ਹੀ ਸਰਦਾ ਹੋਵੇ, ਫਿਰ ਹੀ ਉਨ੍ਹਾਂ ਨੂੰ ਕੱਟਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਸੇ ਮਾਤਰਾ ਵਿੱਚ ਨਵੇਂ ਰੁੱਖ ਲਗਾ ਕੇ ਇਸ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਰੁੱਖਾਂ ਦੀ ਲਗਾਤਾਰ ਬਰਬਾਦੀ ਦੇ ਸਿੱਟੇ ਵਜੋਂ ਧਰਤੀ ਰੁੰਡ-ਮਰੁੰਡ ਹੁੁੰਦੀ ਜਾ ਰਹੀ ਹੈ ਤੇ ਭੋਂ-ਖੋਰ ਦੇ ਸਿੱਟੇ ਵਜੋਂ ਉਪਜਾਊ ਭੂਮੀ ਬੰਜਰ ਬਣਦੀ ਜਾ ਰਹੀ ਹੈ। ਮਨੁੱਖ ਦੇ ਜਿਉਣ ਲਈ ਸਭ ਤੋਂ ਵੱਡੀ ਲੋੜ ਹਵਾ ਦੀ ਹੈ। ਰੁੱਖ ਸਾਨੂੰ ਸ਼ੁੱਧ ਤੇ ਤਾਜ਼ੀ ਆਕਸੀਜਨ ਦਿੰਦੇ ਹਨ, ਜੋ ਮਨੁੱਖ ਲਈ ਜੀਵਨਦਾਨ ਹੈ। ਕਾਰਖਾਨਿਆਂ ਦਾ ਕਾਲਾ ਸੰਘਣਾ ਧੂੰਆਂ, ਫ਼ਸਲਾਂ ਲਈ ਵਰਤੀਆਂ ਜਾਂਦੀਆਂ ਕੀਟਨਾਸ਼ਕ ਜ਼ਹਿਰਾਂ ਤੇ ਵਾਹਨਾਂ ਦੁਆਰਾ ਪੈਦਾ ਹੋ ਰਹੇ ਪ੍ਰਦੂਸ਼ਣ ਨੇ ਮਨੁੱਖ ਦੇ ਸਾਹ ਲੈਣ ਵਾਲੀ ਹਵਾ ਨੂੰ ਪਲੀਤ ਕਰ ਦਿੱਤਾ ਹੈ। ਰੁੱਖ ਪ੍ਰਦੂਸ਼ਿਤ ਹਵਾ ਨੂੰ ਸ਼ੁੱਧ ਕਰਨ ਵਿੱਚ ਸਭ ਤੋਂ ਵੱਡੇ ਮਦਦਗਾਰ ਹਨ। ਨਤੀਜੇ ਵਜੋਂ ਵਾਤਾਵਰਨ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਗਏ ਹਨ। ਜਿਸ ਦੇ ਪ੍ਰਭਾਵ ਸਦਕਾ ਮਨੁੱਖੀ ਜੀਵਨ ਨੂੰ ਕਈ ਤਰ੍ਹਾਂ ਦੇ ਸੰਕਟਾਂ ਨਾਲ ਜੂਝਣਾ ਪੈ ਰਿਹਾ ਹੈ।
ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਦਾ ਅਨੁਮਾਨ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਕਲਕੱਤਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਖੋਜਾਂ ਰਾਹੀਂ ਇਹ ਸਿੱਟਾ ਕੱਢਿਆ ਹੈ ਕਿ ਜੇ ਇੱਕ ਰੁੱਖ ਦੀ ਉਮਰ ਨੂੰ ਪੰਜਾਹ ਸਾਲ ਮੰਨਿਆ ਜਾਵੇ ਤਾਂ ਉਹ ਆਪਣੇ ਜੀਵਨ ਵਿੱਚ ਮਨੁੱਖ ਨੂੰ 15 ਲੱਖ 70 ਹਜ਼ਾਰ ਦਾ ਲਾਭ ਦਿੰਦਾ ਹੈ। ਇਸ ਵਿੱਚ ਆਕਸੀਜਨ, ਪ੍ਰਦੂਸ਼ਣ ਨੂੰ ਦੂਰ ਕਰਨ ਵਿੱਚ ਸਹਾਇਤਾ, ਵਰਖਾ ਲਿਆਉਣ ਵਿੱਚ ਸਹਾਈ ਹੋਣਾ, ਲੱਕੜੀ ਦੇਣਾ, ਜ਼ਮੀਨ ਦੇ ਖੋਰ ਨੂੰ ਰੋਕਣਾ, ਪੰਛੀਆਂ ਲਈ ਰੈਣ-ਬਸੇਰੇ ਦਾ ਕੰਮ ਕਰਨਾ ਤੇ ਠੰਢੀ ਮਿੱਠੀ ਛਾਂ ਦੇਣਾ ਆਦਿ ਸ਼ਾਮਲ ਹਨ। ਪੰਜਾਬ ਤਾਂ ਪਹਿਲਾਂ ਹੀ ਵਣ-ਰਹਿਤ ਪ੍ਰਦੇਸ਼ ਹੈ। ਇੱਥੇ ਕੁੱਲ ਖੇਤਰਫਲ ਦਾ ਕੇਵਲ 5% ਤੋਂ ਘੱਟ ਖੇਤਰ ਹੀ ਰੁੱਖਾਂ ਹੇਠ ਹੈ।
