ਜਿਨਸੀ ਸ਼ੋਸ਼ਣ: ਕੁਝ ਹੋਰ ਅਦਾਕਾਰਾਂ ਸਾਹਮਣੇ ਆਈਆਂ
ਤਿਰੂਵਨੰਤਪੁਰਮ, 26 ਅਗਸਤ
ਜਸਟਿਸ ਕੇ. ਹੇਮਾ ਕਮੇਟੀ ਰਿਪੋਰਟ ਦੇ ਖੁਲਾਸਿਆਂ ਮਗਰੋਂ ਮਲਿਆਅਮ ਫਿਲਮ ਇੰਡਸਟਰੀ ਤੇ ਸਿਆਸੀ ਗਲਿਆਰਿਆਂ ਵਿਚ ਮਚੀ ਤਰਥੱਲੀ ਦਰਮਿਆਨ ਅੱਜ ਕੁਝ ਹੋਰ ਮਹਿਲਾ ਅਦਾਕਾਰਾਂ ਨੇ ਅੱਗੇ ਆ ਕੇ ਆਪਣੇ ਪੁਰਸ਼ ਹਮਰੁਤਬਾਵਾਂ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਕੁਝ ਗਿਣਤੀ ਦੀਆਂ ਫਿਲਮਾਂ ਕਰਨ ਵਾਲੀ ਅਦਾਕਾਰਾ ਮੀਨੂ ਮੁਨੀਰ ਨੇ ਅਦਾਕਾਰ ਤੋਂ ਵਿਧਾਇਕ ਬਣੇ ਐੱਮ. ਮੁਕੇਸ਼, ਜੈਸੂਰਿਆ ਤੇ ਮਨੀਯਨਪਿੱਲਾ ਰਾਜੂ ’ਤੇ ਜਿਨਸੀ ਦੁਰਾਚਾਰ ਦੇ ਦੋਸ਼ ਲਾਏ ਹਨ। ਇਕ ਹੋਰ ਅਦਾਕਾਰਾ ਇਦਾਵੇਲਾ ਬਾਬੂ ਨੇ ਵੀ ਉੱਘੇ ਫ਼ਿਲਮਸਾਜ਼ ’ਤੇ ਦੁਰਵਿਹਾਰ ਦੇ ਦੋਸ਼ ਲਾਏ ਹਨ। ਫ਼ਿਲਮਸਾਜ਼ ’ਤੇ ਦੋਸ਼ ਲਾਉਣ ਵਾਲੀ 1990ਵਿਆਂ ਦੀ ਫ਼ਿਲਮ ਅਦਾਕਾਰਾ ਨੇ ਕੇਸ ਦੀ ਜਾਂਚ ਕਰ ਰਹੀ ਪੁਲੀਸ ਨੂੰ ਬਿਆਨ ਦੇਣ ਦੀ ਇੱਛਾ ਜਤਾਈ ਹੈ।
ਉਧਰ ਫਿਲਮਸਾਜ਼ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੀਨੂ ਮੁਨੀਰ ਨੇ ਫੇਸਬੁੱਕ ਪੋਸਟ ’ਤੇ ਕਿਹਾ, ‘‘ਮੈਂ ਮਲਿਆਲਮ ਫ਼ਿਲਮ ਇੰਡਸਟਰੀ ਵਿਚ ਮੁਕੇਸ਼, ਮਨੀਯਨ ਪਿੱਲਾ ਰਾਜੂ, ਇਦਾਵੇਲਾ ਬਾਬੂ, ਜੈਸੂਰਿਆ, ਐਡ. ਚੰਦਰਸ਼ੇਖਰਨ, ਪ੍ਰੋਡਕਸ਼ਨ ਕੰਟਰੋਲ ਨੋਬਲ ਤੇ ਵਿਚੂ ਹੱਥੋਂ ਛੇੜਛਾੜ ਤੇ ਬਦਸਲੂਕੀ ਦਾ ਸ਼ਿਕਾਰ ਬਣੀ।’’ ਇਸ ਦੌਰਾਨ ਇਕ ਜੂਨੀਅਰ ਆਰਟਿਸਟ ਨੇ ਅਦਾਕਾਰ ਬਾਬੂਰਾਜ, ਜਿਸ ਨੂੰ ਫ਼ਿਲਮਾਂ ਵਿਚ ਖ਼ਲਨਾਇਕ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ, ਉੱਤੇ ਜਿਨਸੀ ਛੇੜਛਾੜ ਦੇ ਦੋਸ਼ ਲਾਏ ਹਨ। ਬਾਬੂਰਾਜ, ਜੋ ਮਲਿਆਲਮ ਮੂਵੀ ਆਰਟਿਸਟ ਐਸੋਸੀਏਸ਼ਨ ਦੇ ਅਹੁਦੇਦਾਰ ਹਨ, ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਪਿੱਛੇ ਫ਼ਿਲਮ ਇੰਡਸਟਰੀ ਵਿਚਲੇ ਸੌੜੇ ਹਿੱਤ ਹਨ। -ਪੀਟੀਆਈ