ਸਾਡੇ ਸਾਹਿਤ ਤੇ ਸੱਭਿਆਚਾਰ ਵਿੱਚ ਰੁੱਖਾਂ ਬਾਰੇ ਅਨੇਕਾਂ ਵੇਰਵੇ ਮਿਲਦੇ ਹਨ। ਜਿਸ ਤੋਂ ਇਹ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੁਰਾਣੇ ਪੰਜਾਬ ਦੇ ਲੋਕ ਰੁੱਖਾਂ ਨਾਲ ਕਿੰਨਾ ਪਿਆਰ ਕਰਦੇ ਸਨ। ਉਨ੍ਹਾਂ ਸਮਿਆਂ ਵਿੱਚ ਪਿੱਪਲ, ਬੋਹੜ, ਅੰਬ, ਨਿੰਮ ਤੇ ਟਾਹਲੀ ਵਰਗੇ ਰੁੱਖ ਪਿੰਡਾਂ ਦੀ ਸ਼ਾਨ ਹੋਇਆ ਕਰਦੇ ਸਨ। ਰੁੱਖ ਲਾਉਣ ਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਪਿੰਡਾਂ ਵਿੱਚ ਤਾਂ ਇਹ ਰੁੱਖ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ। ਸਾਰਾ ਸਾਰਾ ਦਿਨ ਲੋਕ ਇਨ੍ਹਾਂ ਬਾਬੇ ਰੁੱਖਾਂ ਹੇਠ ਜੁੜੇ ਖ਼ੁਸ਼ੀਆਂ, ਗ਼ਮੀਆਂ, ਹਾਸਾ-ਠੱਠਾ, ਮਨਪ੍ਰਚਾਵਾ ਤੇ ਲੋਕ-ਸਿਆਣਪਾਂ ਦੇ ਟੋਟਕੇ ਸਾਂਝੇ ਕਰਦੇ ਰਹਿੰਦੇ ਸਨ। ਸੰਘਣੇ ਰੁੱਖਾਂ ਹੇਠ ਜੁੜਦੀਆਂ ਸੱਥਾਂ ਇੱਕ ਤਰ੍ਹਾਂ ਪਿੰਡ ਦੇ ਸੂਚਨਾ-ਕੇਂਦਰ ਵਜੋਂ ਵੀ ਕੰਮ ਕਰਦੀਆਂ ਸਨ। ਪਿੱਪਲ, ਬੋਹੜ, ਨਿੰਮ, ਅੰਬ ਤੇ ਟਾਹਲੀ ਜਿਹੇ ਪੁਰਾਣੇ ਰੁੱਖ ਹੁਣ ਕਿਧਰੇ ਵੀ ਦਿਖਾਈ ਨਹੀਂ ਦਿੰਦੇ। ਅਜਿਹੇ ਰੁੱਖਾਂ ਹੇਠ ਹੀ ਕਦੇ ਸੱਥਾਂ ਜੁੜਦੀਆਂ ਸਨ, ਤੀਆਂ ਦੇ ਮੇਲੇ ਲੱਗਦੇ, ਮੁਟਿਆਰਾਂ ਪੀਘਾਂ ਝੂਟਦੀਆਂ, ਗਿੱਧੇ ਦਾ ਪਿੜ ਬੱਝਦਾ, ਗੀਤਾਂ ਦੀ ਛਹਬਿਰ ਲੱਗਦੀ ਅਤੇ ਅਤਿ ਦੀਆਂ ਗਰਮੀਆਂ ਵਿੱਚ ਲੋਕ ਇਨ੍ਹਾਂ ਰੁੱਖਾਂ ਦੀ ਠੰਢੀ ਮਿੱਠੀ ਛਾਂ ਦਾ ਆਨੰਦ ਮਾਣਿਆ ਕਰਦੇ ਸਨ। ਨਵੇਂ ਰੁੱਖਾਂ ਦੇ ਮੁਕਾਬਲੇ ਪੁਰਾਣੇ ਰੁੱਖਾਂ ਨੂੰ ਖ਼ਤਮ ਕਰਨ ਵਿੱਚ ਬਹੁਤ ਵੱਡਾ ਅਸਾਵਾਂਪਣ ਪੈਦਾ ਹੋ ਗਿਆ ਹੈ। ਜਿਸ ਦੇ ਸਾਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।
ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਰੁੱਖਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਨਹੀਂ ਹੁੰਦਾ, ਉਦੋਂ ਤੱਕ ਇਸ ਗੰਭੀਰ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ। ਸਚਾਈ ਇਹ ਹੈ ਕਿ ਇਹ ਕਾਰਜ ਕਿਸੇ ਇਕੱਲੇ ਕਹਿਰੇ ਦੇ ਕਰਨ ਵਾਲਾ ਨਹੀਂ ਹੈ। ਇਸ ਸਬੰਧੀ ਪੂਰੇ ਸਮਾਜ ਨੂੰ ਸੁਚੇਤ ਪੱਧਰ ’ਤੇ ਪੂਰੀ ਸੁਹਿਰਦਤਾ ਨਾਲ ਯਤਨਸ਼ੀਲ ਹੋਣ ਦੀ ਲੋੜ ਹੈ। ਕੋਈ ਵੀ ਲਹਿਰ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਨਾਲ ਲੋਕ ਨਾ ਜੁੜਨ। ਸਰਕਾਰੀ ਪੱਧਰ ’ਤੇ ਹਰ ਸਾਲ ਵਣ ਮਹਾਉਤਸਵ ਦੀ ਰਸਮ ਪੂਰੀ ਕਰਨ ਦੀ ਪ੍ਰਿਤ ਹੈ, ਜਿਸ ਦੇ ਕੋਈ ਬਹੁਤੇ ਸਾਰਥਿਕ ਸਿੱਟੇ ਨਹੀਂ ਨਿਕਲਦੇ। ਉਨ੍ਹਾਂ ਬੂਟਿਆਂ ਵਿੱਚੋਂ ਬਹੁਤੇ ਬੂਟੇ ਸੰਭਾਲ ਨਾ ਕਰਨ ਦੇ ਸਿੱਟੇ ਵਜੋਂ ਮਰ ਮੁੱਕ ਜਾਂਦੇ ਹਨ। ਕਈ ਸਮਾਜ-ਸੇਵੀ ਸੰਸਥਾਵਾਂ ਵੀ ਇਸ ਖੇਤਰ ਵਿੱਚ ਜ਼ਿਕਰਯੋਗ ਕੰਮ ਕਰ ਰਹੀਆਂ ਹਨ।
ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣਾ ਬਹੁਤ ਵੱਡੀ ਲੋੜ ਹੈ। ਮਨੁੱਖ ਕੁਦਰਤ ਦੇ ਸਰਮਾਏ ਨੂੰ ਤਹਿਸ-ਨਹਿਸ ਕਰਨ ਦੇ ਰਾਹ ਤੁਰਿਆ ਹੋਇਆ ਹੈ ਤੇ ਆਪਣੇ ਲਈ ਹੀ ਸੰਕਟ ਖੜ੍ਹੇ ਕਰ ਰਿਹਾ ਹੈ। ਮਨੁੱਖ ਅਤੇ ਰੁੱਖ ਦਾ ਮੁੱਢ-ਕਦੀਮੀ ਰਿਸ਼ਤਾ ਹੈ। ਅਜੇ ਤੱਕ ਸਾਡੀ ਧਰਤੀ ਹੀ ਮਨੁੱਖ ਦੇ ਰਹਿਣ ਲਈ ਯੋਗ ਸਥਾਨ ਹੈ। ਇਸ ਧਰਤੀ ਨੂੰ ਮਨੁੱਖ ਵਾਸਤੇ ਜਿਉਣਯੋਗ ਬਣਾਈ ਰੱਖਣ ਲਈ ਮਨੁੱਖ ਅਤੇ ਰੁੱਖ ਦੇ ਆਪਸੀ ਰਿਸ਼ਤੇ ਨੂੰ ਹੋਰ ਪੀਡਾ ਕਰਨ ਦੀ ਲੋੜ ਹੈ। ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਰੁੱਖ ਅਤੇ ਮਨੁੱਖ ਦੇ ਸਦੀਵੀ ਸਬੰਧਾਂ ਨੂੰ ਪ੍ਰਗਟ ਕਰਦਿਆਂ ਮਾਨਵੀ ਰਿਸ਼ਤਿਆਂ ਨਾਲ ਜੋੜ ਕੇ ਇਨ੍ਹਾਂ ਦੀ ਮਹੱਤਤਾ ਦਰਸਾਈ ਹੈ:
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਊਣ ਰੁੱਖਾਂ ਦੀਆਂ ਛਾਵਾਂ।
ਸੰਪਰਕ: 98153-56086